ਬਾਦਲਾਂ ਨੂੰ ਘੁਟਾਲਿਆਂ 'ਚੋਂ ਬਚਾਅ ਰਹੀ ਹੈ ਸਰਕਾਰ : ਫੂਲਕਾ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਬਾਦਲਾਂ ਤੇ ਬਾਦਲ ਪਰਵਾਰ ਦੇ ਕਰੀਬੀਆਂ ਨੂੰ ਘੁਟਾਲਿਆਂ ਵਿੱਚੋਂ ਬਚਾਉਣ ਦਾ ਇਲਜ਼ਾਮ ਲਾਇਆ ਹੈ। ਐਤਵਾਰ ਨੂੰ 'ਆਪ' ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਚ.ਐੱਸ. ਫੂਲਕਾ ਨੇ ਵਿਜੀਲੈਂਸ ਬਿਓਰੋ ਵੱਲੋਂ ਬਾਦਲ ਪਰਵਾਰ ਦੇ ਬੇਹੱਦ ਕਰੀਬੀ ਤੇ ਵਿਵਾਦਤ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਭਰਤੀ ਘੁਟਾਲੇ ਦੇ ਮਾਮਲੇ ਵਿੱਚੋਂ ਕਲੀਨ ਚਿੱਟ ਦਿੱਤੇ ਜਾਣ ਉਪਰ ਸਖਤ ਇਤਰਾਜ਼ ਕੀਤਾ ਹੈ। ਫੂਲਕਾ ਨੇ ਕਿਹਾ ਕਿ ਪੁਡਾ ਤੇ ਸਥਾਨਕ ਸਰਕਾਰਾਂ ਵਿਭਾਗ ਅੰਦਰ ਹੋਏ ਭਰਤੀ ਘੁਟਾਲੇ 'ਚ ਦਿਆਲ ਸਿੰਘ ਕੋਲਿਆਂਵਾਲੀ ਸਿੱਧੇ ਤੌਰ 'ਤੇ ਸ਼ਾਮਲ ਰਿਹਾ ਹੈ। ਬਾਦਲਾਂ ਨੇ ਅਜਿਹੇ ਘਪਲੇ ਘੁਟਾਲੇ ਕਰਨ ਲਈ ਕੋਲਿਆਂਵਾਲੀ ਨੂੰ ਖੁੱਲ੍ਹੇ ਅਧਿਕਾਰ ਦਿੱਤੇ ਹੋਏ ਸਨ, ਕਿਉਂਕਿ ਲੁੱਟ ਦਾ ਮਾਲ ਬਾਦਲਾਂ ਦੇ ਘਰ ਤੱਕ ਵੀ ਪਹੁੰਚਦਾ ਸੀ।
ਫੂਲਕਾ ਨੇ ਸਵਾਲ ਕੀਤਾ ਕਿ ਇੱਕ ਕੌਂਸਲਰ ਪੱਧਰ ਦੇ ਅਕਾਲੀ ਆਗੂ ਸ਼ਾਮ ਲਾਲ ਢੱਡੀ ਦੀ ਔਕਾਤ ਨਹੀਂ ਸੀ ਕਿ ਉਹ ਏਡੇ ਵੱਡੇ ਭਰਤੀ ਘੁਟਾਲਿਆਂ ਨੂੰ ਅੰਜਾਮ ਦੇ ਦਿੰਦਾ। ਫੂਲਕਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਬਾਦਲਾਂ ਤੇ ਕੈਪਟਨ ਦੇ ਮਿਲੇ ਹੋਣ ਬਾਰੇ ਜੋ ਇਲਜ਼ਾਮ ਲਾਏ ਜਾਂਦੇ ਸਨ, ਉਹ ਸਹੀ ਸਾਬਤ ਹੋ ਰਹੇ ਹਨ। ਕੈਪਟਨ ਸਰਕਾਰ ਵੱਲੋਂ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਨਸ਼ੇ ਦੇ ਮੁੱਖ ਸਰਗਨੇ ਨੂੰ ਹੱਥ ਨਹੀਂ ਪਾਇਆ ਗਿਆ। ਬਾਦਲ ਪਰਵਾਰ ਦੀਆਂ ਬੱਸਾਂ ਦੀ ਸੜਕਾਂ 'ਤੇ ਸਰਦਾਰੀ ਜਿਉਂ ਦੀ ਤਿਉਂ ਕਾਇਮ ਹੈ। ਦਿਆਲ ਸਿੰਘ ਕੋਲਿਆਂਵਾਲੀ ਵਰਗੇ ਬਾਦਲ ਪਰਵਾਰ ਦੇ ਕਰੀਬੀਆਂ ਨੂੰ ਕਲੀਨ ਚਿੱਟ ਦੇਣਾ ਇਸ ਦੀ ਪੁਸ਼ਟੀ ਕਰਦਾ ਹੈ।
ਫੂਲਕਾ ਨੇ ਕੈਪਟਨ ਉਪਰ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਇਲਜ਼ਾਮ ਲਾਉਂਦਿਆਂ ਪੁੱਛਿਆ ਕਿ ਪਿਛਲੇ ਸਾਲ ਕੈਪਟਨ ਨੇ ਲੰਬੀ ਵਿਚ ਰੈਲੀ ਦੌਰਾਨ ਕਿਹਾ ਸੀ ਕਿ ਕੋਲਿਆਂਵਾਲੀ 15 ਲੱਖ ਤੋਂ ਲੈ ਕੇ 50 ਲੱਖ ਰੁਪਏ ਤੱਕ ਨੌਕਰੀਆਂ ਵੇਚ ਰਹੇ ਹਨ। ਫੂਲਕਾ ਨੇ ਕਿਹਾ ਕਿ ਜੇਕਰ ਕੈਪਟਨ ਆਪਣੀ ਕਥਨੀ ਤੇ ਕਰਨੀ ਦੇ ਪੱਕੇ ਹੁੰਦੇ ਤਾਂ ਕੋਲਿਆਂਵਾਲੀ ਹੁਣ ਤੱਕ ਜੇਲ੍ਹ ਵਿੱਚ ਬੈਠਾ ਹੁੰਦਾ ਤੇ ਨੌਕਰੀ ਘੁਟਾਲੇ ਦਾ ਸੇਕ ਬਾਦਲ ਪਰਵਾਰ ਤੱਕ ਪਹੁੰਚਿਆ ਹੁੰਦਾ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕੈਪਟਨ ਨੇ ਬਾਦਲਾਂ ਨਾਲ ਕੀਤੀ ਡੀਲ ਨੂੰ ਨਿਭਾਉਂਦੇ ਹੋਏ ਕੋਲਿਆਂਵਾਲੀ ਨੂੰ ਹੀ ਕਲੀਨ ਚਿੱਟ ਦਿਵਾ ਦਿੱਤੀ।
ਫੂਲਕਾ ਨੇ ਇਹ ਵੀ ਇਲਜ਼ਾਮ ਲਾਇਆ ਕਿ ਬਾਦਲਾਂ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਖੇਡੇ ਜਾ ਰਹੇ ਫਰੈਂਡਲੀ ਮੈਚ ਕਾਰਨ ਪੁਲਸ ਤੇ ਪ੍ਰਸ਼ਾਸਨ ਉਪਰ ਭਾਰੀ ਦਬਾਅ ਹੈ। ਇਸ ਕਾਰਨ ਪੁਲਸ ਤੇ ਪ੍ਰਸ਼ਾਸਨ ਕਾਨੂੰਨ ਮੁਤਾਬਕ ਸੁਤੰਤਰਤਾ ਨਾਲ ਕੰਮ ਨਹੀਂ ਕਰ ਪਾ ਰਿਹਾ। ਫੂਲਕਾ ਨੇ ਇਸ ਪੂਰੇ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਿੱਧੀ ਨਿਗਰਾਨੀ ਹੇਠ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕੀਤੀ ਹੈ।