ਲਾਲੂ ਦੀ ਹੁੰਦੀ ਸੀ ਜੇਲ੍ਹ 'ਚ ਬੰਦ ਸ਼ਹਾਬੂਦੀਨ ਨਾਲ ਗੱਲ


ਪਟਨਾ (ਨਵਾਂ ਜ਼ਮਾਨਾ ਸਰਵਿਸ)
ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਜੇਲ੍ਹ ਵਿੱਚ ਬੰਦ ਸਾਬਕਾ ਸੰਸਦ ਮੈਂਬਰ ਅਤੇ ਪਾਰਟੀ ਆਗੂ ਸ਼ਹਾਬੂਦੀਨ ਨਾਲ ਗੱਲਬਾਤ ਦਾ ਟੇਪ ਸਾਹਮਣੇ ਆਉਣ ਮਗਰੋਂ ਬਿਹਾਰ ਦੀ ਸਿਆਸਤ ਵਿਚ ਭੁਚਾਲ ਆ ਗਿਆ ਹੈ। ਇੱਕ ਨਿੱਜੀ ਚੈਨਲ ਵੱਲੋਂ ਗੱਲਬਾਤ ਦਾ ਟੇਪ ਜਾਰੀ ਕੀਤੇ ਜਾਣ ਮਗਰੋਂ ਵਿਰੋਧੀ ਧਿਰ ਦੇ ਆਗੂਆਂ ਨੇ ਨਿਤਿਸ਼ ਸਰਕਾਰ 'ਤੇ ਹਮਲੇ ਤੇਜ਼ ਕਰ ਦਿੱਤੇ ਹਨ।
ਭਾਜਪਾ ਆਗੂ ਸੁਸ਼ੀਲ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਨੇ ਸ਼ਹਾਬੂਦੀਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁੱਛਿਆ ਕਿ ਸਭ ਕੁਝ ਪਤਾ ਹੋਣ ਦੇ ਬਾਵਜੂਦ ਨਿਤੀਸ਼ ਕੁਮਾਰ ਚੁੱਪ ਕਿਉਂ ਰਹੇ।
ਟੀ ਵੀ ਰਿਪੋਰਟ ਵਿੱਚ ਦਿਖਾਇਆ ਗਿਆ ਕਿ ਸ਼ਹਾਬੂਦੀਨ ਜੇਲ੍ਹ 'ਚੋਂ ਲਾਲੂ ਪ੍ਰਸਾਦ ਯਾਦਵ ਨਾਲ ਫੋਨ 'ਤੇ ਗੱਲ ਕਰਦੇ ਹਨ ਅਤੇ ਲਾਲੂ ਨੂੰ ਸੀਵਾਨ ਦੇ ਉਸ ਵੇਲੇ ਦੇ ਐੱਸ ਪੀ ਬਾਰੇ ਕੁਝ ਕਹਿੰਦੇ ਹਨ।
ਟੇਪ ਦੇ ਸਾਹਾਮਣੇ ਆਉਣ ਮਗਰੋਂ ਬਿਹਾਰ ਵਿੱਚ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਜਨਤਾ ਦਲ ਯੂ ਦੇ ਤਰਜਮਾਨ ਨੀਰਜ ਕੁਮਾਰ ਨੇ ਕਿਹਾ ਕਿ ਬਿਹਾਰ ਵਿੱਚ ਪੂਰੀ ਤਰ੍ਹਾਂ ਕਾਨੂੰਨ ਦਾ ਰਾਜ ਹੈ। ਉਨ੍ਹਾ ਕਿਹਾ ਕਿ ਜਿਸ ਫੋਨ ਤੋਂ ਗੱਲ ਹੋਈ ਅਤੇ ਦੋਵਾਂ ਵਿਚਕਾਰ ਕੀ ਗੱਲ ਹੋਈ, ਇਸ ਬਾਰੇ ਜਾਂਚ ਕਰਵਾਈ ਜਾਵੇਗੀ।
ਸੁਸ਼ੀਲ ਮੋਦੀ ਨੇ ਕਿਹਾ ਕਿ ਟੀ ਵੀ ਚੈਨਲ ਨੇ ਲਾਲੂ ਯਾਦਵ ਦਾ ਪਰਦਾ ਫਾਸ਼ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੂੰ ਮਾਮਲੇ ਵਿੱਚ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਰਾਜਪਾਲ ਨਾਲ ਮੁਲਾਕਾਤ ਕਰਨਗੇ। ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਝੀ ਨੇ ਕਿਹਾ ਕਿ ਇਹ ਗੱਲ ਸਾਫ ਹੋ ਗਈ ਹੈ ਕਿ ਬਿਹਾਰ ਸਰਕਾਰ ਪੂਰੀ ਤਰ੍ਹਾਂ ਮਾਫੀਆ ਦੀ ਸਰਪ੍ਰਸਤੀ ਵਿੱਚ ਚੱਲ ਰਹੀ ਹੈ। ਉਨ੍ਹਾ ਕੇਂਦਰ ਸਰਕਾਰ ਤੋਂ ਮਾਮਲੇ 'ਚ ਦਖਲ-ਅੰਦਾਜ਼ੀ ਦੀ ਮੰਗ ਕੀਤੀ। ਆਰ ਜੇ ਡੀ ਦੇ ਸੀਨੀਅਰ ਆਗੂ ਜਗਦਾ ਨੰਦ ਸਿੰਘ ਨੇ ਮੰਨਿਆ ਕਿ ਲਾਲੂ ਵੱਲੋਂ ਸ਼ਹਾਬੂਦੀਨ ਨਾਲ ਗੱਲ ਕਰਨਾ ਗਲਤ ਹੈ, ਪਰ ਸ਼ਹਾਬੂਦੀਨ ਨੂੰ ਪਾਰਟੀ 'ਚੋਂ ਬਾਹਰ ਨਹੀਂ ਕੀਤਾ ਜਾਵੇਗਾ। ਕਾਂਗਰਸ ਤਰਜਮਾਨ ਨੇ ਇਸ ਮਾਮਲੇ 'ਤੇ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਪੱਤਰਕਾਰ ਰਾਜਦੇਵ ਰੰਜਨ ਦੀ ਪਤਨੀ ਆਸ਼ਾ ਰੰਜਨ ਨੇ ਨਿਤਿਸ਼ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।