ਆਈ ਐੱਸ ਕਾਰਕੁਨ ਵੱਲੋਂ ਮੈਡੀਕਲ ਦੀ ਵਿਦਿਆਰਥਣ ਨਾਲ ਫ਼ੋਨ 'ਤੇ 'ਨਿਕਾਹ'


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਨੌਜੁਆਨਾਂ ਨੂੰ ਆਈ ਐੱਸ ਆਈ ਐੱਸ 'ਚ ਸ਼ਾਮਲ ਕਰਨ ਦੇ ਦੋਸ਼ੀ ਅਮਜ਼ਦ ਖਾਨ ਉਰਫ਼ ਅਬਾਨ ਖਾਨ ਨੇ ਆਜ਼ਮਗੜ੍ਹ ਦੀ ਇੱਕ 24 ਸਾਲਾ ਲੜਕੀ ਨੂੰ ਪ੍ਰੇਰ ਕੇ ਸੀਰੀਆ ਆਉਣ ਅਤੇ ਇਸਲਾਮਿਕ ਜ਼ਿੰਦਗੀ ਜਿਉਣ ਲਈ ਪ੍ਰੇਰਿਆ ਸੀ। ਮੈਡੀਕਲ ਦੀ ਇਸ ਵਿਦਿਆਰਥਣ ਨਾਲ ਉਸ ਨੇ ਫ਼ੋਨ 'ਤੇ ਹੀ ਸ਼ਾਦੀ ਕਰ ਲਈ ਸੀ।
37 ਸਾਲਾ ਅਮਜ਼ਦ ਰਾਜਸਥਾਨ ਦੇ ਚੁਰੂ ਦਾ ਰਹਿਣ ਵਾਲਾ ਹੈ ਅਤੇ ਭਾਰਤ 'ਚ ਉਹ ਆਈ ਐੱਸ ਮੁਖੀ ਸ਼ਫੀ ਅਰਮਾਰ ਦਾ ਕਰੀਬੀ ਮੰਨਿਆ ਜਾਂਦਾ ਹੈ ਅਤੇ ਜੁਨੂਦ ਅਲ ਖਲੀਫ਼ਾ 'ਚ ਸ਼ਾਮਲ ਹੋਣ ਲਈ ਨੌਜੁਆਨਾਂ ਨੂੰ ਪ੍ਰੇਰਿਤ ਕਰਦਾ ਹੈ। ਅਮਜ਼ਦ ਨੂੰ ਇਸੇ ਸਾਲ ਅਪ੍ਰੈਲ ਮਹੀਨੇ ਨੌਜੁਆਨਾਂ ਨੂੰ ਆਈ ਐੱਸ 'ਚ ਸ਼ਾਮਲ ਹੋਣ ਲਈ ਤਿਆਰ ਕਰਨ ਦੇ ਦੋਸ਼ 'ਚ ਸਾਊਦੀ ਅਰਬ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਭੇਜਿਆ ਗਿਆ ਸੀ।
ਅਮਜ਼ਦ ਸਾਊਦੀ ਅਰਬ ਤੋਂ ਕੰਮ ਕਰਦਾ ਸੀ। ਉਸ ਨੇ ਅੱੈਨ ਆਈ ਏ ਦੀ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਹ ਨੌਜੁਆਨਾਂ ਨੂੰ ਤਿਆਰ ਹੀ ਨਹੀਂ ਕਰਦਾ ਸੀ, ਸਗੋਂ ਆਈ ਐੱਸ 'ਚ ਨਿਯੁਕਤੀਆਂ ਵੀ ਕਰਵਾਉਂਦਾ ਸੀ। ਉਸ ਨੇ ਦੱਸਿਆ ਕਿ ਉਹ ਨੌਜੁਆਨਾਂ ਨੂੰ ਐੱਨ ਆਈ ਏ ਅਤੇ ਪੁਲਸ ਛਾਪਿਆਂ ਬਾਰੇ ਵੀ ਚੌਕਸ ਕਰਦਾ ਸੀ।
ਫ਼ੋਨ 'ਤੇ ਸ਼ਾਦੀ ਬਾਰੇ ਪੁੱਛੇ ਜਾਣ 'ਤੇ ਅਮਜ਼ਦ ਨੇ ਦੱਸਿਆ ਕਿ ਉਹ 2012 ਤੋਂ ਹੀ ਕੁੜੀ ਨਾਲ ਗੱਲਬਾਤ ਕਰ ਰਿਹਾ ਸੀ। ਉਹ ਉਸ ਨਾਲ ਅਕਸਰ ਇਸਲਾਮ ਬਾਰੇ ਗੱਲਾਂ ਕਰਦੀ ਸੀ ਅਤੇ ਇਸਲਾਮ ਬਾਰੇ ਅਮਜ਼ਦ ਦੀ ਜਾਣਕਾਰੀ ਤੋਂ ਪ੍ਰਭਾਵਤ ਸੀ। ਉਹ ਜਾਣਦੀ ਸੀ ਕਿ ਅਮਜ਼ਦ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਹਨ, ਇਸ ਦੇ ਬਾਵਜੂਦ ਉਸ ਨੇ ਅਮਜ਼ਦ ਨਾਲ ਸ਼ਾਦੀ ਦਾ ਫ਼ੈਸਲਾ ਕੀਤਾ।
ਅਮਜ਼ਦ ਜਦੋਂ 2014 'ਚ ਸਾਊਦੀ ਅਰਬ ਗਿਆ ਤਾਂ ਉਸ ਨੇ ਲੜਕੀ ਨੂੰ ਆਈ ਐੱਸ ਦੀ ਵਿਚਾਰਧਾਰਾ ਬਾਰੇ ਪ੍ਰੇਰਿਤ ਕੀਤਾ ਅਤੇ ਉਸ ਨੂੰ ਆਪਣੇ ਨਾਲ ਸਾਊਦੀ ਅਰਬ ਜਾਣ ਲਈ ਕਿਹਾ। ਅਮਜ਼ਦ ਨੇ ਉਸ ਨੂੰ ਦੱਸਿਆ ਸੀ ਕਿ ਅਰਮਾਰ ਨੇ ਕਿਹਾ ਹੈ ਕਿ ਉਹ ਅਮਜ਼ਦ ਨਾਲ ਰਹਿ ਸਕਦੀ ਹੈ ਅਤੇ ਉਸ ਨੂੰ ਜੰਗ ਦੇ ਮੈਦਾਨ 'ਚ ਵੀ ਨਹੀਂ ਜਾਣਾ ਪਵੇਗਾ।
ਉਸ ਨੇ ਦੱਸਿਆ ਕਿ ਮਈ 2016 'ਚ ਦੋਵਾਂ ਨੇ ਫ਼ੋਨ 'ਤੇ ਹੀ ਵਿਆਹ ਕਰ ਲਿਆ, ਪਰ ਲੜਕੀ ਸਾਊਦੀ ਅਰਬ ਨਾ ਗਈ ਅਤੇ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਐੱਨ ਆਈ ਏ ਨੇ ਲੜਕੀ ਦੀ ਪਛਾਣ ਗੁਪਤ ਰੱਖੀ ਹੈ।