ਬਲਾਤਕਾਰ ਪੀੜਤ ਦੇ ਹੱਕ 'ਚ ਖੜਨ ਵਾਲਾ ਦੇ'ਤਾ ਸੀਖਾਂ ਪਿੱਛੇ


ਬਠਿੰਡਾ (ਬਖਤੌਰ ਢਿੱਲੋਂ)
ਬਲਾਤਕਾਰ ਦੀ ਸ਼ਿਕਾਰ ਬੱਚੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨਾ ਇੱਕ ਮੋਹਤਬਰ ਸ਼ਖ਼ਸ ਨੂੰ ਕੱਲ੍ਹ ਉਸ ਵੇਲੇ ਮਹਿੰਗਾ ਪੈ ਗਿਆ, ਜਦ ਦੁਰਵਿਹਾਰ ਦਾ ਦੋਸ਼ ਲਾਉਂਦਿਆਂ ਜਾਂਚ ਅਧਿਕਾਰੀ ਲੇਡੀ ਥਾਣੇਦਾਰ ਨੇ ਉਸ ਨੂੰ ਥਾਣੇ ਵਿੱਚ ਬੰਦ ਕਰਵਾ ਦਿੱਤਾ।
ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਵੋਮੈਨ ਚਿਲਡਰਨ ਹਸਪਤਾਲ ਬਠਿੰਡਾ 'ਚੋਂ ਇਤਲਾਹ ਮਿਲਣ 'ਤੇ ਪੁਲਸ ਲਾਈਨ ਦੇ ਮੁਨਸ਼ੀ ਨੇ ਇੱਕ ਬਲਾਤਕਾਰ ਪੀੜਤ ਬੱਚੀ ਦਾ ਬਿਆਨ ਲਿਖਣ ਲਈ ਸਬ ਇੰਸਪੈਕਟਰ ਜਸਵਿੰਦਰ ਕੌਰ ਨੂੰ ਰੁੱਕਾ ਨੋਟ ਕਰਵਾਇਆ। ਉਸ ਤੋਂ ਪਹਿਲਾਂ ਕਿਉਂਕਿ ਥਾਣਾ ਰਾਮਾ ਦੀ ਇੱਕ ਪੁਲਸ ਪਾਰਟੀ ਪਹੁੰਚ ਚੁੱਕੀ ਸੀ, ਇਸ ਲਈ ਪੀੜਤ ਲੜਕੀ ਦੀ ਮਾਂ ਨੇ ਬਠਿੰਡਾ ਸ਼ਹਿਰ ਵਿੱਚ ਰਹਿ ਰਹੇ ਆਪਣੇ ਹੀ ਪਿੰਡ ਪੱਕਾ ਕਲਾਂ ਦੇ ਇੱਕ ਵਸਨੀਕ ਸਵਰਨਜੀਤ ਸਿੰਘ ਖਾਲਸਾ ਨੂੰ ਮੌਕੇ 'ਤੇ ਆਉਣ ਲਈ ਫੋਨ ਕਰ ਦਿੱਤਾ।
ਖਾਲਸਾ ਦੇ ਹਸਪਤਾਲ ਪੁੱਜਣ 'ਤੇ ਲੇਡੀ ਥਾਣੇਦਾਰ ਨੇ ਜਦ ਪੀੜਤ ਲੜਕੀ ਦੀ ਮਾਂ ਤੋਂ ਦਸਖਤ ਕਰਵਾਉਣੇ ਚਾਹੇ ਤਾਂ ਸਵਰਨਜੀਤ ਨੇ ਪੜ੍ਹ ਕੇ ਸੁਣਾਉਣ ਦਾ ਸੁਝਾਅ ਦਿੱਤਾ। ਬੱਸ ਫਿਰ ਕੀ ਸੀ! ਥਾਣੇਦਾਰਨੀ ਗੁੱਸੇ ਵਿੱਚ ਅੱਗ ਬਬੂਲਾ ਹੋ ਗਈ ਤੇ ਉਸ ਨੇ ਇਹ ਕਹਿੰਦਿਆਂ ਨਾ ਸਿਰਫ ਕਾਗਜ਼ ਖੋਹ ਲਏ ਕਿ ਉਹਨਾਂ ਨੂੰ ਉਸ ਉੱਪਰ ਯਕੀਨ ਨਹੀਂ, ਬਲਕਿ ਸਵਰਨਜੀਤ ਦੇ ਵਾਰਸਾਂ ਦੇ ਦੋਸ਼ ਅਨੁਸਾਰ ਉਸ ਦੇ ਸਿੱਖੀ ਸਰੂਪ ਬਾਰੇ ਵੀ ਕਈ ਕੁਝ ਬੋਲ ਦਿੱਤਾ। ਗੱਲ ਇੱਥੇ ਹੀ ਖਤਮ ਨਹੀਂ ਹੋਈ, ਸਵਰਨਜੀਤ ਨੂੰ ਹਸਪਤਾਲ ਵਿੱਚ ਸਥਿਤ ਪੁਲਸ ਚੌਂਕੀ ਵਿਖੇ ਬੰਦ ਕਰਵਾ ਦਿੱਤਾ।
ਇਸ ਤੋਂ ਬਾਅਦ ਪਿੰਡ ਪੱਕਾ ਕਲਾਂ ਦੇ ਹੀ ਦੋ ਲੜਕਿਆਂ ਮਨਪ੍ਰੀਤ ਦਾਸ ਅਤੇ ਬੱਬੂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 376, 506 ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਓਫੈਂਨਸ ਐਕਟ 2012 ਦੀ ਧਾਰਾ 6 ਅਧੀਨ ਮੁਕੱਦਮਾ ਤਾਂ ਦਰਜ ਕਰਵਾ ਦਿੱਤਾ, ਨਾਲ ਹੀ ਸਵਰਨਜੀਤ ਖਾਲਸਾ ਵਿਰੁੱਧ ਵੀ ਕੋਤਵਾਲੀ ਪੁਲਸ ਕੋਲ ਇਹ ਸ਼ਿਕਾਇਤ ਕਰ ਦਿੱਤੀ ਕਿ ਸਰਕਾਰੀ ਕੰਮ ਵਿੱਚ ਵਿਘਨ ਪਾਉਂਦਿਆਂ ਉਸ ਨੇ ਉਸ ਨਾਲ ਦੁਰਵਰਤਾਓ ਕੀਤਾ।
ਸਵਰਨਜੀਤ ਨੂੰ ਥਾਣੇ ਬੰਦ ਕਰਨ ਦੀ ਖ਼ਬਰ ਜਿਉਂ ਹੀ ਪਿੰਡ ਪੱਕਾ ਕਲਾਂ ਦੇ ਵਸਨੀਕਾਂ ਨੂੰ ਲੱਗੀ ਤਾਂ ਪਾਰਟੀ ਪੱਧਰ ਤੋਂ ਉਪਰ ਉੱਠਦਿਆਂ ਕਾਂਗਰਸ, ਅਕਾਲੀ ਦਲ ਅਤੇ ਹੋਰ ਦਲਾਂ ਨਾਲ ਸੰਬੰਧਤ ਸੈਂਕੜੇ ਲੋਕ ਅੱਜ ਬਠਿੰਡਾ ਪੁੱਜ ਗਏ। ਇਹਨਾਂ ਲੋਕਾਂ ਦੀ ਮੌਜੂਦਗੀ ਵਿੱਚ ਥਾਣੇਦਾਰਨੀ 'ਚ ਬੇਭਰੋਸਗੀ ਪ੍ਰਗਟ ਕਰਦਿਆਂ ਪੀੜਤ ਲੜਕੀ ਦੀ ਮਾਤਾ ਨੇ ਦੋਸ਼ ਲਾਇਆ ਕਿ ਉਹ ਉਸ ਤੋਂ ਜਦ ਖਾਲੀ ਕਾਗਜ਼ਾਂ 'ਤੇ ਜਬਰੀ ਦਸਖਤ ਕਰਵਾ ਕੇ ਦੋਸ਼ੀਆਂ ਨੂੰ ਰਾਹਤ ਪਹੁੰਚਾਉਣ ਲਈ ਯਤਨਸ਼ੀਲ ਸੀ, ਤਾਂ ਸਵਰਨਜੀਤ ਵੱਲੋਂ ਕੀਤੇ ਇਤਰਾਜ਼ 'ਤੇ ਉਸ ਨਾਲ ਮਾੜਾ ਵਰਤਾਓ ਹੀ ਨਹੀਂ ਕੀਤਾ, ਸਗੋਂ ਥਾਣੇ ਵਿੱਚ ਵੀ ਬੰਦ ਕਰਵਾ ਦਿੱਤਾ।
ਮਾਂ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਦੋ ਲੜਕਿਆਂ ਨੇ ਉਦੋਂ ਬਲਾਤਕਾਰ ਦਾ ਸ਼ਿਕਾਰ ਬਣਾਇਆ, ਜਦ ਉਹ ਆਪਣੀ ਉਸ ਸਹੇਲੀ ਨਾਲ ਰਾਣੀ ਅੰਟੀ ਦੇ ਘਰ ਗਈ ਸੀ, ਜੋ ਉਸ ਤੋਂ ਹਥੌਲਾ ਪੁਆਉਣਾ ਚਾਹੁੰਦੀ ਸੀ। ਅੰਟੀ ਕਿਉਂਕਿ ਗੁਆਂਢ ਵਿੱਚ ਗਈ ਹੋਈ ਸੀ, ਸਹੇਲੀ ਜਦ ਉਸ ਨੂੰ ਬੁਲਾਉਣ ਗਈ ਤਾਂ ਘਰ ਦਾ ਮੇਨ ਗੇਟ ਬੰਦ ਕਰਕੇ ਅੰਟੀ ਦੇ ਬੇਟੇ ਮਨਪ੍ਰੀਤ ਅਤੇ ਉਸ ਦੇ ਇੱਕ ਹੋਰ ਸਾਥੀ ਬੱਬੂ ਨੇ ਨਬਾਲਗ ਬੱਚੀ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਇਆ। ਪਹਿਲਾਂ ਤਾਂ ਡਰ ਤੇ ਸ਼ਰਮ ਦੀ ਮਾਰੀ ਬੱਚੀ ਕੁਝ ਬੋਲੀ ਨਾ, ਪਰ ਦਰਦ ਹੋਣ 'ਤੇ ਜਦ ਸਭ ਕੁਝ ਦੱਸ ਦਿੱਤਾ ਤਾਂ ਇਲਾਜ ਲਈ ਮਾਂ ਨੇ ਉਸ ਨੂੰ ਹਸਪਤਾਲ ਲੈ ਆਂਦਾ, ਜਿੱਥੋਂ ਇਸ ਵਾਰਦਾਤ ਦੀ ਇਤਲਾਹ ਪੁਲਸ ਨੂੰ ਵੀ ਭੇਜੀ ਗਈ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਸ ਮੁਖੀ ਅਤੇ ਐੱਸ ਪੀ ਇਨਵੈਸਟੀਗੇਸ਼ਨ ਨੂੰ ਮਿਲ ਕੇ ਇਹ ਇਤਰਾਜ਼ ਉਠਾਇਆ ਕਿ ਜੇਕਰ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਹੀ ਥਾਣਿਆਂ ਵਿੱਚ ਰੁਲਣਾ ਪੈ ਰਿਹਾ ਹੈ ਤਾਂ ਕੱਲ੍ਹ ਕਲੋਤਰ ਨੂੰ ਧੀਆਂ-ਭੈਣਾਂ ਦੇ ਬਲਾਤਕਾਰੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੌਣ ਅੱਗੇ ਆਵੇਗਾ? ਇੱਥੇ ਹੀ ਬੱਸ ਨਹੀਂ, ਉਹਨਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਵਰਨਜੀਤ ਨੂੰ ਝੂਠੇ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉਹ ਜੱਦੋਜਹਿਦ ਅਰੰਭਣਗੇ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਸਵਰਨਜੀਤ ਖਾਲਸਾ ਜਿੱਥੇ ਖ਼ੁਦ ਸਮਾਜ ਸੇਵਾ ਲਈ ਚੱਤੋ ਪਹਿਰ ਤਤਪਰ ਰਹਿੰਦਾ ਹੈ, ਉੱਥੇ ਉਸ ਦੀ ਮਾਂ ਵੀ ਬਲਾਕ ਸੰਮਤੀ ਸੰਗਤ ਦੀ ਚੇਅਰਪਰਸਨ ਰਹਿ ਚੁੱਕੀ ਹੈ। ਉਹਨਾਂ ਸਵਾਲ ਉਠਾਇਆ ਕਿ ਬਲਾਤਕਾਰੀਆਂ ਵਿਰੁੱਧ ਖੜਨ ਵਾਲੇ ਅਜਿਹੇ ਬਾਇੱਜ਼ਤ ਪਰਵਾਰਾਂ ਨੂੰ ਜੇ ਪੁਲਸ ਦਾ ਅਤਾਬ ਝੱਲਣਾ ਪੈ ਰਿਹਾ ਹੈ ਤਾਂ ਆਮ ਆਦਮੀ ਸਮਾਜਿਕ ਬੁਰਾਈਆਂ ਵਿਰੁੱਧ ਬੋਲਣ ਲਈ ਸੋਚ ਵੀ ਨਹੀਂ ਸਕਦਾ। ਪੱਖ ਜਾਨਣ ਲਈ ਜਦ ਸਬ ਇੰਸਪੈਕਟਰ ਜਸਵਿੰਦਰ ਕੌਰ ਨਾਲ ਸੰਪਰਕ ਕੀਤਾ ਤਾਂ ਸਵਰਨਜੀਤ ਖਿਲਾਫ ਦੁਰਵਰਤਾਓ ਕਰਨ ਦੇ ਦੋਸ਼ ਨੂੰ ਦੁਹਰਾਉਂਦਿਆਂ ਉਸ ਨੇ ਦੱਸਿਆ ਕਿ ਉਹ ਆਪਣੀ ਸ਼ਿਕਾਇਤ ਕੋਤਵਾਲੀ ਪੁਲਸ ਨੂੰ ਦੇ ਚੁੱਕੀ ਹੈ, ਅਗਲੀ ਕਾਰਵਾਈ ਉਸ ਦੀ ਹੀ ਹੈ।