ਮੈਨੂੰ ਇਨਸਾਫ਼ ਕਿਵੇਂ ਮਿਲੇਗਾ : ਸਾਇਰਾਬਾਨੋ


ਸੁਪਰੀਮ ਕੋਰਟ 'ਚ ਅੱਜ ਤਿੰਨ ਤਲਾਕ ਮਾਮਲੇ 'ਤੇ ਸੁਣਵਾਈ ਦੇ ਛੇਵੇਂ ਦਿਨ ਪਟੀਸ਼ਨਰ ਸ਼ਾਇਰਾ ਬਾਨੋ ਵੱਲੋਂ ਦਲੀਲ ਦਿੱਤੀ ਗਈ ਕਿ ਤਿੰਨ ਤਲਾਕ ਨਾ ਇਸਲਾਮ ਦਾ ਹਿੱਸਾ ਹੈ ਅਤੇ ਨਾ ਹੀ ਆਸਥਾ ਦਾ। ਉਨ੍ਹਾ ਕਿਹਾ ਕਿ ਮੇਰੀ ਆਸਥਾ ਹੈ ਕਿ ਤਿੰਨ ਤਲਾਕ ਮੇਰੇ ਅਤੇ ਪਰਮਾਤਮਾ ਵਿਚਕਾਰ ਪਾਪ ਹੈ। ਮੁਸਲਿਮ ਪਰਸਨਲ ਲਾਅ ਬੋਰਡ ਵੀ ਆਖਦਾ ਹੈ ਕਿ ਇਹ ਬੁਰਾ, ਪਾਪ ਅਤੇ ਬੇਲੋੜਾ ਹੈ ਅਤੇ ਇਹ ਇਸਲਾਮ ਦਾ ਹਿੱਸਾ ਨਹੀਂ ਹੈ।
ਉਨ੍ਹਾ ਕਿਹਾ ਕਿ ਸਲਮਾਨ ਖੁਰਸ਼ੀਦ ਵੀ ਕਹਿੰਦੇ ਹਨ ਕਿ ਇਹ ਪਾਪ ਹੈ। ਮਹਿਲਾ ਮੁਸਲਿਮ ਪਰਸਨਲ ਲਾਅ ਬੋਰਡ ਦਾ ਵੀ ਮੰਨਣਾ ਹੈ ਕਿ ਤਿੰਨ ਤਲਾਕ ਬੁਰਾ ਅਤੇ ਗਲਤ ਹੈ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਵੀ ਕਹਿੰਦੀ ਹੈ ਕਿ ਇਹ ਔਰਤਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ, ਪਰ ਸਰਕਾਰ ਦਾ ਕਹਿਣਾ ਹੈ ਕਿ ਉਹ ਕਾਨੂੰਨ ਨਹੀਂ ਬਣਾਏਗੀ, ਅਜਿਹੀ ਹਾਲਤ 'ਚ ਪਟੀਸ਼ਨਰ ਕਿੱਥੇ ਜਾ ਸਕਦੀ ਹੈ, ਜਦਕਿ ਉਸ ਦੇ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਕਿਉਂਕਿ ਸੁਪਰੀਮ ਕੋਰਟ ਹੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਹੈ, ਇਸ ਲਈ ਅਦਾਲਤ ਨੂੰ ਹੀ ਇਸ ਮਾਮਲੇ 'ਚ ਦਖ਼ਲ ਦੇਣਾ ਚਾਹੀਦਾ ਹੈ।
ਸਾਇਰਾ ਬਾਨੋ ਨੇ ਕਿਹਾ ਕਿ ਕੋਈ ਕਹਿੰਦਾ ਹੈ ਕਿ ਸੰਸਦ ਜਾਉ ਅਤੇ ਕਾਨੂੰਨ ਬਣਾਉਣ ਦੀ ਮੰਗ ਕਰੋ। ਉਨ੍ਹਾਂ ਕਿਹਾ ਕਿ ਜੇ ਕਾਨੂੰਨ ਬਣਦਾ ਹੈ ਤਾਂ ਉਹ ਅੱਗੇ ਲਈ ਹੋਵੇਗਾ, ਉਸ ਨਾਲ ਮੇਰੇ ਬੱਚੇ ਵਾਪਸ ਨਹੀਂ ਆਉਣਗੇ ਅਤੇ ਮੈਨੂੰ ਇਨਸਾਫ਼ ਕਿਵੇਂ ਮਿਲੇਗਾ।