ਮਜੀਠੀਆ ਦੇ ਕਾਂਗਰਸੀ ਲੀਡਰ ਲਾਲੀ ਗਾਲੋ-ਗਾਲੀ


ਅੰਮ੍ਰਿਤਸਰ (ਨਵਾਂ ਜ਼ਮਾਨਾ ਸਰਵਿਸ)
ਮਜੀਠਾ ਹਲਕੇ ਵਿੱਚ ਦਲਿਤਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਮੁੱਦੇ 'ਤੇ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਤੇ ਕਾਂਗਰਸੀ ਲੀਡਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਆਹਮੋ-ਸਾਹਮਣੇ ਹੋ ਗਏ ਹਨ। ਦੋਹਾਂ ਵਲੋਂ ਇੱਕ-ਦੂਜੇ 'ਤੇ ਨਿੱਜੀ ਹਮਲੇ ਕੀਤੇ ਜਾ ਰਹੇ ਹਨ। ਅੱਜ ਪਹਿਲਾਂ ਬਿਕਰਮ ਮਜੀਠੀਆ ਨੇ ਲਾਲੀ ਨੂੰ ਲੂੰਬੜੀ, ਬਾਂਦਰ ਤੇ ਉਸ ਦੇ ਭਰਾ ਨੂੰ ਜੱਗਾ ਡਾਕੂ ਕਿਹਾ ਤਾਂ ਲਾਲੀ ਮਜੀਠੀਆ ਨੇ ਜਵਾਬੀ ਹਮਲਾ ਕਰਦਿਆਂ ਬਿਕਰਮ ਮਜੀਠੀਆ ਦੇ ਪਿਤਾ ਨੂੰ ਸੱਤੀ ਠੱਗ ਤੱਕ ਕਹਿ ਦਿੱਤਾ। ਇਨ੍ਹਾਂ ਹੀ ਨਹੀਂ ਲਾਲੀ ਨੇ ਕਿਹਾ ਕਿ ਮਜੀਠੀਆ ਦਾ ਖ਼ਾਨਦਾਨ ਦੇਸ਼ ਦਾ ਗੱਦਾਰ ਹੈ।ਬਿਕਰਮ ਮਜੀਠੀਆ ਵੱਲੋਂ ਕਾਂਗਰਸੀਆਂ 'ਤੇ ਪੁਲਸ ਵੱਲੋਂ ਦਲਿਤਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਲਈ ਲਾਲੀ ਮਜੀਠੀਆ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਾਅਦ ਲਾਲੀ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕੀਤੀ। ਲਾਲੀ ਮਜੀਠੀਆ ਨੇ ਕਿਹਾ ਕਿ ਬਿਕਰਮ ਮਜੀਠੀਆ ਦੇ ਇਲਜ਼ਾਮਾਂ ਵਿੱਚ ਕੋਈ ਸੱਚਾਈ ਨਹੀਂ। ਬਿਕਰਮ ਮਜੀਠੀਆ ਬੌਖਲਾ ਚੁੱਕਾ ਹੈ। ਉਸ ਨੇ ਪਿਛਲੇ 10 ਸਾਲਾਂ ਵਿੱਚ ਜੋ ਵੀ ਬੀਜਿਆ ਸੀ, ਉਹ ਹੀ ਅੱਜ ਵੱਢ ਰਿਹਾ ਹੈ। ਲਾਲੀ ਨੇ ਕਿਹਾ ਕਿ ਪੰਜਾਬ ਵਿੱਚ ਧੱਕੇਸ਼ਾਹੀ ਦੀ ਸ਼ੁਰੂਆਤ ਅਕਾਲੀ ਦਲ ਤੇ ਮਜੀਠਾ ਵਿੱਚ ਅਜਿਹੇ ਸਾਰੇ ਕੰਮਾਂ ਲਈ ਬਿਕਰਮ ਮਜੀਠੀਆ ਖੁਦ ਜ਼ਿਮੇਵਾਰ ਹੈ।
ਲਾਲੀ ਮਜੀਠੀਆ ਨੇ ਇੱਕ ਹੋਰ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਬਿਕਰਮ ਮਜੀਠੀਆ ਨੇ ਡਰੱਗ ਮਾਫੀਆ ਤੇ ਗੈਂਗਸਟਰਾਂ ਨੂੰ ਪਨਾਹ ਦੇਣ ਤੋਂ ਇਲਾਵਾ ਕਈ ਅਜਿਹੇ ਲੋਕਾਂ ਨੂੰ ਹੱਲਾਸ਼ੇਰੀ ਦਿੱਤੀ ਹੈ, ਜਿਨ੍ਹਾਂ ਨੇ ਪੰਜਾਬ ਤੇ ਖਾਸ ਕਰਕੇ ਮਾਝੇ ਦਾ ਮਾਹੌਲ ਖ਼ਰਾਬ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਜੀਠੀਆ ਦੇ ਤਾਰ ਪਾਕਿਸਤਾਨ ਤੇ ਅਫਗਾਨਿਸਤਾਨ ਨਾਲ ਜੁੜੇ ਹੋਏ ਹਨ।ਹੁਣ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਮਜੀਠੀਆ ਨੂੰ ਡਰ ਹੈ ਕਿ ਉਸ ਬਾਰੇ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਇਸ ਕਰਕੇ ਉਹ ਅਜਿਹੇ ਮਾਮਲਿਆਂ ਦੀ ਆੜ ਵਿੱਚ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ