ਜੀ ਐੱਸ ਟੀ; ਬੈਂਕ ਸੇਵਾਵਾਂ ਹੋਣਗੀਆਂ ਮਹਿੰਗੀਆਂ


ਮੰੁੰਬਈ (ਨਵਾਂ ਜ਼ਮਾਨਾ ਸਰਵਿਸ)
ਬੈਂਕਿੰਗ ਸੇਵਾਵਾਂ 'ਤੇ 18 ਫ਼ੀਸਦੀ ਜੀ ਐੱਸ ਟੀ ਲਾਗੂ ਕੀਤੇ ਜਾਣ ਦੇ ਫ਼ੈਸਲੇ ਨਾਲ ਹੁਣ ਬੈਂਕਾਂ 'ਚ ਟ੍ਰਾਜੈਕਸ਼ਨ ਫ਼ੀਸ 'ਚ ਇਜ਼ਾਫ਼ ਹੋ ਸਕਦਾ ਹੈ। ਇੱਕ ਜੁਲਾਈ ਤੋਂ ਜੀ ਐਸ ਟੀ ਲਾਗੂ ਕੀਤੇ ਜਾਣ ਤੋਂ ਬਾਅਦ ਜਨਤਾ ਨੂੰ ਬੈਂਕਾਂ ਨੂੰ ਵੱਧ ਚਾਰਜ ਦੇਣੇ ਪੈ ਸਕਦੇ ਹਨ। ਬੈਕਾਂ 'ਚ ਹੁਣ ਤੱਕ 15 ਫ਼ੀਸਦੀ ਸਰਵਿਸ ਚਾਰਜ ਲੱਗਦਾ ਸੀ। ਮਾਹਰਾਂ ਦਾ ਕਹਿਣਾ ਹੈ ਕਿ ਟੈਕਸ ਦਰ 'ਚ 3 ਫ਼ੀਸਦੀ ਦੇ ਵਾਧੇ ਦਾ ਮਤਲਬ ਹੈ ਕਿ ਬੈਂਕਿੰਗ ਟ੍ਰਾਂਜੈਕਸ਼ਨ ਲਈ ਅਦਾ ਕੀਤੇ ਜਾਣ ਵਾਲੇ ਪ੍ਰਤੀ 100 ਰੁਪਏ 'ਚ 3 ਰੁਪਏ ਦਾ ਇਜ਼ਾਫ਼ਾ ਹੋ ਜਾਵੇਗਾ।
ਅਸਿੱਧੇ ਟੈਕਸ ਦੇ ਮੁਖੀ ਸਚਿਨ ਮੈਨਨ ਨੇ ਕਿਹਾ ਕਿ ਵਿੱਤੀ ਸੰਸਥਾਵਾ ਵਧਿਆ ਹੋਇਆ ਸਰਚਾਰਜ ਕੰਪਨੀਆ ਤੋਂ ਵਸੂਲ ਕਰ ਸਕਦੀਆਂ ਹਨ, ਜੋ ਵੱਡੀ ਪੱਧਰ 'ਤੇ ਟ੍ਰਾਂਜੈਕਸ਼ਨ ਕਰਦੀਆਂ ਹਨ, ਪਰ ਆਮ ਆਦਮੀ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ ਇਸ ਨਾਲ ਬੈਂਕਿਗ ਸੈਕਟਰ 'ਚ ਮੰਗ 'ਤੇ ਕੋਈ ਅਸਰ ਪੈਣ ਦੀ ਸੰਭਾਵਨਾ ਨਹੀਂ।
ਸਰਕਾਰ ਨੇ ਜੀ ਐੱਸ ਟੀ ਟੈਕਸ ਸਲੈਬ ਤਹਿਤ 1211 ਵਸਤਾਂ ਦੀਆਂ ਦਰਾਂ ਤੈਅ ਕੀਤੀਆਂ ਹਨ। ਪੰਜ ਫ਼ੀਸਦੀ ਤੋਂ ਲੈ ਕੇ 28 ਫ਼ੀਸਦੀ ਤੱਕ 4 ਪੱਧਰੀ ਸਲੈਬ 'ਚ ਦੁੱਧ, ਅੰਡੇ, ਫਲ, ਸਬਜ਼ੀ, ਫਰੈਸ਼ ਮੀਟ, ਫਿਸ਼, ਚਿਕਨ, ਨਿਆਂਇਕ ਦਸਤਾਵੇਜ਼, ਪ੍ਰਿਟਿੰਗ ਕਿਤਾਬਾਂ ਅਤੇ ਅਖ਼ਬਾਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਬਹੁਤੀਆ ਵਸਤਾਂ ਅਤੇ ਸੇਵਾਵਾਂ ਨੂੰ 18 ਫ਼ੀਸਦੀ ਸਲੈਬ 'ਚ ਰੱਖਿਆ ਗਿਆ ਹੈ।
ਵਿੱਤੀ ਸੇਵਾਵਾਂ ਦੇ ਨਾਲ ਹੀ ਸ਼ਰਾਬ ਪਰੋਸਣ ਵਾਲੇ ਏ ਸੀ ਹੋਟਲਾਂ, ਟੈਲੀਕਾਮ, ਆਈ ਟੀ ਸੇਵਾਵਾਂ, ਬਰਾਂਡਿਡ ਕੱਪੜਿਆਂ, ਫਲੇਵਰਡ ਰਿਫਾਇੰਡ, ਸ਼ੂਗਰ, ਪੇਸਟਰੀਆਂ, ਕੇਕ, ਸਾਸ, ਸੂਪ, ਆਈਸ ਕ੍ਰੀਮ, ਮਿਨਰਲ ਵਾਟਰ, ਟਿਸ਼ੂ, ਲਿਫ਼ਾਫ਼ੇ ਅਤੇ ਕਾਪੀਆਂ ਨੂੰ ਵੀ 18 ਫ਼ੀਸਦੀ ਦੀ ਕੈਟਾਗਰੀ 'ਚ ਰੱਖਿਆ ਗਿਆ ਹੈ।