ਸਰਕਾਰੀ ਟੂਰਿਸਟ ਕੰਪਲੈਕਸਾਂ ਨੂੰ ਮੁੜ ਪੈਰਾਂ 'ਤੇ ਖੜਾ ਕਰਾਂਗੇ : ਨਵਜੋਤ ਸਿੰਘ ਸਿੱਧੂ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਸੱਭਿਆਚਾਰ ਤੇ ਸੈਰ-ਸਪਾਟਾ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਾਲਕੀ ਵਾਲੇ ਬੰਦ ਪਏ ਟੂਰਿਸਟ ਕੰਪਲੈਕਸਾਂ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਾਂਗਾ। ਇਹ ਟੂਰਿਸਟ ਕੰਪਲੈਕਸ ਪੰਜਾਬ ਸੂਬੇ ਅਤੇ ਸੂਬੇ ਤੋਂ ਬਾਹਰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਸੈਲਾਨੀਆਂ ਲਈ ਬਹੁਤ ਹੀ ਢੁੱਕਵੀਆਂ ਤੇ ਖਿੱਚ ਭਰਪੂਰ ਲੋਕੇਸ਼ਨਾਂ 'ਤੇ ਸਥਿਤ ਹਨ। ਇਸ ਸੰਬੰਧੀ ਉਨ੍ਹਾ ਵਿਭਾਗ ਦੇ ਅਧਿਕਾਰੀਆਂ ਨੂੰ ਲੈ ਕੇ ਉਚ ਪੱਧਰੀ ਮੀਟਿੰਗ ਵੀ ਕੀਤੀ, ਜਿਸ ਵਿੱਚ ਹੋਟਲ ਸਨਅਤ ਨਾਲ ਜੁੜੇ ਮਾਹਰਾਂ ਨੂੰ ਬੁਲਾ ਕੇ ਇਨ੍ਹਾਂ ਟੂਰਿਸਟ ਕੰਪਲੈਕਸਾਂ ਨੂੰ ਚਲਾਉਣ ਬਾਰੇ ਵਿਚਾਰਾਂ ਕੀਤੀਆਂ। ਸ੍ਰੀ ਸਿੱਧੂ ਨੇ ਵਿਭਾਗ ਨੂੰ ਇਸ ਸੰਬੰਧੀ ਜਲਦ ਤੋਂ ਜਲਦ ਖਾਕਾ ਉਲੀਕਣ ਲਈ ਕਿਹਾ, ਤਾਂ ਜੋ ਇਸ ਬਾਰੇ ਵਿਆਪਕ ਯੋਜਨਾ ਬਣਾਈ ਜਾ ਸਕੇ। ਮੀਟਿੰਗ ਵਿੱਚ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਤੇ ਡਾਇਰੈਕਟਰ ਡਾ. ਨਵਜੋਤ ਪਾਲ ਸਿੰਘ ਰੰਧਾਵਾ ਵੀ ਹਾਜ਼ਰ ਸਨ।
ਸੈਕਟਰ 38 ਸਥਿਤ ਸੱਭਿਆਚਾਰ ਤੇ ਸੈਰ-ਸਪਾਟਾ ਵਿਭਾਗ ਦੇ ਦਫਤਰ ਵਿਖੇ ਕੀਤੀ ਮੀਟਿੰਗ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸੂਬੇ ਅੰਦਰ ਅਤੇ ਇਸ ਤੋਂ ਬਾਹਰ ਸੈਲਾਨੀਆਂ ਦੇ ਨਜ਼ਰੀਏ ਤੋਂ ਬਹੁਤ ਹੀ ਢੁੱਕਵੀਆਂ ਥਾਵਾਂ ਹਨ, ਜੋ ਕਿ ਪੰਜਾਬ ਸਰਕਾਰ ਦੀ ਜਾਇਦਾਦ ਹੈ, ਪਰ ਇਨ੍ਹਾਂ ਦੇ ਬੰਦ ਹੋਣ ਕਾਰਨ ਇਨ੍ਹਾਂ ਥਾਵਾਂ ਨੂੰ ਵਰਤਿਆ ਨਹੀਂ ਜਾ ਰਿਹਾ ਹੈ। ਸਿਰਫ ਕੁਝ ਥਾਵਾਂ 'ਤੇ ਹੀ ਇਨ੍ਹਾਂ ਨੂੰ ਵਰਤਿਆ ਜਾ ਰਿਹਾ ਹੈ।
ਉਨ੍ਹਾ ਦੱਸਿਆ ਕਿ ਪੰਜਾਬ ਵਿੱਚ ਪਿੰਕਾਸੀਆ ਰੋਪੜ, ਅਮਲਤਾਸ ਹੋਟਲ ਲੁਧਿਆਣਾ, ਕੰਦਬਾ ਟੂਰਿਸਟ ਕੰਪਲੈਕਸ ਨੰਗਲ, ਸਿਲਵਰ ਓਕ ਟੂਰਿਸਟ ਕੰਪਲੈਕਸ ਮਲੋਟ, ਸੂਰਜਮੁਖੀ ਟੂਰਿਸਟ ਖਮਾਣੋਂ, ਚੰਪਾ ਟੂਰਿਸਟ ਹਟਸ ਆਨੰਦਪੁਰ ਸਾਹਿਬ, ਮੌਲਸਰੀ ਆਮ ਖਾਸ ਬਾਗ ਸਰਹਿੰਦ, ਟੂਰਿਸਟ ਓਇਸਸ ਲੁਧਿਆਣਾ, ਹੋਟਲ ਬਲਿਊ ਬੈਲ ਫਗਵਾੜਾ, ਲਾਜਵੰਤੀ ਫਿਲਿੰਗ ਸਟੇਸ਼ਨ ਹੁਸ਼ਿਆਰਪੁਰ, ਬੋਗਨਵਿਲਿਆ ਫਲੋਟਿੰਗ ਰੈਸਟੋਰੈਂਟ ਸਰਹਿੰਦ, ਮਗਨੋਲੀਆ ਟੂਰਿਸਟ ਕੰਪਲੈਕਸ ਕਰਤਾਰਪੁਰ, ਟੂਰਿਸਟ ਕੰਪਲੈਕਸ ਚੋਹਲ ਡੈਮ ਹੁਸ਼ਿਆਰਪੁਰ, ਐਥਨਿਕ ਸੈਂਟਰ ਚਮਕੌਰ ਸਾਹਿਬ, ਟੂਰਿਸਟ ਰਿਸੈਪਸ਼ਨ ਸੈਂਟਰ ਆਨੰਦਪੁਰ ਸਾਹਿਬ, ਥਰੇਤੀ (ਪਠਾਨਕੋਟ) ਤੇ ਆਈ ਅੱੈਚ ਐੱਮ ਬੂਥਗੜ੍ਹ (ਮੁਹਾਲੀ) ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਗੋਆ, ਧਰਮਸ਼ਾਲਾ, ਮਨਾਲੀ, ਮਸੂਰੀ ਤੇ ਜੈਪੁਰ ਵਿੱਚ ਵੀ ਪੰਜਾਬ ਸਰਕਾਰ ਦੀ ਮਾਲਕੀ ਵਾਲੇ ਟੂਰਿਸਟ ਕੰਪਲੈਕਸ ਹਨ, ਜਿਨ੍ਹਾਂ ਨੂੰ ਵਰਤਿਆ ਨਹੀਂ ਜਾ ਰਿਹਾ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਥਾਵਾਂ ਨੂੰ ਜਲਦ ਤੋਂ ਜਲਦ ਚਲਾ ਕੇ ਸੈਲਾਨੀਆਂ ਲਈ ਵਰਤੋ ਯੋਗ ਬਣਾਇਆ ਜਾਵੇ, ਤਾਂ ਜੋ ਵਿਭਾਗ ਨੂੰ ਇਸ ਤੋਂ ਚੋਖੀ ਕਮਾਈ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਟੂਰਿਸਟ ਕੰਪਲੈਕਸਾਂ ਨੂੰ ਚਲਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਹੈ ਅਤੇ ਉਹ ਇਸ ਪ੍ਰਾਜੈਕਟ ਹਰ ਹੀਲੇ ਜਲਦ ਤੋਂ ਜਲਦ ਸਿਰੇ ਲਾਉਣਗੇ, ਤਾਂ ਜੋ ਵਿਭਾਗ ਦੇ ਵਸੀਲਿਆ ਵਿੱਚ ਵਾਧਾ ਹੋ ਸਕੇ ਅਤੇ ਸੈਲਾਨੀਆਂ ਨੂੰ ਵੱਧ ਤੋਂ ਵੱਧ ਖਿੱਚਿਆ ਜਾਵੇ। ਉਨ੍ਹਾਂ ਹੋਟਲ ਸਨਅਤ ਨਾਲ ਜੁੜੇ ਵਿਅਕਤੀਆਂ ਨੂੰ ਵੀ ਕਿਹਾ ਕਿ ਉਹ ਵੀ ਇਸ ਸੰਬੰਧੀ ਕੋਈ ਤਜਵੀਜ਼ ਬਣਾਉਣ ਅਤੇ ਪੀ ਪੀ ਪੀ ਮੋਡ 'ਤੇ ਚਲਾਉਣ ਬਾਰੇ ਵੀ ਦੱਸਣ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਵਿਰਾਸਤੀ, ਸੱਭਿਆਚਾਰਕ ਤੇ ਧਾਰਮਕ ਸੈਲਾਨੀਆਂ ਲਈ ਸਭ ਤੋਂ ਵੱਧ ਢੁੱਕਵੀਂ ਥਾਂ ਹੈ ਅਤੇ ਇਸ ਨੂੰ ਖਿੱਚਣ ਲਈ ਵਿਭਾਗ ਵਿਸ਼ੇਸ਼ ਯੋਜਨਾ ਬਣਾਏਗਾ।