ਸ਼ਰੀਫ਼ ਨੇ ਮੰਨਿਆ; ਕੂਟਨੀਤਕ ਸੀ ਸੱਜਣ ਜਿੰਦਲ ਨਾਲ ਮੁਲਾਕਾਤ


ਨਵੀਂ ਦਿੱਲੀ/ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਅਪ੍ਰੈਲ ਦੇ ਆਖਰੀ ਦਿਨਾਂ 'ਚ ਭਾਰਤੀ ਉਦਯੋਗਪਤੀ ਸੱਜਣ ਜਿੰਦਲ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਮੁਲਾਕਾਤ ਮਗਰੋਂ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਮੰਨਿਆ ਕਿ ਭਾਰਤੀ ਕਾਰੋਬਾਰੀ ਨਾਲ ਉਨ੍ਹਾਂ ਦੀ ਮੁਲਾਕਾਤ ਕੂਟਨੀਤਕ ਸੀ। ਉਨ੍ਹਾ ਕਿਹਾ ਕਿ ਸੱਜਣ ਜਿੰਦਲ ਭਾਰਤ ਦਾ ਦੂਤ ਬਣ ਕੇ ਕੂਟਨੀਤਕ ਗੱਲਬਾਤ ਕਰਨ ਲਈ ਉਨ੍ਹਾਂ ਕੋਲ ਆਏ ਸਨ ਤਾਂ ਜੋ ਗੁਆਂਢੀ ਦੇਸ਼ਾਂ ਵਿਚਕਾਰ ਫੇਰ ਤੋਂ ਗੱਲਬਾਤ ਸ਼ੁਰੂ ਕੀਤੀ ਜਾ ਸਕੇ। ਦੋਹਾਂ ਦੀ ਆਪਸੀ ਮੁਲਾਕਾਤ ਮਗਰੋਂ ਪਾਕਿਸਤਾਨ ਸਰਕਾਰ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਜਿੰਦਲ ਦੀ ਸ਼ਰੀਫ਼ ਨਾਲ ਮੁਲਾਕਾਤ ਕੂਟਨੀਤੀ ਦਾ ਹੀ ਹਿੱਸਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਪਣੀ ਫ਼ੌਜ ਨੂੰ ਕਿਹਾ ਹੈ ਕਿ ਭਾਰਤੀ ਕਾਰੋਬਾਰੀ ਸੱਜਣ ਜਿੰਦਲ ਨਾਲ ਪਿਛਲੇ ਮਹੀਨੇ ਹੋਈ ਮੁਲਾਕਾਤ ਪਰਦੇ ਦੇ ਪਿੱਛੇ ਦੀ ਕੂਟਨੀਤੀ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਨਵਾਜ਼ ਸ਼ਰੀਫ਼ ਅਤੇ ਸੱਜਣ ਜਿੰਦਲ ਦੀ ਮੁਲਾਕਾਤ 27 ਅਪ੍ਰੈਲ ਨੂੰ ਹੋਈ ਸੀ। ਸਰਕਾਰ ਨੇ ਫ਼ੌਜ ਦੀ ਸੀਨੀਅਰ ਲੀਡਰਸ਼ਿਪ ਨੂੰ ਦਸਿਆ ਹੈ ਕਿ ਜਿੰਦਲ ਨਾਲ ਸ਼ਰੀਫ਼ ਦੀ ਇੱਕ ਘੰਟੇ ਤੱਕ ਚੱਲੀ ਮੁਲਾਕਾਤ ਪਰਦੇ ਦੇ ਪਿੱਛੇ ਦੀ ਕੂਟਨੀਤੀ ਦਾ ਹਿੱਸਾ ਹੈ ਹਾਲਾਂਕਿ ਮੁਲਾਕਾਤ ਮਗਰੋਂ ਕਿਸੇ ਨੇ ਵੀ ਇਸ ਬਾਰੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨੇ ਵੀ ਇਸ ਨੂੰ ਇੱਕ ਆਮ ਮੁਲਾਕਾਤ ਦਸਿਆ ਸੀ। ਮਰੀਅਮ ਨੇ ਟਵਿਟਰ 'ਤੇ ਲਿਖਿਆ ਸੀ ਕਿ ਸੱਜਣ ਜਿੰਦਲ ਉਨ੍ਹਾਂ ਦੇ ਪਿਤਾ ਦੇ ਪੁਰਾਣੇ ਮਿੱਤਰ ਹਨ ਅਤੇ ਦੋ ਦੋਸਤਾਂ ਦੀ ਮੁਲਾਕਾਤ ਨੂੰ ਗਲਤ ਰੰਗ ਨਾ ਦਿੱਤਾ ਜਾਵੇ। ਫ਼ੌਜੀ ਲੀਡਰਸ਼ਿਪ ਨੇ ਵੀ ਸੱਜਣ ਜਿੰਦਲ ਦੀ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ 'ਤੇ ਆਪਣੇ ਅਧਿਕਾਰੀਆਂ ਨੂੰ ਭਰੋਸੇ 'ਚ ਲਿਆ ਹੈ। ਜ਼ਿਕਰਯੋਗ ਹੈ ਕਿ ਸ਼ਰੀਫ਼ ਅਤੇ ਜਿੰਦਲ ਦੀ ਇਹ ਮੁਲਾਕਾਤ ਮੁਰੀ ਕਸਬੇ 'ਚ ਹੋਈ ਸੀ।