ਦਸਵੀਂ ਦੇ ਨਤੀਜਿਆਂ ਦਾ ਐਲਾਨ ਅੱਜ


ਮੁਹਾਲੀ, (ਨ ਜ਼ ਸ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦਾ ਸਾਲਾਨਾ ਨਤੀਜਾ ਭਲਕੇ ਗਿਆਰਾਂ ਵਜੇ ਐਲਾਨਿਆ ਜਾਵੇਗਾ। ਬੋਰਡ ਦੇ ਚੇਅਰਮੈਨ ਬਲਵੀਰ ਸਿੰਘ ਢੋਲ ਨੇ ਦੱਸਿਆ ਕਿ ਕੰਪਿਊਟਰ ਸ਼ਾਖਾ ਨੂੰ ਸਾਰੇ ਪ੍ਰਬੰਧ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾ ਦੱਸਿਆ ਕਿ ਰੈਗੂਲਰ ਅਤੇ ਓਪਨ ਸਕੂਲਾਂ ਨਾਲ ਸੰਬੰਧਤ ਸ਼ਹਿਰਾਂ ਦੇ ਇੱਕ ਲੱਖ 26 ਹਜ਼ਾਰ 525 ਅਤੇ ਦਿਹਾਤੀ ਖੇਤਰ ਦੇ ਦੋ ਲੱਖ 32 ਹਜ਼ਾਰ ਦੇ ਲੱਗਭੱਗ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਨਤੀਜਾ ਗਜਟ ਨਹੀਂ ਛਾਪੇ ਗਏ। ਚੇਅਰਮੈਨ ਨੇ ਦੱਸਿਆ ਕਿ ਪ੍ਰੀਖਿਆ ਦਾ ਨਤੀਜਾ 23 ਮਈ ਨੂੰ ਗਿਆਰਾਂ ਵਜੇ ਤੋਂ ਬਾਅਦ ਬੋਰਡ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਨਤੀਜਾ ਛਾਪ ਰਹੀਆਂ ਫਰਮਾਂ ਦੇ ਨਤੀਜੇ ਵਿੱਚ ਤਰੁੱਟੀ ਪਾਏ ਜਾਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ। ਇੱਕ ਹੋਰ ਅਹਿਮ ਫ਼ੈਸਲਾ ਲੈਂਦਿਆਂ ਸਿੱਖਿਆ ਬੋਰਡ ਨੇ ਨਵੀਆਂ ਕਲਾਸਾਂ ਵਿੱਚ ਦਾਖ਼ਲ ਲੈਣ ਲਈ ਆਖ਼ਰੀ ਤਰੀਕ 31 ਜੁਲਾਈ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਬੋਰਡ ਨੇ 9ਵੀਂ, 10ਵੀਂ ਗਿਆਰ੍ਹਵੀਂ ਅਤੇ ਬਾਹਰਵੀਂ ਦੀਆਂ ਜਮਾਤਾਂ ਵਿੱਚ ਦਾਖ਼ਲੇ ਲਈ ਆਖ਼ਰੀ ਮਿਤੀ 15 ਮਈ ਮਿੱਥੀ ਸੀ।