ਪਾਕਿ ਨੇ ਸਰਹੱਦ 'ਤੇ ਤਾਇਨਾਤ ਕੀਤੇ ਬੈਟ


ਘਾਤ ਲਾ ਕੇ ਹਮਲਾ ਕਰਨ ਤੇ ਸਿਰ ਵੱਢਣ 'ਚ ਮਾਹਰ ਹੈ ਬੈਟ
ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਆਲਮੀ ਅਦਾਲਤ ਵਿੱਚ ਕੁਲਭੂਸ਼ਨ ਜਾਧਵ ਮਾਮਲੇ ਵਿੱਚ ਮਿਲੀ ਹਾਰ ਦੀ ਸ਼ਰਮਿੰਦਗੀ ਅਤੇ ਸਰਹੱਦ 'ਤੇ ਭਾਰਤੀ ਜਵਾਨਾਂ ਦੀ ਮੂੰਹ-ਤੋੜ ਜੁਆਬੀ ਕਾਰਵਾਈ ਤੋਂ ਪਰੇਸ਼ਾਨ ਪਾਕਿਸਤਾਨ ਹੁਣ ਸੌਖੇ ਢੰਗ ਨਾਲ ਹਮਲਾ ਕਰਨ ਦੀ ਸਾਜ਼ਿਸ਼ ਕਰ ਰਿਹਾ ਹੈ। ਖੁਫੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਨੇ ਲਾਈਨ ਆਫ ਕੰਟਰੋਲ ਨੇੜੇ ਆਪਣੀ ਬਾਰਡਰ ਐਕਸ਼ਨ ਟੀਮ (ਬੈਟ) ਦੇ ਕਮਾਂਡੋ ਤਾਇਨਾਤ ਕੀਤੇ ਹਨ, ਜਿਨ੍ਹਾਂ ਦਾ ਮਕਸਦ ਗਸ਼ਤ ਕਰ ਰਹੇ ਭਾਰਤੀ ਜੁਆਨਾਂ 'ਤੇ ਘਾਤ ਲਾ ਕੇ ਹਮਲਾ ਕਰਨਾ ਹੈ। ਜ਼ਿਕਰਯੋਗ ਹੈ ਕਿ ਅਤੀਤ 'ਚ ਵੀ ਬੈਟ ਭਾਰਤੀ ਜਵਾਨਾਂ ਨੂੰ ਕਤਲ ਕਰਕੇ ਉਨ੍ਹਾਂ ਦੇ ਸਿਰ ਵੱਢਣ ਦੇ ਮਾਮਲੇ ਵਿੱਚ ਸ਼ਾਮਲ ਰਿਹਾ ਹੈ। ਖੁਫੀਆ ਰਿਪੋਰਟਾਂ ਅਨੁਸਾਰ ਬੈਟ 'ਚ ਨਾ ਸਿਰਫ ਫੌਜ ਦੇ ਜਵਾਨ ਸਗੋਂ ਅੱਤਵਾਦੀ ਵੀ ਸ਼ਾਮਲ ਹਨ। ਇੰਟੈਲੀਜੈਂਸ ਰਿਪੋਰਟ ਅਨੁਸਾਰ ਬੈਟ ਲਾਈਨ ਆਫ ਕੰਟਰੋਲ ਅਤੇ ਹਾਜੀ ਪੀਰ ਏਰੀਆ ਨੇੜੇ ਭਾਰਤੀ ਜਵਾਨਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ।
ਇਨ੍ਹਾਂ ਰਿਪੋਰਟਾਂ ਅਨੁਸਾਰ ਜਾਧਵ ਦੀ ਫਾਂਸੀ 'ਤੇ ਕੌਮਾਂਤਰੀ ਅਦਾਲਤ ਵੱਲੋਂ ਰੋਕ ਲਾਏ ਜਾਣ ਮਗਰੋਂ ਪਾਕਿਸਤਾਨੀ ਫੌਜ ਆਪਣੀ ਰਣਨੀਤੀ ਬਦਲ ਕੇ ਭਾਰਤੀ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਪਾਕਿਸਤਾਨ ਦੀ ਸਾਜ਼ਿਸ਼ ਦਾ ਖੁਲਸਾ ਉਸ ਵੇਲੇ ਹੋਇਆ, ਜਦੋਂ 17-18 ਮਈ ਨੂੰ ਪਾਕਿਸਤਾਨ ਵੱਲੋਂ ਜੰਗਬੰਦੀ ਦੇ ਜੁਆਬ 'ਚ ਭਾਰਤ ਵੱਲੋਂ ਕੀਤੀ ਗਈ ਕਾਰਵਾਈ 'ਚ ਪਾਕਿਸਤਾਨ ਦਾ ਇੱਕ ਐੱਸ ਐੱਸ ਜੀ ਕਮਾਂਡੋ ਮਾਰਿਆ ਗਿਆ। ਸਰਹੱਦੀ ਇਲਾਕੇ 'ਚ ਏਨੇ ਟਰੇਂਡ ਕਮਾਂਡੋ ਦੀ ਮੌਜੂਦਗੀ ਕਰਨ 'ਤੇ ਪਾਕਿਸਤਾਨ ਦੀ ਨਵੀਂ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ।