ਮੋਦੀ ਵੱਲੋਂ ਮਜ਼ਦੂਰਾਂ ਦੇ ਫੰਡ ਅਫਸਰਾਂ ਨੂੰ ਲੁਟਾਏ ਜਾ ਰਹੇ ਹਨ : ਗਿਰੀ


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਇਕਾਈ (ਸ਼ਹਿਰੀ) ਦੇ ਸਕੱਤਰ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਅਗਵਾਈ ਹੇਠ ਇਮਾਰਤਾਂ, ਸੜਕਾਂ ਅਤੇ ਹੋਰ ਉਸਾਰੀ ਦੇ ਕੰਮ ਕਰਨ ਵਾਲੇ ਮਜ਼ਦੂਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਜ਼ਿਲ੍ਹਾ ਕਚਹਿਰੀਆਂ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਇੱਕ ਵਿਸ਼ਾਲ ਰੈਲੀ ਕੀਤੀ ਗਈ, ਜਿਸ ਨੂੰ ਕੇਂਦਰੀ ਤੇ ਸੂਬਾਈ ਆਗੂਆਂ ਨੇ ਸੰਬੋਧਨ ਕਰਦਿਆਂ ਕੇਂਦਰ ਤੇ ਸੂਬਾ ਤੋਂ ਮੰਗ ਕੀਤੀ ਕਿ ਉਸਾਰੀ ਮਜ਼ਦੂਰਾਂ ਨੂੰ ਵੀ ਸਨਅੱਤੀ ਮਜ਼ਦੂਰਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ।
ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਕੁਲ ਹਿੰਦ ਸਕੱਤਰ ਕਾਮਰੇਡ ਵਿਦਿਆ ਸਾਗਰ ਗਿਰੀ ਨੇ ਮਜ਼ਦੂਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਉਸਾਰੀ ਮਜ਼ਦੂਰਾਂ ਪ੍ਰਤੀ ਅਪਨਾਈਆਂ ਗਈਆਂ ਗਲਤ ਨੀਤੀਆਂ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਮਜ਼ਦੂਰਾਂ ਦੀ ਭਲਾਈ ਲਈ ਰੱਖੇ ਕਰੋੜਾਂ ਰੁਪਏ ਇਧਰੋ-ਉਧਰ ਕਰਕੇ ਮਜ਼ਦੂਰ ਭਲਾਈ ਫੰਡ ਦਾ ਵੱਡਾ ਹਿੱਸਾ ਅਫਸਰਸ਼ਾਹੀ 'ਤੇ ਖਰਚ ਕਰ ਦਿੱਤਾ ਗਿਆ ਹੈ, ਜਿਸ ਦਾ ਸੁਪਰੀਮ ਕੋਰਟ ਨੇ ਗੰਭੀਰ ਨੋਟਿਸ ਲਿਆ ਹੈ ਤੇ ਉਮੀਦ ਹੈ ਕਿ ਇਸ ਦੀ ਸੁਣਵਾਈ ਸਤੰਬਰ ਮਹੀਨੇ ਵਿੱਚ ਹੋਵੇਗੀ। ਉਹਨਾਂ ਕਿਹਾ ਕਿ ਮਜ਼ਦੂਰ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ, ਪਰ ਮਜ਼ਦੂਰ ਨੂੰ ਹਮੇਸ਼ਾ ਹੀ ਲਿਤਾੜਿਆ ਤੇ ਲੁੱਟਿਆ ਜਾਂਦਾ ਹੈ। ਉਹਨਾਂ ਕਿਹਾ ਕਿ ਨਰੇਗਾ ਸਕੀਮ ਖੱਬੀਆਂ ਧਿਰਾਂ ਦੇ ਦਬਾਅ ਥੱਲੇ ਮਨਮੋਹਨ ਸਿੰਘ ਸਰਕਾਰ ਨੇ ਲਾਗੂ ਕੀਤੀ ਸੀ, ਜਿਸ ਨੂੰ ਖਤਮ ਕਰਨ ਦੇ ਉਪਰਾਲੇ ਮੋਦੀ ਸਰਕਾਰ ਵੱਲੋਂ ਇਸ ਲਈ ਕੀਤੇ ਜਾ ਰਹੇ ਹਨ ਕਿਉਂਕਿ ਖੱਬੀਆਂ ਧਿਰਾਂ ਦੇ ਨੁਮਾਇੰਦਿਆਂ ਦੀ ਗਿਣਤੀ ਪਾਰਲੀਮੈਂਟ ਵਿੱਚ ਬਹੁਤ ਘੱਟ ਰਹਿ ਗਈ ਹੈ, ਜਿਹੜੀਆਂ ਮਜ਼ਦੂਰਾਂ ਦੇ ਮਸਲਿਆਂ ਦੇ ਹੱਲ ਲਈ ਵਚਨਬੱਧ ਹਨ। ਉਹਨਾਂ ਕਿਹਾ ਕਿ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਖੱਬੀਆਂ ਧਿਰਾਂ ਦੇ 62 ਸੰਸਦ ਮੈਂਬਰ ਹੁੰਦੇ ਸਨ। ਮੋਦੀ ਨੇ ਦੇਸ਼ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਸ ਦੀ ਸਰਕਾਰ ਇੱਕ ਮਹੀਨੇ ਵਿੱਚ ਕਾਲਾ ਧਨ ਵਿਦੇਸ਼ਾਂ ਵਿੱਚੋਂ ਵਾਪਸ ਨਾ ਲਿਆ ਸਕੀ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇ, ਪਰ ਅੱਜ ਤਿੰਨ ਸਾਲ ਪੂਰੇ ਹੋ ਜਾਣ ਦੇ ਬਾਵਜੂਦ ਕਾਲਾ ਧਨ ਵਾਪਸ ਨਹੀਂ ਆਇਆ, ਸਗੋਂ ਦੇਸ਼ ਦਾ ਖਜ਼ਾਨਾ ਅਡਾਨੀਆ ਤੇ ਅੰਬਾਨੀਆਂ ਨੂੰ ਲੁਟਾਇਆ ਜਾ ਰਿਹਾ ਹੈ। ਬੇਈਮਾਨ ਮੋਦੀ ਕਰਦਾ ਕੁਝ ਹੈ ਤੇ ਦੱਸਦਾ ਕੁਝ ਹੈ। ਲੋਕਾਂ ਵਿੱਚ ਵੰਡੀਆ ਪਾ ਕੇ ਚੋਣਾਂ ਜਿੱਤਣੀਆ ਸੌਖੀਆਂ ਜ਼ਰੂਰ ਹਨ, ਪਰ ਜਿਹੜਾ ਸਮਾਜ ਵਿੱਚ ਪਾੜਾ ਮੋਦੀ ਤੇ ਆਰ.ਐਸ.ਐਸ ਵੱਲੋਂ ਪਾਇਆ ਜਾ ਰਿਹਾ ਹੈ, ਉਹ ਈਸਟ ਇੰਡੀਆ ਕੰਪਨੀ ਦੀ ਯਾਦ ਦਿਲਵਾ ਰਿਹਾ ਹੈ ਜਿਸ ਨੇ ਦੇਸ਼ ਨੂੰ ਗੁਲਾਮ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਖੱਬੀਆਂ ਪਾਰਟੀਆਂ ਨੇ ਮੰਗ ਕੀਤੀ ਹੈ ਕਿ ਉਸਾਰੀ ਮਜ਼ਦੂਰਾਂ ਨੂੰ ਵੀ ਸਨਅੱਤੀ ਮਜ਼ਦੂਰਾਂ ਵਾਲੀਆ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਈ.ਐਸ.ਆਈ ਦੀ ਸਹੂਲਤ ਵੀ ਇਹਨਾਂ ਨੂੰ ਦਿੱਤੀ ਜਾਵੇ। ਮੋਦੀ ਜੋ ਮਰਜ਼ੀ ਕਰ ਲਵੇ, ਪਰ ਖੱਬੀਆਂ ਧਿਰਾਂ ਮਜ਼ਦੂਰਾਂ ਦੇ ਹੱਕਾਂ 'ਤੇ ਮੋਦੀ ਦਾ ਦੋ ਧਾਰੀ ਆਰਾ ਨਹੀਂ ਚੱਲਣ ਦੇਣਗੀਆਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਹਰ ਪ੍ਰਕਾਰ ਦੀ ਕੁਰਬਾਨੀ ਕੀਤੀ ਜਾਵੇਗੀ। 20 ਹਜ਼ਾਰ ਕਰੋੜ ਦੇਸ਼ ਦਾ ਸਰਮਾਇਆ ਮੋਦੀ ਸੱਟੇ ਬਜ਼ਾਰ ਵਿੱਚ ਲਗਾ ਰਿਹਾ ਹੈ ਤੇ ਸੱਟਾ ਹਮੇਸ਼ਾਂ ਜੂਆ ਹੁੰਦਾ ਹੈ, ਜਿਸ ਦਾ ਫਾਇਦਾ ਹਮੇਸ਼ਾਂ ਹੀ ਮਾਇਆ ਧਾਰੀਆਂ ਨੂੰ ਹੀ ਹੁੰਦਾ ਹੈ। ਜਿਹੜਾ ਐਕਟ ਭਵਿੱਖ ਵਿੱਚ ਲਿਆਂਦਾ ਜਾ ਰਿਹਾ ਹੈ, ਉਹ ਹੋਰ ਵੀ ਘਾਤਕ ਹੈ ਕਿ ਮਜ਼ਦੂਰਾਂ, ਕਿਸਾਨ ਤੇ ਮੁਲਾਜ਼ਮ ਆਦਿ ਕਿਸੇ ਵੀ ਪ੍ਰਕਾਰ ਦੀ ਜਥੇਬੰਦੀ ਨਹੀਂ ਬਣਾ ਸਕਣਗੇ ਤੇ ਨਾ ਹੀ ਆਪਣੇ ਹੱਕਾਂ ਲਈ ਲੜ ਸਕਣਗੇ, ਪਰ ਖੱਬੀਆਂ ਧਿਰਾਂ ਨੂੰ ਭਾਵੇਂ ਕੁਰਬਾਨੀਆਂ ਵੀ ਕਿਉਂ ਨਾ ਦੇਣੀਆਂ ਪੈਣ ਮੋਦੀ ਦੀ ਅਜਿਹੀ ਮੱਦ ਨੂੰ ਪਾਸ ਨਹੀਂ ਹੋਣ ਦੇਣਗੇ। Êਸੀ.ਪੀ.ਆਈ ਦੀ ਪੰਜਾਬ ਪ੍ਰਦੇਸ਼ ਇਕਾਈ ਦੇ ਸਕੱਤਰ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਉਸਾਰੀ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਅਪਨਾਈ ਗਈ ਬੇਧਿਆਨੀ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਨਾਂਅ 'ਤੇ ਜਿੱਤ ਕੇ ਆਈ ਸੀ, ਪਰ 70 ਦਿਨਾਂ ਵਿੱਚ ਸਰਕਾਰ ਨੇ ਕੋਈ ਵੀ ਅਜਿਹਾ ਕਾਰਜ ਨਹੀਂ ਕੀਤਾ, ਜਿਹੜਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਸੰਤੁਸ਼ਟੀ ਪ੍ਰਗਟਾਉਣ ਵਾਲਾ ਹੋਵੇ। ਉਹ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ''ਚਿੱਟੇ ਬੰਗਲੇ ਨੀਲੇ ਮੋਰ ਤੇ ਉਹ ਵੀ ਚੋਰ ਤੇ ਉਹ ਵੀ ਚੋਰ'' ਅਨੁਸਾਰ ਰੇਤਾ ਆਟੇ ਨਾਲੋ ਵੀ ਮਹਿੰਗਾ ਮਿਲੇਗਾ, ਕਿÀੁਂਕਿ ਪਿਛਲੇ ਦਿਨੀ ਰੇਤਾ ਦੀਆਂ ਖੱਡਾਂ ਤੋਂ ਕਰੀਬ ਇੱਕ ਹਜ਼ਾਰ ਕਰੋੜ ਕਮਾਇਆ ਗਿਆ ਹੈ, ਜਿਸ ਨਾਲ ਉਸਾਰੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਜਾਵੇਗਾ। ਕਲ੍ਹ ਤੱਕ ਕੈਪਟਨ ਵੋਟਾਂ ਲੈਣ ਲਈ ਕਹਿੰਦਾ ਸੀ ਕਿ ਰੇਤਾ ਦੀ ਕੋਈ ਖੱਡ ਨਿਲਾਮ ਨਹੀਂ ਕੀਤੀ ਜਾਵੇਗੀ ਤੇ ਕੋਈ ਵੀ ਕਿਸਾਨ ਆਪਣੀ ਜ਼ਮੀਨ ਵਿੱਚੋਂ ਰੇਤਾ ਪੁੱਟ ਸਕਦਾ, ਪਰ ਅੱਜ ਫਿਰ ਉਹੀ ਅਕਾਲੀਆਂ ਵਾਲੀ ਲੁੱਟ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵਿੱਚ ਇੱਕ ਗਰੀਬ ਜਿਹਾ ਮੰਤਰੀ, ਜਿਸ ਦੀਆਂ ਕਈ ਖੰਡ ਮਿਲਾਂ ਵੀ ਚੱਲਦੀਆਂ ਹਨ, ਨੇ ਆਪਣੇ ਰਸੋਈਏ ਦੇ ਨਾਂਅ 'ਤੇ ਖੱਡਾਂ ਲੈ ਲਈਆਂ ਹਨ, ਜਿਸ ਨੂੰ ਸ਼ਾਇਦ ਇਹ ਵੀ ਜਾਣਕਾਰੀ ਨਹੀਂ ਹੋਵੇਗੀ ਕਿ ਖੱਡ ਕੀ ਹੁੰਦੀ ਹੈ? ਸਰਕਾਰ ਦੀਆਂ ਅਜਿਹੀਆਂ ਨੀਤੀਆਂ ਦੀ ਉਹ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਤੇ ਮੰਗ ਕਰਦੇ ਹਨ ਕਿ ਇਹਨਾਂ ਖੱਡਾਂ ਦੀ ਨਿਲਾਮੀ ਜਾਂਚ ਕਰਵਾਈ ਜਾਵੇ। ਇਸੇ ਤਰ੍ਹਾਂ ਖੇਮਕਰਨ ਤੋਂ ਬਣੇ ਵਿਧਾਇਕ ਨੇ ਤਿੰਨ ਖੱਡਾਂ ਲੈ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਜਿੰਨਾ ਚਿਰ ਤੱਕ ਖੱਬੀਆਂ ਧਿਰਾਂ ਨੂੰ ਲੋਕ ਕਾਮਯਾਬ ਨਹੀਂ ਕਰਦੇ, ਉਨਾ ਚਿਰ ਤੱਕ ਲੋਕਾਂ ਦੀ ਲੁੱਟ ਹੁੰਦੀ ਰਹੇਗੀ। ਮਜ਼ਦੂਰ ਭਲਾਈ ਬੋਰਡ ਵਿੱਚ ਮਾਨਤਾ ਪ੍ਰਾਪਤ ਟਰੇਡ ਯੂਨੀਅਨ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਉਸਾਰੀ ਕਾਮਿਆਂ ਨੂੰ ਪੈਨਸ਼ਨ ਸਕੀਮ ਦੇ ਘੇਰੇ ਵਿੱਚ ਲਿਆਂਦਾ ਜਾਵੇ। ਪੈਨਸ਼ਨ ਦੀ ਰਾਸ਼ੀ ਘੱਟੋ-ਘੱਟ ਤਿੰਨ ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ। ਲਾਭਪਾਤਰੀ ਦੀ ਮੌਤ ਉਪਰੰਤ ਵਾਰਸਾਂ ਲਈ ਪੈਨਸ਼ਨ ਪ੍ਰਾਪਤੀ ਲਈ ਸਰਵਿਸ ਦੀ ਹੱਦ ਖਤਮ ਕੀਤੀ ਜਾਵੇ ਅਤੇ ਦੁਰਘਟਨਾ ਦੌਰਾਨ 40 ਫੀਸਦੀ ਅਪਾਹਜ ਹੋਏ ਮਜ਼ਦੂਰ ਦੀ ਪੂਰੀ ਪੈਨਸ਼ਨ ਦਿੱਤੀ ਜਾਵੇ।
Êਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਮੰਗ ਕੀਤੀ ਕਿ ਲਾਭਪਾਤਰੀ ਉਸਾਰੀ ਕਾਮੇ ਦੀ ਮੌਤ ਹੋ ਜਾਣ ਉਪਰੰਤ ਸਹਾਇਤਾ ਰਾਸ਼ੀ ਪੰਜ ਲੱਖ ਰੁਪਏ ਕੀਤੀ ਜਾਵੇ ਅਤੇ ਲਾਭਪਾਤਰੀਆਂ ਦੇ ਪੜ੍ਹ ਰਹੇ ਬੱਚਿਆਂ ਦੇ ਵਜ਼ੀਫੇ ਦੀ ਰਕਮ ਵਿੱਚ ਵਾਧਾ ਕੀਤਾ ਜਾਵੇ। ਅਪ੍ਰੈਲ ਤੋਂ ਵੱਧੇ ਵਜ਼ੀਫੇ ਦੀ ਰਕਮ ਬਕਾਏ ਸਮੇਤ ਤੁਰੰਤ ਅਦਾ ਕੀਤੇ ਜਾਣ। ਲਾਭਪਾਤਰੀਆਂ ਲਈ ਸ਼ਗਨ ਸਕੀਮ ਤਹਿਤ ਕੀਤੇ ਵਾਅਦੇ ਮੁਤਾਬਕ ਤੁਰੰਤ 51 ਹਜ਼ਾਰ ਰੁਪਏ ਕੀਤੀ ਜਾਵੇ। ਮੈਡੀਕਲ ਬਿੱਲਾਂ ਦੇ ਭੁਗਤਾਨ ਲਈ ਸਿਵਲ ਸਰਜਨ ਦੀ ਰਿਪੋਰਟ ਦੀ ਸ਼ਰਤ ਖਤਮ ਕੀਤੀ ਜਾਵੇ। 2012 'ਤੇ ਪੈਂਡਿੰਗ ਪਏ ਬਿੱਲਾਂ ਦਾ ਭੁਗਤਾਨ ਕੀਤਾ ਜਾਵੇ ਅਤੇ ਜਣੇਪੇ ਦਾ ਲਾਭ ਪਹਿਲੇ ਦਿਨ ਤੋਂ ਹੀ ਦੇਣਾ ਸ਼ੁਰੂ ਕੀਤਾ ਜਾਵੇ। ਜ਼ਿਲ੍ਹਾ ਸਕੱਤਰ ਸ਼ਹਿਰੀ ਕਾਮਰੇਡ ਅਮਰਜੀਤ ਸਿੰਘ ਆਸਲ ਨੇ ਆਏ ਆਗੂਆਂ ਤੇ ਮਜ਼ਦੂਰ ਭੈਣਾਂ ਤੇ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਾਰੀ ਕਿਰਤੀਆਂ ਨੂੰ ਮਿਲਦੀ ਯਾਤਰਾ ਦੇ ਲਾਭਾਂ ਉਪਰ ਟਿਕਟਾਂ ਦੀ ਸ਼ਰਤ ਖਤਮ ਕੀਤੀ ਜਾਵੇ, ਕਿਉਂਕਿ ਮਜ਼ਦੂਰ ਗੁਰੱਪਾਂ ਵਿੱਚ ਜਾਂ ਸਾਲਮ ਕੀਤੇ ਸਾਧਨਾਂ ਰਾਹੀਂ ਹੀ ਯਾਤਰਾ 'ਤੇ ਜਾਂਦੇ ਹਨ। ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਵੀ ਉਸਾਰੀ ਕਾਮਿਆਂ ਦੀਆਂ ਮੰਗਾਂ ਦੀ ਪੁਰਜ਼ੋਰ ਹਮਾਇਤ ਕੀਤੀ ਤੇ ਰੈਲੀ ਤੋਂ ਬਾਅਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਰੈਲੀ ਵਿੱਚ ਕਾਮਰੇਡ ਜਗਤਾਰ ਸਿੰਘ ਮਹਿਲਾਂਵਾਲਾ, ਪ੍ਰਕਾਸ਼ ਕੈਰੋਨੰਗਲ, ਗੁਰਦੀਪ ਸਿੰਘ ਗਿੱਲਵਾਲੀ, ਲਖਵਿੰਦਰ ਸਿੰਘ ਗੋਪਾਲਪੁਰਾ, ਚਰਨ ਦਾਸ, ਗਿਆਨੀ ਗੁਰਦੀਪ ਸਿੰਘ ਛੇਹਰਟਾ, ਸੁਖਵੰਤ ਸਿੰਘ, ਮੋਹਨ ਲਾਲ, ਗੁਰਨਾਮ ਕੌਰ ਸਰਪੰਚ ਗੁਮਾਨਪੁਰਾ, ਦੇਵੀ ਕੁਮਾਰੀ, ਸੁਖਦੇਵ ਸਿੰਘ ਕੋਟ ਅਤੇ ਹਰਜੀਤ ਸਿੰਘ ਰਾਜਾਸਾਂਸੀ ਇੱਕ ਵੱਡਾ ਜੱਥਾ ਲੈ ਕੇ ਰੈਲੀ ਵਿੱਚ ਪੁੱਜੇ। ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਦਸਵਿੰਦਰ ਕੌਰ ਨੇ ਬਾਖੂਬੀ ਨਿਭਾਈ।