ਲੋਕਮਾਨਿਆ ਤਿਲਕ ਦੇ 11 ਡੱਬੇ ਲੀਹੋਂ ਲੱਥੇ, 10 ਬੰਦੇ ਜ਼ਖਮੀ


ਲਖਨਊ (ਨਵਾਂ ਜ਼ਮਾਨਾ ਸਰਵਿਸ)-ਮੁੰਬਈ ਤੋਂ ਲਖਨਊ ਜਾ ਰਹੀ ਲੋਕਮਾਨਿਆ ਤਿਲਕ ਐਕਸਪ੍ਰੈੱਸ ਅੱਜ ਉਨਾਓ ਸਟੇਸ਼ਨ 'ਤੇ ਵੱਡੇ ਹਾਦਸੇ ਦਾ ਸ਼ਿਕਾਰ ਹੋਣੋਂ ਬਚ ਗਈ। ਰੇਲ ਗੱਡੀ ਦੇ 11 ਡੱਬੇ ਪਟੜੀ ਤੋੜ ਕੇ ਹੇਠਾਂ ਉਤਰ ਗਏ ਅਤੇ ਪਲੇਟ ਫਾਰਮ ਦਾ ਕਾਫੀ ਵੱਡਾ ਹਿੱਸਾ ਰੇਲ ਗੱਡੀ ਟਕਰਾਉਣ ਕਾਰਨ ਨੁਕਸਾਨਿਆ ਗਿਆ। ਮੁਸਾਫਰਾਂ 'ਚ ਹਫੜਾ-ਦਫੜੀ ਮੱਚ ਗਈ ਅਤੇ ਗੱਡੀ ਰੁਕਦਿਆਂ ਹੀ ਘਬਰਾਏ ਮੁਸਾਫਰ ਬਾਹਰ ਆ ਗਏ। ਰੇਲ ਸੂਤਰਾਂ ਅਨੁਸਾਰ ਹਾਦਸੇ ਦਾ ਕਾਰਨ ਰੇਲ ਪਟੜੀ ਵਿੱਚ ਗੜਬੜੀ ਹੋ ਸਕਦੀ ਹੈ। ਹਾਦਸੇ ਵਿੱਚ 10 ਵਿਅਕਤੀ ਜ਼ਖਮੀ ਹੋ ਗਏ। 20 ਡੱਬਿਆਂ ਵਾਲੀ ਟਰੇਨ ਸਟੇਸ਼ਨ ਤੋਂ ਤਕਰੀਬਨ 300 ਮੀਟਰ ਪਹਿਲਾਂ ਲੋਕ ਨਗਰ ਕਰਾਸਿੰਗ 'ਤੇ ਇੱਕ ਪਸ਼ੂ ਨਾਲ ਟਕਰਾਉਣ ਮਗਰੋਂ ਤਕਰੀਬਨ 10 ਮਿੰਟ ਉਥੇ ਰੁਕੀ ਰਹੀ ਸੀ ਅਤੇ ਗੱਡੀ ਦੀ ਰਫਤਾਰ ਬੇਹੱਦ ਘੱਟ ਸੀ ਅਤੇ ਉਨਾਓ ਸਟੇਸ਼ਨ 'ਤੇ ਚੜ੍ਹਦਿਆਂ ਹੀ ਰੇਲ ਗੱਡੀ ਤੇਜ਼ੀ ਨਾਲ ਪਟੜੀ ਤੋਂ ਲਹਿ ਗਈ ਅਤੇ ਉਸ ਦੇ 11 ਡੱਬੇ ਪਟੜੀ ਤੋੜ ਕੇ ਹੇਠਾਂ ਉਤਰ ਗਏ। ਮੌਕੇ 'ਤੇ ਹਾਜ਼ਰ ਲੋਕਾਂ ਅਨੁਸਾਰ ਰੇਲ ਪਟੜੀ ਕਈ ਥਾਵਾਂ ਤੋਂ ਟੁਟ ਗਈ ਅਤੇ ਉਸ ਦੇ ਕਈ ਟੁੱਕੜੇ ਹੋ ਗਏ।