ਕੇ ਪੀ ਐੱਸ ਗਿੱਲ ਨਹੀਂ ਰਹੇ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
80ਵਿਆਂ ਦੇ ਅਖੀਰ ਅਤੇ 90ਵਿਆਂ ਦੇ ਸ਼ੁਰੂ 'ਚ ਵੱਖਵਾਦੀ ਖਾਲਿਸਤਾਨੀ ਦਹਿਸ਼ਤਗਰਦੀ ਨੂੰ ਕੁਚਲਣ ਲਈ ਜਾਣੇ ਜਾਂਦੇ ਪੰਜਾਬ ਪੁਲਸ ਦੇ ਸਾਬਕਾ ਮੁਖੀ ਸ੍ਰੀ ਕੇ ਪੀ ਐੱਸ ਗਿੱਲ ਨਹੀਂ ਰਹੇ। 82 ਸਾਲਾ ਗਿੱਲ ਨੇ ਸ਼ੁੱਕਰਵਾਰ ਨੂੰ ਦੁਪਹਿਰ ਢਾਈ ਵਜੇ ਦੇ ਕਰੀਬ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਆਖ਼ਰੀ ਸਾਹ ਲਿਆ।
ਸੁਪਰਕਾਪ ਦੇ ਨਾਂਅ ਨਾਲ ਮਸ਼ਹੂਰ ਕੰਵਰਪਾਲ ਸਿੰਘ ਗਿੱਲ ਨੂੰ 18 ਮਈ ਨੂੰ ਗੁਰਦੇ ਖ਼ਰਾਬ ਹੋਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਉਨ੍ਹਾ ਨੂੰ ਦਿਲ ਦਾ ਦੌਰਾ ਪਿਆ, ਜਿਹੜਾ ਉਨ੍ਹਾ ਲਈ ਜਾਨ ਲੇਵਾ ਸਾਬਤ ਹੋਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਨੇ ਗਿੱਲ ਨਾਲ ਬੜੀ ਨੇੜਿਓਂ ਕੰਮ ਕੀਤਾ ਸੀ, ਨੇ ਉਨ੍ਹਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੋਦੀ ਨੇ ਟਵੀਟ ਕੀਤਾ ਹੈ ਕਿ ਕੇ ਪੀ ਐੱਸ ਗਿੱਲ ਪੁਲਸ ਅਤੇ ਸੁਰੱਖਿਆ ਦੇ ਖੇਤਰ 'ਚ ਸਾਡੇ ਦੇਸ਼ ਲਈ ਆਪਣੀ ਸੇਵਾ ਵਾਸਤੇ ਯਾਦ ਕੀਤੇ ਜਾਣਗੇ। ਉਨ੍ਹਾ ਦੇ ਦੇਹਾਂਤ ਨਾਲ ਮੈਨੂੰ ਬਹੁਤ ਦੁੱਖ ਹੋਇਆ ਹੈ।
ਕੇ ਪੀ ਐੱਸ ਗਿੱਲ, ਜਿਨ੍ਹਾਂ ਪੰਜਾਬ ਪੁਲਸ ਦੇ ਮੁਖੀ ਵਜੋਂ ਦੋ ਵਾਰ ਸੇਵਾ ਨਿਭਾਈ, ਨੇ ਸੂਬੇ 'ਚੋਂ ਦਹਿਸ਼ਤਗਰਦੀ ਦੇ ਖਾਤਮੇ 'ਚ ਪ੍ਰਮੁੱਖ ਰੋਲ ਨਿਭਾਇਆ। 1995 'ਚ ਪੁਲਸ ਸੇਵਾ ਤੋਂ ਰਿਟਾਇਰ ਹੋਣ ਤੋਂ ਬਾਅਦ ਵੱਖ-ਵੱਖ ਰਾਜ ਸਰਕਾਰਾਂ ਵੱਲੋਂ ਉਨ੍ਹਾ ਨੂੰ ਮੁਸ਼ਕਲ ਹਾਲਾਤ 'ਤੇ ਕਾਬੂ ਪਾਉਣ 'ਚ ਮਦਦ ਵਾਸਤੇ ਸੱਦਿਆ ਜਾਂਦਾ ਰਿਹਾ। ਸੰਨ 2002 'ਚ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਨਰਿੰਦਰ ਮੋਦੀ ਨੇ ਉਨ੍ਹਾ ਨੂੰ ਸੂਬੇ 'ਚ ਗੋਧਰਾ ਕਾਂਡ ਪਿੱਛੋਂ ਭੜਕੇ ਦੰਗਿਆਂ 'ਤੇ ਕਾਬੂ ਪਾਉਣ ਅਤੇ ਪ੍ਰਸ਼ਾਸਨ 'ਚ ਭਰੋਸਾ ਬਹਾਲ ਕਰਨ ਲਈ ਆਪਣਾ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਸੀ। ਉਨ੍ਹਾ ਇਹ ਕੰਮ ਇੱਕ ਹਫਤੇ ਦੇ ਅੰਦਰ-ਅੰਦਰ ਹੀ ਨਿਪਟਾ ਦਿੱਤਾ ਸੀ। ਕਈ ਸਾਲ ਬਾਅਦ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਵੀ ਸੂਬੇ 'ਚ ਮਾਓਵਾਦੀਆਂ ਦੇ ਉਭਾਰ ਨੂੰ ਕਾਬੂ ਕਰਨ ਲਈ ਕੇ ਪੀ ਐੱਸ ਗਿੱਲ ਦੀਆਂ ਸੇਵਾਵਾਂ ਲਈਆਂ ਸਨ, ਪਰ ਗਿੱਲ ਉੱਥੇ ਜਿਆਦਾ ਦੇਰ ਨਹੀਂ ਟਿਕੇ। ਸੰਨ 2013 'ਚ ਐੱਨ ਡੀ ਟੀ ਵੀ ਨਾਲ ਇੱਕ ਮੁਲਾਕਾਤ ਦੌਰਾਨ ਗਿੱਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਰਮਨ ਸਿੰਘ ਮਾਓਵਾਦੀ ਹਿੰਸਾ 'ਤੇ ਕਾਬੂ ਪਾਉਣ ਪ੍ਰਤੀ ਗੰਭੀਰ ਨਹੀਂ ਸੀ। ਵਧੀਆ ਸੇਵਾਵਾਂ ਲਈ ਉਨ੍ਹਾ ਨੂੰ 1989 'ਚ ਪਦਮਸ੍ਰੀ ਨਾਲ ਸਨਮਾਨਤ ਕੀਤਾ ਗਿਆ। ਗਿੱਲ ਦਾ ਨਾਂਅ ਮਈ 1988 'ਚ ਉਸ ਸਮੇਂ ਚਰਚਾ ਵਿੱਚ ਆਇਆ, ਜਦੋਂ ਉਨ੍ਹਾ ਦਰਬਾਰ ਸਾਹਿਬ 'ਚ ਛੁਪੇ ਦਹਿਸ਼ਤਗਰਦਾਂ ਨੂੰ ਬਾਹਰ ਕੱਢਣ ਲਈ 'ਆਪ੍ਰੇਸ਼ਨ ਬਲੈਕ ਥੰਡਰ' ਦੀ ਅਗਵਾਈ ਕੀਤੀ। ਇਹ ਕਾਰਵਾਈ ਬਹੁਤ ਹੀ ਸਫਲ ਰਹੀ, ਕਿਉਂਕਿ ਫੌਜ ਵੱਲੋਂ 1984 'ਚ ਕੀਤੀ ਗਈ ਨੀਲਾ ਤਾਰਾ ਕਾਰਵਾਈ ਦੇ ਮੁਕਾਬਲੇ ਦਰਬਾਰ ਸਾਹਿਬ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ। ਬਲੈਕ ਥੰਡਰ ਕਾਰਵਾਈ ਦੌਰਾਨ 43 ਦਹਿਸ਼ਤਗਰਦ ਮਾਰੇ ਗਏ ਸਨ ਅਤੇ 67 ਹੋਰਨਾਂ ਨੇ ਆਤਮ ਸਮਰਪਣ ਕੀਤਾ ਸੀ।
ਸ. ਗਿੱਲ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਹਾਲਾਂਕਿ ਉਨ੍ਹਾ ਦਾ ਕਾਰਜਕਾਲ ਕਾਫ਼ੀ ਵਿਵਾਦਾਂ ਵਾਲਾ ਰਿਹਾ। ਉਨ੍ਹਾਂ ਦੋ ਸਾਲ ਪਹਿਲਾਂ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ 'ਤੇ ਹਾਕੀ ਇੰਡੀਆ 'ਚ ਧਾਂਦਲੀ ਦੇ ਦੋਸ਼ ਲਾਏ ਸਨ ਅਤੇ ਕਿਹਾ ਕਿ ਹਾਕੀ ਇੰਡੀਆ ਦੇ ਸਲਾਹਕਾਰ ਬੋਰਡ ਦਾ ਮੈਂਬਰ ਹੁੰਦਿਆਂ ਜੇਤਲੀ ਨੇ ਆਪਣੀ ਪੁੱਤਰੀ ਸੋਨਾਲੀ ਨੂੰ ਹਾਕੀ ਇੰਡੀਆ ਦਾ ਵਕੀਲ ਨਿਯੁਕਤ ਕਰਵਾਇਆ ਅਤੇ ਫੀਸ ਦੇ ਰੂਪ 'ਚ ਭਾਰੀ ਰਕਮ ਪ੍ਰਾਪਤ ਕੀਤੀ।
ਪੁਲਸ ਮੁਖੀ ਵਜੋਂ ਉਨ੍ਹਾ ਦਾ ਕਾਰਜਕਾਲ ਵਿਵਾਦਾਂ ਵਾਲਾ ਰਿਹਾ ਅਤੇ ਉਨ੍ਹਾ 'ਤੇ ਇੱਕ ਪਾਰਟੀ ਦੌਰਾਨ ਮਹਿਲਾ ਅਧਿਕਾਰੀ ਨਾਲ ਛੇੜਛਾੜ ਦੇ ਦੋਸ਼ ਵੀ ਲੱਗੇ ਸਨ। ਜਿੱਥੇ ਗਿੱਲ ਦੇ ਹਮਾਇਤੀ ਉਨ੍ਹਾ ਨੂੰ ਇੱਕ ਹੀਰੋ ਵਾਂਗ ਦੇਖਦੇ ਸਨ ਅਤੇ ਕੁਝ ਲੋਕ ਉਨ੍ਹਾ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਵੀ ਲਾਉਂਦੇ ਰਹੇ ਹਨ।