ਸਿੱਖਾਂ ਦੀ ਕੁੱਟਮਾਰ ਕਰਨ ਵਾਲੇ 3 ਰਾਜਸਥਾਨੀ ਗ੍ਰਿਫਤਾਰ ਪੁਲਸ ਕਾਂਸਟੇਬਲ ਨੂੰ ਵੀ ਹਟਾਇਆ


ਅਜਮੇਰ (ਨਵਾਂ ਜ਼ਮਾਨਾ ਸਰਵਿਸ)-ਬੀਤੇ ਅਪ੍ਰੈਲ ਮਹੀਨੇ ਰਾਜਸਥਾਨ ਦੇ ਅਜਮੇਰ ਵਿੱਚ 4 ਸਿੱਖਾਂ ਦੀ ਕੁੱਟਮਾਰ ਮਾਮਲੇ ਵਿੱਚ ਪੁਲਸ ਨੇ ਪਿੰਡ ਚੈਨਪੁਰਾ ਦੇ ਸਰਪੰਚ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਸਰਪੰਚ ਰਾਮਦੇਵ ਸਿੰਘ, ਪਿੰਡ ਵਾਸੀ ਸ਼ਰਵਣ ਸਿੰਘ ਤੇ ਰਾਜੂ ਨੂੰ ਗ੍ਰਿਫਤਾਰ ਕਰ ਲਿਆ ਹੈ। ਸਰਪੰਚ ਰਾਮਦੇਵ ਸਿੰਘ ਨੇ 4 ਸਿੱਖ ਵਿਅਕਤੀਆਂ ਖਿਲਾਫ ਸ਼ਿਕਾਇਤ ਵੀ ਕੀਤੀ ਸੀ।ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਇੱਕ ਪੁਲਸ ਕਾਂਸਟੇਬਲ ਨੂੰ ਵੀ ਹਟਾ ਦਿੱਤਾ ਗਿਆ ਹੈ।
ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੂੰ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਕਾਰਵਾਈ ਕਰਨ ਲਈ ਕਹੇ ਜਾਣ ਤੋਂ ਬਾਅਦ ਹੋਈ ਹੈ। ਕੈਪਟਨ ਤੋਂ ਇਲਾਵਾ ਐੱਸ ਜੀ ਪੀ ਸੀ, ਡੀ ਐੱਸ ਜੀ ਐੱਮ ਸੀ ਤੇ ਅਕਾਲੀ ਆਗੂਆਂ ਵੱਲੋਂ ਵੀ ਮੁੱਖ ਮੰਤਰੀ ਸਿੰਧੀਆ ਨੂੰ ਇਨਸਾਫ ਲਈ ਚਿੱਠੀਆਂ ਲਿਖੀਆਂ ਗਈਆਂ ਸਨ।ਪੀੜਤ 4 ਸਿੱਖਾਂ ਵਿੱਚੋਂ ਇੱਕ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਅਲਵਰ ਜ਼ਿਲ੍ਹੇ ਦੇ ਖੈਰਥਲ ਗੁਰੂ ਘਰ ਦੇ ਲੰਗਰ ਲਈ ਪਿੰਡ ਚੈਨਪੁਰਾ ਤੋਂ ਦਸਵੰਧ ਲੈਣ ਲਈ ਗਏ ਸਨ।ਪਿੰਡ ਵਾਸੀਆਂ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਤੇ ਬੇਰਹਿਮੀ ਨਾਲ ਕੁੱਟਿਆ।ਕੁੱਟਮਾਰ ਦਾ ਇਹ ਨੰਗਾ ਨਾਚ ਪੁਲਸ ਕਾਂਸਟੇਬਲ ਦੀ ਮੌਜੂਦਗੀ ਵਿੱਚ ਹੁੰਦਾ ਰਿਹਾ, ਇੱਥੋਂ ਤੱਕ ਕਿ ਪੁਲਸ ਕਾਂਸਟੇਬਲ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਇਨ੍ਹਾਂ ਸਭ ਨੂੰ ਸਬਕ ਸਿਖਾ ਦਿਓ, ਪਰ ਸਿਰ 'ਚ ਨਾ ਮਾਰਿਓ।