ਪੰਜਾਬ ਕਾਂਗਰਸ ਵੱਲੋਂ ਪੰਡਤ ਨਹਿਰੂ ਨੂੰ ਸ਼ਰਧਾਂਜਲੀਆਂ ਭੇਟ


ਚੰਡੀਗੜ੍ਹ (ਕ੍ਰਿਸ਼ਨ ਗਰਗ)
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਨਵੇਂ ਭਾਰਤ ਦੇ ਬਾਨੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾ ਦੀ 53ਵੀਂ ਬਰਸੀ 'ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਇਸ ਸੰਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਪੰਜਾਬ ਕਾਂਗਰਸ ਭਵਨ ਵਿਖੇ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਡਤ ਨਹਿਰੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇਹ ਪਹਿਲੇ ਪ੍ਰਧਾਨ ਮੰਤਰੀ ਦੀ ਅਗਾਂਹਵਧੂ, ਧਰਮ-ਨਿਰਪੱਖ ਅਤੇ ਉਦਾਰਵਾਦੀ ਸੋਚ ਦਾ ਹੀ ਸਿੱਟਾ ਹੈ ਕਿ ਭਾਰਤ ਅੱਜ ਦੁਨੀਆ ਦਾ ਸੱਭ ਤੋਂ ਵੱਡਾ ਅਤੇ ਕਾਮਯਾਬ ਲੋਕਤੰਤਰ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਦੋਂ ਅਸੀਂ ਆਪਣੇ ਆਲੇ-ਦੁਆਲੇ ਝਾਤ ਮਾਰਦੇ ਹਾਂ ਤਾਂ ਦੂਸਰੇ ਦੇਸ਼ਾਂ ਵਿੱਚ ਅਨੇਕਾਂ ਟਕਰਾਅ ਦਿਖਾਈ ਦਿੰਦੇ ਹਨ। ਅਸੀਂ ਪੰਡਤ ਨਹਿਰੂ ਵਰਗੇ ਸਾਡੇ ਮਹਾਨ ਆਗੂਆਂ ਦੀ ਸੋਚ ਦੀ ਪ੍ਰਸੰਸਾ ਕਰਦੇ ਹਾਂ, ਜੋ ਵਿਰਾਸਤ ਵਿੱਚ ਸਾਨੂੰ ਲੋਕਤੰਤਰ ਅਤੇ ਧਰਮ-ਨਿਰਪੱਖ ਵਰਗੀਆਂ ਰਵਾਇਤਾਂ ਸੌਂਪ ਕੇ ਗਏ।
ਸ੍ਰੀ ਜਾਖੜ ਨੇ ਕਿਹਾ ਕਿ ਪੰਡਤ ਨਹਿਰੂ ਨੇ ਸਿਰਫ ਭਾਰਤ ਦੀ ਮਜ਼ਬੂਤ ਰਾਜਨੀਤਕ ਅਤੇ ਲੋਕਤੰਤਰੀ ਬੁਨਿਆਦ ਹੀ ਨਹੀਂ ਰੱਖੀ, ਸਗੋਂ ਦੇਸ਼ ਦੇ ਕਰੋੜਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਮੁੱਚੇ ਵਿਕਾਸ ਦੀ ਰਚਨਾ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਿਧਾਇਕ ਹਾਜ਼ਰ ਸਨ।