ਨਿਤਿਸ਼ ਨੇ ਕੀਤਾ ਮੋਦੀ ਨਾਲ ਦੁਪਹਿਰ-ਭੋਜ; ਨਵੀਆਂ ਕਿਆਸ-ਅਰਾਈਆਂ ਸ਼ੁਰੂ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇੱਕ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਆਪੋਜ਼ੀਸ਼ਨ ਆਗੂਆਂ ਦੀ ਮੀਟਿੰਗ 'ਚ ਸ਼ਾਮਲ ਨਾ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੰਚ 'ਚ ਸ਼ਿਰਕਤ ਕੀਤੀ ਅਤੇ ਖਾਣੇ ਮਗਰੋਂ ਮੋਦੀ ਨਾਲ ਵੱਖਰੇ ਤੌਰ 'ਤੇ ਮੁਲਾਕਾਤ ਕੀਤੀ।
ਸਿਆਸੀ ਹਲਕਿਆਂ 'ਚ ਇਸ ਮੁਲਾਕਾਤ ਦੇ ਕਈ ਅਰਥ ਕੱਢੇ ਜਾ ਰਹੇ ਹਨ, ਪਰ ਨਿਤੀਸ਼ ਨੇ ਕਿਹਾ ਕਿ ਇਸ ਦਾ ਸਿਆਸੀ ਅਰਥ ਨਹੀਂ ਕੱਢਿਆ ਜਾਣਾ ਚਾਹੀਦਾ। ਉਨ੍ਹਾ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਬਿਹਾਰ 'ਚ ਹੜ੍ਹ ਦੀ ਸਮੱਸਿਆ, ਵਿਸ਼ੇਸ਼ ਰਾਜ ਦੇ ਕਰਜ਼ੇ ਸਮੇਤ ਸੂਬੇ ਨਾਲ ਸੰਬੰਧਤ ਹੋਰ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਅਤੇ ਕੇਂਦਰ ਸਰਕਾਰ ਤੋਂ ਸਹਿਯੋਗ ਮੰਗਿਆ।
ਉਨ੍ਹਾ ਕਿਹਾ ਕਿ 10 ਦਿਨਾਂ ਮਗਰੋਂ ਮਾਨਸੂਨ ਆਉਣ 'ਤੇ ਸੂਬੇ 'ਚ ਹੜ੍ਹ ਦੀ ਸਮੱਸਿਆ ਨਾਲ ਜੂਝਣਾ ਪਵੇਗਾ। ਉਨ੍ਹਾਂ ਦੀ ਇਸ ਅਪੀਲ ਨੂੰ ਮੋਦੀ ਨੇ ਪ੍ਰਵਾਨ ਕਰ ਲਿਆ। ਉਨ੍ਹਾ ਨੇ ਲਾਲੂ ਪਰਵਾਰ 'ਤੇ ਲੱਗ ਰਹੇ ਦੋਸ਼ਾਂ ਬਾਰੇ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੋਨੀਆ ਵੱਲੋਂ ਸੱਦੀ ਮੀਟਿੰਗ 'ਚ ਸ਼ਾਮਲ ਨਾ ਹੋਣ 'ਤੇ ਸਫ਼ਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ 20 ਅਪ੍ਰੈਲ ਨੂੰ ਸੋਨੀਆ ਗਾਂਧੀ ਨੂੰ ਮਿਲ ਕੇ ਜ਼ਰੂਰੀ ਮੁੱਦਿਆਂ 'ਤੇ ਗੱਲਬਾਤ ਕਰ ਚੁੱਕੇ ਹਨ। ਉਨ੍ਹਾ ਕਿਹਾ ਕਿ ਪਾਰਟੀ ਵੱਲੋਂ ਸਾਬਕਾ ਪ੍ਰਧਾਨ ਸ਼ਰਦ ਯਾਦਵ ਨੇ ਮੀਟਿੰਗ 'ਚ ਹਿੱਸਾ ਲਿਆ ਸੀ ਅਤੇ ਮੇਰੇ ਮੀਟਿੰਗ 'ਚ ਸ਼ਾਮਲ ਨਾ ਹੋਣ ਦਾ ਗਲਤ ਮਤਲਬ ਕੱਢਿਆ ਗਿਆ।
ਜ਼ਿਕਰਯੋਗ ਹੈ ਕਿ ਜਨਤਾ ਦਲ (ਯੂ) ਨੇ 2013 'ਚ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ। ਮੋਦੀ ਨੂੰ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਉਮੀਦਵਾਰ ਬਣਾਉਣ ਦੇ ਵਿਰੋਧ ਵਜੋਂ ਪਾਰਟੀ ਨੇ ਇਹ ਕਦਮ ਚੁੱਕਿਆ ਸੀ ਅਤੇ ਵਿੱਚ-ਵਿਚਾਲੇ ਉਹ ਮੋਦੀ ਵਿਰੁੱਧ ਬਿਆਨ ਦਿੰਦੇ ਰਹੇ, ਪਰ ਪਿਛਲੇ ਸਾਲ ਨਵੰਬਰ ਮਹੀਨੇ ਉਨ੍ਹਾ ਦੇ ਰੁਖ 'ਚ ਉਸ ਵੇਲੇ ਵੱਡਾ ਬਦਲਾਅ ਦੇਖਣ ਨੂੰ ਮਿਲਿਆ, ਜਦੋਂ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਦੇ ਉਲਟ ਰੁਖ ਦੇ ਬਾਵਜੂਦ ਨੋਟਬੰਦੀ ਦੇ ਮੋਦੀ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਿਹਾਰ 'ਚ ਸ਼ਰਾਬਬੰਦੀ ਲਾਗੂ ਕਰਨ ਲਈ ਨਿਤੀਸ਼ ਕੁਮਾਰ ਦੀ ਸ਼ਲਾਘਾ ਕੀਤੀ ਅਤੇ ਹਾਲ ਹੀ 'ਚ ਉਨ੍ਹਾ ਨੇ ਇੱਕ ਟਵੀਟ ਰਾਹੀਂ ਨਿਤੀਸ਼ ਕੁਮਾਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ।
ਸਿਆਸੀ ਮਾਹਿਰਾਂ ਅਨੁਸਾਰ ਲਾਲੂ ਦੇ ਦਬਾਅ ਨੂੰ ਹਟਾਉਣ ਲਈ ਨਿਤੀਸ਼ ਕੁਮਾਰ ਨੇ ਇਹ ਰਣਨੀਤੀ ਅਪਨਾਈ ਹੈ।