Latest News
ਮਾਲ ਵਿਭਾਗ ਦੇ ਰਿਕਾਰਡ ਦੀ ਭੰਨ-ਤੋੜ ਨੂੰ ਵੀ ਫਰੋਲਣ ਦੀ ਲੋੜ

Published on 27 May, 2017 10:57 AM.

ਬਠਿੰਡਾ (ਬਖਤੌਰ ਢਿੱਲੋਂ/ਜਸਪਾਲ ਸਿੱਧੂ)
ਲਾਸ਼ਾਂ ਚੌਰਾਹੇ ਵਿੱਚ ਰੱਖ ਕੇ ਸੰਘਰਸ਼ਸ਼ੀਲ ਜਥੇਬੰਦੀਆਂ ਮਰ ਚੁੱਕੇ ਕਿਸਾਨਾਂ ਦੇ ਪੀੜਤ ਪਰਵਾਰਾਂ ਲਈ ਇੱਕ-ਇੱਕ ਸਰਕਾਰੀ ਨੌਕਰੀ ਤੇ ਦਸ-ਦਸ ਲੱਖ ਰੁਪਏ ਦੀ ਮੰਗ ਕਰ ਰਹੀਆਂ ਹਨ, ਮੁੱਖ ਮੰਤਰੀ ਕੁਝ ਮਹੀਨੇ ਹੋਰ ਉਡੀਕਣ ਦੇ ਵਾਸਤੇ ਪਾ ਕੇ ਆਤਮ ਹੱਤਿਆਵਾਂ ਨਾ ਕਰਨ ਦੀਆਂ ਅਪੀਲਾਂ ਕਰ ਰਿਹਾ ਹੈ। ਖੁਦਕੁਸ਼ੀਆਂ ਦਾ ਅਮਲ ਜਾਰੀ ਹੀ ਨਹੀਂ ਲਗਾਤਾਰ ਵਧ ਰਿਹੈ, ਅਸਲ ਕਾਰਨ ਕੀ ਹੈ? ਵਿਦਵਾਨ ਮਾਹਰ ਅੰਕੜਿਆਂ ਦੇ ਜੋੜ-ਘਟਾਓ ਨਾਲ ਮਗਜ਼ਪੱਚੀ ਕਰ ਰਹੇ ਹਨ, ਪਰੰਤੂ ਅਸਲੀਅਤ ਦਾ ਇੱਕ ਪਹਿਲੂ ਮਾਲ ਵਿਭਾਗ ਦੇ ਉਸ ਰਿਕਾਰਡ ਵਿੱਚ ਹੋਈ ਭੰਨ-ਤੋੜ 'ਚ ਡੁੱਬਿਆ ਪਿਐ, ਜਿਸ ਨੂੰ ਹੁਣ ਤੱਕ ਨਾ ਤਾਂ ਕਿਸੇ ਜ਼ਿੰਮੇਵਾਰ ਅਧਿਕਾਰੀ ਨੇ ਫਰੋਲਿਆ ਹੈ ਅਤੇ ਭਵਿੱਖ ਵਿੱਚ ਸ਼ਾਇਦ ਹੀ ਕੋਈ ਫਰੋਲੇ।
ਇਸ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਲਹਿਰਾ ਬੇਗਾ ਦਾ ਕਿਸਾਨ ਜਸਵੰਤ ਸਿੰਘ ਜੇ ਆਪਣੇ ਹੀ ਹਲਕੇ ਦੇ ਪਟਵਾਰੀ ਦੇ ਦਫ਼ਤਰ ਵਿੱਚ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਨਾ ਕਰਦਾ, ਤਾਂ ਪੱਤਰਕਾਰਾਂ ਦੀ ਇਸ ਟੀਮ ਨੇ ਵੀ ਹਕੀਕਤ ਦੀ ਤਹਿ ਤੱਕ ਪੁੱਜਣ ਦਾ ਯਤਨ ਨਹੀਂ ਸੀ ਕਰਨਾ। ਜਸਵੰਤ ਸਿੰਘ ਨੇ ਮੌਤ ਨੂੰ ਇਸ ਲਈ ਗਲ ਲਾ ਲਿਆ, ਕਿਉਂਕਿ ਕੁਲ 3 ਕਨਾਲ 8 ਮਰਲੇ ਜ਼ਮੀਨ ਦੇ ਟੁਕੜੇ 'ਚੋਂ ਅਸਮਾਨ ਵਿੱਚ ਮੋਰੀਆਂ ਕਰਕੇ ਟਾਕੀਆਂ ਲਾਉਣ ਵਾਲੇ ਵਜੋਂ ਜਾਣੇ ਜਾਂਦੇ ਪਟਵਾਰੀ ਜਗਜੀਤ ਸਿੰਘ ਨੇ 24 ਨਵੰਬਰ 1996 ਨੂੰ ਹੋਇਆ ਇੱਕ ਫ਼ਰਜ਼ੀ ਤਬਾਦਲਾ ਦਿਖਾ ਕੇ 3 ਕਨਾਲ ਜ਼ਮੀਨ ਆਪਣੇ ਇੱਕ ਦਲਾਲ ਰਾਜ ਸਿੰਘ ਦੇ ਪਿਤਾ ਹਰਨੇਕ ਸਿੰਘ ਦੇ ਨਾਂਅ ਤਬਦੀਲ ਕਰ ਦਿੱਤੀ, ਜਦ ਕਿ ਬਾਕੀ ਬਚਦੀ 8 ਮਰਲੇ ਜ਼ਮੀਨ 'ਚੋਂ ਜਸਵੰਤ ਸਿੰਘ ਨੂੰ ਸਿਰਫ ਨੌਵੇਂ ਹਿੱਸੇ ਦੇ ਮਾਲਕ ਤੱਕ ਸੀਮਤ ਕਰ ਦਿੱਤਾ।
ਇਸ ਗੋਰਖਧੰਦੇ ਨੂੰ ਅੰਜਾਮ ਕਿਉਂ ਦਿੱਤਾ ਗਿਆ? ਸੰਬੰਧਤ ਜ਼ਮੀਨ ਪੰਜਾਬ ਦੇ ਮੰਡੀ ਬੋਰਡ ਵੱਲੋਂ ਭੁੱਚੋ ਮੰਡੀ ਦੀ ਦਾਣਾ ਮੰਡੀ ਲਈ ਇਕੁਆਇਰ ਕਰ ਲਈ ਸੀ। 2013 ਵਿੱਚ ਪਾਰਲੀਮੈਂਟ ਵੱਲੋਂ ਬਣਾਏ ਨਵੇਂ ਐਕੁਜੀਸ਼ਨ ਐਕਟ ਮੁਤਾਬਿਕ ਕਿਉਂਕਿ ਕਿਸਾਨਾਂ ਨੂੰ ਪ੍ਰਚੱਲਤ ਕੀਮਤ ਨਾਲੋਂ ਮੁਆਵਜ਼ਾ ਚਾਰ ਗੁਣਾਂ ਵੱਧ ਮਿਲਣਾ ਸੀ, ਇਸ ਲਈ ਪਟਵਾਰੀ ਅਤੇ ਉਸ ਦੇ ਦਲਾਲ ਨੇ ਮੋਟੀ ਰਕਮ ਖ਼ੁਦ ਹੜੱਪਣ ਵਾਸਤੇ ਪੜ੍ਹਤ ਪਟਵਾਰ ਵਿੱਚ ਕੱਟ-ਵੱਢ ਕਰ ਦਿੱਤੀ, ਜਦ ਕਿ ਪੜ੍ਹਤ ਸਰਕਾਰ ਵਿੱਚ ਅੱਜ ਵੀ ਅਸਲੀਅਤ ਜਿਉਂ ਦੀ ਤਿਉਂ ਹੈ।
ਬਣਦਾ ਮੁਆਵਜ਼ਾ ਨਾ ਮਿਲਣ 'ਤੇ ਜਦ ਕਿਸਾਨ ਜਸਵੰਤ ਸਿੰਘ ਨੇ ਪੁੱਛ-ਪੜਤਾਲ ਕੀਤੀ ਤਾਂ ਉਸ ਨੂੰ ਆਪਣੇ ਨਾਲ ਹੋਈ ਜੱਗੋਂ ਤੇਰ੍ਹਵੀਂ ਠੱਗੀ ਦਾ ਪਤਾ ਲੱਗ ਗਿਆ। ਜਾਨ ਨਾਲੋਂ ਵੀ ਪਿਆਰੀ ਜ਼ਮੀਨ ਦੇ ਖੁੱਸਣ ਦਾ ਸਦਮਾ ਬਰਦਾਸ਼ਤ ਨਾ ਕਰਦਾ ਹੋਇਆ ਉਹ ਖ਼ੁਦ ਤਾਂ ਆਤਮ-ਹੱਤਿਆ ਕਰ ਗਿਆ, ਪਰ ਉਸ ਦੀ ਲਾਸ਼ ਪੂਰਾ ਇੱਕ ਹਫ਼ਤਾ ਇੱਕ ਤੋਂ ਦੂਜੀ ਸੜਕ ਅਤੇ ਚੌਕਾਂ ਤੱਕ ਕਿਸਾਨਾਂ ਦੀ ਦਰਦ ਕਹਾਣੀ ਦੇ ਸੰਘਰਸ਼ਾਂ ਦੀ ਜਾਮਨ ਬਣ ਕੇ ਸਫਰ ਕਰਦੀ ਰਹੀ। ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੇ ਉਲਟ ਖਾਕੀ ਵਰਦੀ ਪਾ ਕੇ ਲਾਟ ਸਾਹਿਬਾਂ ਦੇ ਤਾਬਿਆਦਾਰ ਬਣੇ ਕਿਸਾਨਾਂ, ਮਜ਼ਦੂਰਾਂ ਦੇ ਪੁੱਤ ਆਪਣੇ ਹੀ ਬਜ਼ੁਰਗਾਂ ਅਤੇ ਭਰਾਵਾਂ ਦਾ ਕੁਟਾਪਾ ਚਾੜ੍ਹਦੇ ਰਹੇ। ਮਾਮਲਾ ਇੱਥੋਂ ਤੱਕ ਹੀ ਸੀਮਤ ਨਹੀਂ ਰਿਹਾ, ਧਰਤੀ ਦੇ ਪੁੱਤਾਂ ਦੀਆਂ ਵੋਟਾਂ ਲੈਣ ਵਾਲੇ ਲੋਕ ਨੁਮਾਇੰਦਿਆਂ ਦੇ ਟੁਕੜਬੋਚ ਪਟਵਾਰੀ ਸਾਹਿਬ ਨਾਲ ਰਾਜ਼ੀਨਾਮਾ ਕਰਨ ਦਾ ਦਬਾਅ ਪਾਉਣ ਵਾਲਾ ਫ਼ਰਜ਼ ਨਿਭਾਉਂਦੇ ਰਹੇ।
ਜਦ ਪ੍ਰਚਾਉਣ ਅਤੇ ਦਬਕਾਉਣ ਦਾ ਹਰ ਹਰਬਾ ਫੇਲ੍ਹ ਹੋ ਗਿਆ, ਤਾਂ ਸਿਵਲ ਤੇ ਪੁਲਸ ਪ੍ਰਸ਼ਾਸਨ ਪਟਵਾਰੀ ਜਗਜੀਤ ਸਿੰਘ, ਉਸ ਦੇ ਸਹਾਇਕ ਤਿਰਲੋਚਨ ਸਿੰਘ ਅਤੇ ਦਲਾਲ ਰਾਜ ਸਿੰਘ ਵਿਰੁੱਧ ਕਿਸਾਨ ਜਸਵੰਤ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਕਰਨ ਲਈ ਮਜਬੂਰ ਹੋਣਾ ਪਿਆ। ਇਸ ਸਾਰੇ ਘਟਨਾਕ੍ਰਮ ਦਾ ਇੱਕ ਚੰਗਾ ਪਹਿਲੂ ਇਹ ਵੀ ਹੈ ਕਿ ਇਹ ਪਹਿਲਾ ਮੌਕਾ ਹੈ, ਜਦ ਪਟਵਾਰ ਯੂਨੀਅਨ ਨੇ ਆਪਣੇ ਮੈਂਬਰ ਦੇ ਹੱਕ ਵਿੱਚ ਕਿਸੇ ਕਿਸਮ ਦੀ ਮੁਹਿੰਮ ਨਹੀਂ ਚਲਾਈ। ਪਟਵਾਰੀ ਜਗਜੀਤ ਸਿੰਘ ਦੇ ਇਸ ਕਾਰਨਾਮੇ ਤੋਂ ਬਾਅਦ ਜਦ ਪਿੰਡ 'ਚੋਂ ਹੋਰ ਪੁੱਛ-ਪੜਤਾਲ ਕੀਤੀ ਤਾਂ ਇੱਕ ਅਜਿਹੇ ਪਰਵਾਰ ਨਾਲ ਵੱਜੀ ਠੱਗੀ ਦੇ ਪੁਖਤਾ ਸਬੂਤ ਮਿਲੇ, ਜਿਸ ਦੀ ਇੱਕ ਔਰਤ ਤੋਂ ਬਿਨਾਂ ਬਾਕੀ ਸਾਰੇ ਹੀ ਗੁੰਗੇ ਅਤੇ ਬੋਲੇ ਹਨ।
ਇਸ ਪਰਵਾਰ ਦੀ ਵੀ ਇੱਕ ਏਕੜ ਜ਼ਮੀਨ ਦਾਣਾ ਮੰਡੀ ਲਈ ਇਕੁਆਇਰ ਕਰਨ ਦੀ ਤਜਵੀਜ਼ ਬਣੀ ਹੋਈ ਸੀ। ਪਟਵਾਰੀ ਜਗਜੀਤ ਸਿੰਘ ਨੇ ਜਮ੍ਹਾਂਬੰਦੀ ਦੇ ਸਫ਼ਾ ਨੰਬਰ 23 ਅਤੇ 24 ਦਰਮਿਆਨ ਇੱਕ 85 ਨੰਬਰ ਦਾ ਅਜਿਹਾ ਸਫ਼ਾ ਪਾ ਦਿੱਤਾ, ਜਿਸ ਉੱਪਰ ਇਹ ਦਰਸਾਇਆ ਹੋਇਆ ਹੈ ਕਿ 31 ਅਗਸਤ 2012 ਨੂੰ ਇਸ ਪਰਵਾਰ ਦੇ ਮੈਂਬਰਾਂ ਪ੍ਰਧਾਨ ਕੌਰ, ਨਾਥ ਸਿੰਘ ਅਤੇ ਮੰਗਤ ਸਿੰਘ ਨੇ ਪਟਵਾਰੀ ਦੀ ਮਾਂ ਗੁਰਮੇਲ ਕੌਰ ਪਤਨੀ ਮੱਖਣ ਸਿੰਘ ਵਾਸੀ ਗੰਗਾ ਨਾਲ ਤਬਾਦਲਾ ਕਰਕੇ ਉਕਤ ਇੱਕ ਏਕੜ ਜ਼ਮੀਨ ਉਸ ਨੂੰ ਦੇ ਦਿੱਤੀ ਅਤੇ ਉਸ ਤੋਂ ਗੰਗਾ ਪਿੰਡ ਵਿਖੇ ਓਨੀ ਹੀ ਜ਼ਮੀਨ ਲੈ ਲਈ। ਦਿਲਚਸਪ ਤੱਥ ਇਹ ਹੈ ਕਿ ਇਸ ਸੰਬੰਧੀ ਸਫ਼ਾ ਨੰਬਰ 85 'ਤੇ ਗ਼ੰਗਾ ਪਿੰਡ ਦੇ ਰੋਜ਼ਨਾਮਚਾ ਪਟਵਾਰ ਵਿੱਚ ਜੋ 657 ਨੰਬਰ ਰਪਟ ਦਰਜ ਕੀਤੀ ਦਿਖਾਈ ਗਈ ਹੈ, ਅਸਲ ਵਿੱਚ ਉਸ ਦੀ ਉੱਕਾ ਹੀ ਹੋਂਦ ਨਹੀਂ।
ਇਸ ਜਾਲ੍ਹਸਾਜ਼ੀ ਨੂੰ ਪਟਵਾਰੀ ਜਗਜੀਤ ਨੇ ਉਸ ਵੇਲੇ ਅਸਲੀਅਤ ਬਣਾਉਣ ਦਾ ਯਤਨ ਕੀਤਾ, ਜਦ ਜਸਵੰਤ ਸਿੰਘ ਦੀ ਆਤਮ-ਹੱਤਿਆ ਦਾ ਮਾਮਲਾ ਸਿਖ਼ਰ 'ਤੇ ਪੁੱਜ ਚੁੱਕਾ ਸੀ। ਕਾਹਲੀ-ਕਾਹਲੀ ਵਿੱਚ ਜਗਜੀਤ ਨੇ ਗਿੱਦੜ ਪਿੰਡ ਦੇ ਰੋਜ਼ਨਾਮਚੇ ਵਿੱਚ ਇੱਕ ਹੋਰ ਰਪਟ ਨੰਬਰ 573 ਦਰਜ ਕਰ ਦਿੱਤੀ, ਜਿਸ ਰਾਹੀਂ ਇਹ ਦਰਸਾਉਣ ਦਾ ਅਸਫਲ ਯਤਨ ਕੀਤਾ ਗਿਆ ਕਿ ਪਟਵਾਰੀ ਦੀ ਮਾਂ ਗੁਰਮੇਲ ਕੌਰ ਨੇ ਉਸ ਪਿੰਡ ਵਿੱਚ ਲਹਿਰਾ ਬੇਗਾ ਵਾਲੇ ਗੁੰਗੇ-ਬੋਲੇ ਪਰਵਾਰ ਨੂੰ ਜ਼ਮੀਨ ਦੇ ਦਿੱਤੀ ਹੈ। ਜਦ ਰਿਕਾਰਡ ਦੀ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਸਵਾਏ ਰਪਟ ਤੋਂ ਗਿੱਦੜ ਪਿੰਡ ਵਿੱਚ ਲਹਿਰਾ ਬੇਗਾ ਪਰਵਾਰ ਦੇ ਨਾਂਅ ਅਮਲੀ ਤੌਰ 'ਤੇ ਜ਼ਮੀਨ ਦਾ ਇੱਕ ਇੰਚ ਵੀ ਤਬਦੀਲ ਨਹੀਂ ਹੋਇਆ, ਕਿਉਂਕਿ ਨਾ ਤਾਂ ਉਥੋਂ ਦੀ ਜਮ੍ਹਾਂਬੰਦੀ ਵਿੱਚ ਕੋਈ ਇੰਦਰਾਜ਼ ਹੈ ਅਤੇ ਨਾ ਹੀ ਇੰਤਕਾਲ ਦਰਜ ਹੈ।
ਇਸ ਗੋਰਖਧੰਦੇ ਰਾਹੀਂ ਪਟਵਾਰੀ ਨੇ ਆਪਣੀ ਮਾਂ ਗੁਰਮੇਲ ਕੌਰ ਨੂੰ ਉਸ ਜ਼ਮੀਨ ਬਦਲੇ ਮੁਆਵਜ਼ੇ ਵਜੋਂ ਮਿਲਿਆ ਕਰੀਬ 90 ਲੱਖ ਰੁਪਈਆ ਚੁਕਵਾ ਦਿੱਤਾ, ਜੋ ਜਾਲ੍ਹਸਾਜ਼ੀ ਨਾਲ ਗੁੰਗੇ-ਬੋਲਿਆਂ ਦੇ ਪਰਵਾਰ ਤੋਂ ਹਥਿਆਈ ਸੀ। ਇਸ ਮਾਮਲੇ ਦਾ ਦੁਖਦਾਈ ਪਹਿਲੂ ਇਹ ਹੈ ਕਿ ਗੁੰਗੇ-ਬੋਲਿਆਂ ਦਾ ਪਰਵਾਰ ਅਜੇ ਵੀ ਇਹ ਸਮਝ ਬਣਾਈ ਬੈਠਾ ਹੈ ਕਿ ਜੇਲ੍ਹ ਦੀ ਦਾਲ ਪੀ ਰਿਹਾ ਪਟਵਾਰੀ ਜਗਜੀਤ ਕਿਸੇ ਹੋਰ ਪਿੰਡ ਉਹਨਾਂ ਨੂੰ ਜ਼ਮੀਨ ਦੁਆ ਦੇਵੇਗਾ। ਪ੍ਰਸ਼ਾਸਨ ਦੀ ਪਹਿਲਕਦਮੀ ਤੇ ਡਾਕਟਰਾਂ ਦੀ ਇੱਕ ਟੀਮ ਵੀ ਗੁੰਗਿਆਂ-ਬੋਲਿਆਂ ਦੀ ਮਾਨਸਿਕ ਤੇ ਸਰੀਰਕ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਉਹਨਾਂ ਦਾ ਡਾਕਟਰੀ ਮੁਆਇਨਾ ਕਰ ਚੁੱਕੀ ਹੈ। ਸੰਪਰਕ ਕਰਨ 'ਤੇ ਡਿਪਟੀ ਕਮਿਸਨਰ ਦੀਪਰਵਾ ਲਾਕੜਾ ਨੇ ਪਟਵਾਰੀ ਵੱਲੋਂ ਕੀਤੇ ਘਪਲਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ।
ਇਹ ਰਾਮ ਕਹਾਣੀ ਸਿਰਫ ਉਹਨਾਂ ਦੋ ਪਿੰਡਾਂ ਦੀ ਹੈ, ਜਿੱਥੇ ਪਿਛਲੇ ਅਰਸੇ ਦੌਰਾਨ ਪਟਵਾਰੀ ਜਗਜੀਤ ਸਿੰਘ ਦੀ ਤਾਇਨਾਤੀ ਸੀ। ਚੱਲ ਰਹੀ ਦੰਦ-ਕਥਾ ਮੁਤਾਬਕ ਇਸ ਪਟਵਾਰੀ ਨੇ ਉਹਨਾਂ ਪਿੰਡਾਂ ਦੀ ਸ਼ਾਮਲਾਤ ਨਾਲ ਸੰਬੰਧਤ ਜ਼ਮੀਨ ਵੀ ਜਾਲਸਾਜ੍ਹੀ ਦੇ ਓਟ ਆਸਰੇ ਨਾਲ ਆਪਣੇ ਕੁਝ ਨਜ਼ਦੀਕੀਆਂ ਦੇ ਨਾਂਅ ਤਬਦੀਲ ਕਰ ਦਿੱਤੀ। ਇਹ ਜਾਲ੍ਹਸਾਜ਼ੀ ਤਹਿਸੀਲ ਨਥਾਣਾ ਤੱਕ ਹੀ ਸੀਮਤ ਨਹੀਂ, ਜੇਕਰ ਰਾਜ ਸਰਕਾਰ ਸਮੁੱਚੇ ਪੰਜਾਬ ਦੇ ਮਾਲ ਵਿਭਾਗ ਦੇ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕਰਵਾਵੇ ਤਾਂ ਆਮ ਕਿਸਾਨਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਆਤਮ ਹੱਤਿਆਵਾਂ ਦਾ ਇੱਕ ਹੋਰ ਵੱਡਾ ਕਾਰਨ ਵੀ ਜੱਗ-ਜ਼ਾਹਰ ਹੋ ਸਕਦਾ ਹੈ।

892 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper