ਬਿਆਸ ਦਰਿਆ ਖਾ ਰਿਹਾ ਹੈ ਕਿਸਾਨਾਂ ਦੀ ਕਮਾਈ ਦਾ ਸਾਧਨ

ਕਪੂਰਥਲਾ (ਭੱਟੀ)-ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕਿਸਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਭਾਵੇਂ ਕਈ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ, ਪਰ ਬਹੁਤੀਆਂ ਯੋਜਨਾਵਾਂ ਅਮਲੀ ਰੂਪ ਨਹੀਂ ਲੈ ਪਾਉਂਦੀਆਂ। ਸਿੱਟੇ ਵਜੋਂ ਕਿਸਾਨ ਅੱਜ ਵੀ ਆਰਥਿਕ ਪੱਖੋਂ ਕਾਫੀ ਤੰਗ-ਪ੍ਰੇਸ਼ਾਨ ਹਨ। ਦੂਜੇ ਕਿਸਾਨਾਂ ਨਾਲੋਂ ਦਰਿਆ ਖੇਤਰ ਦੇ ਕਿਸਾਨ ਕੁਝ ਜ਼ਿਆਦਾ ਪ੍ਰੇਸ਼ਾਨ ਹਨ, ਕਿਉਂਕਿ ਬਿਆਸ ਦਰਿਆ ਵਲੋਂ ਮੰਡ ਖੇਤਰ ਵਿਚ ਉਨ੍ਹਾਂ ਦੀ ਵਾਹੀਯੋਗ ਉਪਜਾਊ ਜ਼ਮੀਨ ਨੂੰ ਢਾਹ ਲਗਾਈ ਜਾ ਰਹੀ ਹੈ। ਬਿਆਸ ਦਰਿਆ ਨਾਲ ਲੱਗਦੀ ਕਿਸਾਨਾਂ ਦੀ ਜ਼ਮੀਨ ਦਾ ਕੁਝ ਹਿੱਸਾ ਦਰਿਆ ਨੇ ਮੱਲ ਰੱਖਿਆ ਹੈ, ਜਿਸ ਕਰਕੇ ਉਹ ਬੇਹੱਦ ਪ੍ਰੇਸ਼ਾਨ ਹਨ। ਬਿਆਸ ਦਰਿਆ ਦੇ ਮਾਰੇ ਕਿਸਾਨ ਆਰਥਿਕ ਪੱਖੋਂ ਤਬਾਹੀ ਦੇ ਕੰਢੇ ਆ ਖੜੇ ਹੋਏ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਦੀ ਮਦਦ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਦਰਿਆ ਬਿਆਸ ਵੱਲੋਂ ਆਪਣੇ ਅਸਲ ਵਹਿਣ ਤੋਂ ਹਟ ਕੇ ਜ਼ਿਲ੍ਹਾ ਕਪੂਰਥਲਾ ਦੇ ਭੁਲੱਥ ਖੇਤਰ ਵੱਲ ਲਗਾਤਾਰ ਲਗਾਈ ਜਾ ਰਹੀ ਢਾਹ ਕਾਰਨ ਸੰਬੰਧਤ ਕਿਸਾਨਾਂ ਦੀ 1600 ਏਕੜ ਜ਼ਮੀਨ ਦਰਿਆ ਬਿਆਸ ਦੀ ਭੇਟ ਚੜ੍ਹ ਗਈ ਹੈ। ਕਰੀਬ 8-9 ਸਾਲ ਦਾ ਸਮਾਂ ਬੀਤ ਜਾਣ 'ਤੇ ਵੀ ਸਰਕਾਰ ਜਾਂ ਕਿਸੇ ਅਧਿਕਾਰੀ ਨੇ ਇਨ੍ਹਾਂ ਕਿਸਾਨਾਂ ਦੀ ਬਾਂਹ ਨਹੀਂ ਫੜੀ, ਜਿਸ ਕਾਰਨ 100 ਦੇ ਕਰੀਬ ਕਿਸਾਨ ਪਰਵਾਰ ਰੋਜ਼ੀ-ਰੋਟੀ ਤੋਂ ਮੁਥਾਜ ਹੋ ਕੇ ਰਹਿ ਗਏ ਹਨ। ਦਰਿਆ ਦਾ ਘੇਰਾ ਲਗਾਤਾਰ ਉਨ੍ਹਾਂ ਦੀਆਂ ਜ਼ਮੀਨ ਵੱਲ ਵਧਦਾ ਜਾ ਰਿਹਾ ਹੈ, ਪਰ ਸਰਕਾਰ ਵਲੋਂ ਉਨ੍ਹਾਂ ਦੀ ਸਮੱਸਿਆ ਹੱਲ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਕਪੂਰਥਲਾ ਦਾ ਵੱਡਾ ਇਲਾਕਾ ਬਿਆਸ ਦਰਿਆ ਨਾਲ ਲਗਦਾ ਹੈ, ਜਿਸ ਵਿਚ ਤਿੰਨ ਵਿਧਾਨ ਸਭਾ ਖੇਤਰਾਂ ਭੁਲੱਥ ਤੇ ਸੁਲਤਾਨਪੁਰ ਲੋਧੀ ਦਾ ਵੱਡਾ ਏਰੀਆ ਆਉਂਦਾ ਹੈ। ਬਿਆਸ ਦਰਿਆ ਦੇ ਮਾਰ ਹੇਠ ਮੰਡ ਖੇਤਰ ਸੁਲਤਾਨਪੁਰ ਲੋਧੀ, ਮੰਡ ਖੇਤਰ ਤਲਵੰਡੀ ਚੌਧਰੀਆਂ, ਬਾਘੂਵਾਲ, ਅੰਮ੍ਰਿਤਪੁਰ, ਬੀਜਾ, ਦੇਸਲ, ਕੱਮੇਵਾਲ, ਰਾਏਪੁਰ ਅਰਾਈਆਂ, ਦਾਊਦਪੁਰ, ਮਿਰਜ਼ਾਪੁਰ ਅਤੇ ਚਕੋਕੀ ਦੇ ਕਿਸਾਨਾਂ ਦੀ ਹੁਣ ਤੱਕ ਸੈਂਕੜੇ ਏਕੜ ਜ਼ਮੀਨ ਬਿਆਸ ਦਰਿਆ ਨਿਗਲ ਚੁੱਕਾ ਹੈ। ਪੀੜਤ ਕਿਸਾਨਾਂ ਗੁਰਦਾਸ ਸਿੰਘ ਬਾਘੂਵਾਲ, ਬੱਗਾ ਸਿੰਘ ਸਰਪੰਚ ਬਾਘੂਵਾਲ, ਜੋਗਿੰਦਰ ਸਿੰਘ, ਦੇਸਰਾਜ, ਪੂਰਨ ਸਿੰਘ, ਬਗੀਚਾ ਸਿੰਘ, ਮੁਖਤਿਆਰ ਸਿੰਘ, ਜਗੀਰ ਸਿੰਘ, ਸੋਨਾ ਸਿੰਘ, ਨਰਿੰਦਰ ਸਿੰਘ, ਗੁਰਦੇਵ ਸਿੰਘ, ਕਾਲਾ ਸਿੰਘ, ਜਗਤਾਰ ਸਿੰਘ, ਮਹਿੰਦਰ ਸਿੰਘ, ਚੰਦ ਸਿੰਘ, ਅਮਰਜੀਤ ਸਿੰਘ, ਸਰਬਜੀਤ ਸਿੰਘ, ਜਤਿੰਦਰ ਸਿੰਘ ਤੇ ਨਿਰਮਲ ਸਿੰਘ ਖੱਖ ਨੇ ਦੱਸਿਆ ਕਿ 2003 'ਚ ਇਸ ਤਬਾਹੀ ਦਾ ਮੰਜ਼ਰ ਆਰੰਭ ਹੋਇਆ। ਦਰਿਆ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵੱਲ ਲਗਦੇ ਉੱਚੇ ਮਜ਼ਬੂਤ ਬੰਨ੍ਹ ਨਾਲ ਵਗਦੇ ਵਹਿਣ ਤੋਂ ਹਟ ਕੇ ਇਸ ਪਾਸੇ ਵੱਲ ਢਾਹ ਲਾਉਣੀ ਸ਼ੁਰੂ ਕਰ ਦਿੱਤੀ, ਜਿਸ 'ਚ ਕਰੀਬ 2 ਸਾਲ ਦੇ ਅਰਸੇ ਦੌਰਾਨ ਕਾਫੀ ਤੇਜ਼ੀ ਆਈ। ਕਿਸਾਨਾਂ ਵੱਲੋਂ ਵਾਰ-ਵਾਰ ਦੁਹਾਈ ਦੇਣ 'ਤੇ ਆਖਰ ਅਪ੍ਰੈਲ 2007 'ਚ ਅਤੇ ਬਾਅਦ 'ਚ ਇਕ ਵਾਰੀ ਉਸ ਵੇਲੇ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਵਿਧਾਇਕ ਬੀਬੀ ਜਗੀਰ ਕੌਰ ਤੇ ਤਤਕਾਲੀ ਡੀ. ਸੀ. ਬਾਲਾ ਮੁਰਗਮ ਮੌਕੇ 'ਤੇ ਆਏ, ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਕਿਸਾਨਾਂ ਨੇ ਦੱਸਿਆ ਕਿ ਉਸ ਵੇਲੇ ਥੋੜ੍ਹਾ ਨੁਕਸਾਨ ਹੋਇਆ ਸੀ। ਅਸੀਂ ਪੁਕਾਰਦੇ ਰਹੇ, ਪਰ ਅਧਿਕਾਰੀ ਤਮਾਸ਼ਾ ਦੇਖਦੇ ਰਹੇ। ਕਦੀ ਮਨਜ਼ੂਰੀਆਂ ਨਹੀਂ, ਕਦੀ ਫੰਡ ਨਹੀਂ ਤੇ ਕਈ ਹੋਰ ਬਹਾਨੇ ਲਗਾ ਕੇ ਸਮਾਂ ਲੰਘਾਇਆ ਗਿਆ।ਦਰਿਆ ਬਿਆਸ ਵਲੋਂ ਆਪਣੇ ਅਸਲ ਵਹਿਣ ਤੋਂ ਹੱਟ ਕੇ ਜ਼ਿਲ੍ਹਾ ਕਪੂਰਥਲਾ ਵਾਲੇ ਪਾਸੇ ਲਗਾਤਾਰ ਲਗਾਈ ਜਾ ਰਹੀ ਢਾਹ ਕਾਰਨ ਭੁਲੱਥ ਖੇਤਰ ਦੇ ਕਰੀਬ ਅੱਧਾ ਦਰਜਨ ਪਿੰਡਾਂ ਦੇ ਕਿਸਾਨਾਂ ਦੀ ਕਰੀਬ 1500 ਏਕੜ ਜ਼ਮੀਨ ਦਰਿਆ ਬਿਆਸ ਦੀ ਭੇਟ ਚੜ੍ਹ ਗਈ। ਦੁਖੀ ਕਿਸਾਨਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਵੀ ਪਹੁੰਚ ਕੀਤੀ, ਪਰ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਹੋਇਆ। ਕਈ ਕਿਸਾਨਾਂ ਨੇ ਪੱਲਿਓ ਲੱਖਾਂ ਰੁਪਏ ਖਰਚ ਕਰਕੇ ਰੇਤ ਦੇ ਬੋਰੇ ਭਰ ਕੇ ਲਾਏ, ਪਰ ਦਰਿਆ ਦੇ ਤੇਜ਼ ਵਹਾਅ ਅੱਗੇ ਕੋਈ ਪੇਸ਼ ਨਾ ਗਈ। ਦਰਿਆ ਬਿਆਸ ਇਸ ਵੇਲੇ ਅੰਮ੍ਰਿਤਸਰ, ਗੁਰਦਾਸਪੁਰ ਵਾਲੇ ਬਣੇ ਕੁਦਰਤੀ ਢਾਅ ਦੇ ਨਾਲ ਵਗਦੇ ਅਸਲ ਵਹਿਣ ਤੋਂ 3 ਕਿਲੋਮੀਟਰ ਕਪੂਰਥਲਾ ਵਾਲੇ ਪਾਸੇ ਵਹਿ ਰਿਹਾ ਹੈ। ਦੂਸਰੇ ਪਾਸੇ ਖਾਲੀ ਥਾਂ ਤੋਂ ਧੜਾਧੜ ਰੇਤ ਦੀ ਤਸਕਰੀ ਹੋ ਰਹੀ ਹੈ।ਇਸ ਬਰਬਾਦੀ ਦਾ ਮੰਜ਼ਰ ਕਿਸਾਨ ਆਪਣੀ ਅੱਖੀਂ ਦੇਖ ਰਹੇ ਹਨ, ਪਰ ਕੁਝ ਨਹੀਂ ਕਰ ਸਕਦੇ।
ਜ਼ਮੀਨ ਖਤਮ ਹੋ ਜਾਣ ਕਰਕੇ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਵੱਜੀ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਵਹਿਣ ਇਕਪਾਸੜ ਹੋ ਜਾਣ ਕਰਕੇ ਲਗਾਤਾਰ ਜ਼ਮੀਨ ਨੂੰ ਖੋਰਾ ਲੱਗਾ ਹੋਇਆ ਹੈ। ਹਰ 24 ਘੰਟੇ ਬਾਅਦ 2-2 ਏਕੜ ਜ਼ਮੀਨ ਦਰਿਆ ਬੁਰਦ ਹੋ ਰਹੀ ਹੈ। ਪੀੜਤ ਕਿਸਾਨਾਂ ਦੀ ਜ਼ਮੀਨ ਦੇ ਨਾਲ-ਨਾਲ 2 ਟਰਾਂਸਫਾਰਮਰ, 6 ਮੋਟਰਾਂ, 4 ਡੀਜ਼ਲ ਇੰਜਣ, 6 ਵਸੋਂ ਵਾਲੇ ਡੇਰੇ ਰੁੜ੍ਹ ਗਏ ਹਨ।
ਇਸ ਸੰਬੰਧੀ ਜਦੋ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਲਿਬ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬਿਆਸ ਦਰਿਆ ਵੱਲੋਂ ਕਿਸਾਨਾਂ ਦੀ ਜ਼ਮੀਨ ਨੂੰ ਲਗਾਈ ਜਾ ਰਹੀ ਢਾਅ ਨੂੰ ਰੋਕਣ ਲਈ ਡਰੇਨਜ ਵਿਭਾਗ ਨੂੰ ਫੌਰਨ ਕਾਰਵਾਈ ਕਰਨ ਲਈ ਅਦੇਸ਼ ਜਾਰੀ ਕੀਤੇ ਜਾਣਗੇ।
ਇਸ ਸੰਬੰਧੀ ਸੰਪਰਕ ਕਰਨ 'ਤੇ ਐਕਸੀਅਨ ਡਰੇਨਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਜਾ ਕੇ ਬਿਆਸ ਦਰਿਆ ਵਲੋਂ ਕਿਸਾਨਾਂ ਦੀ ਜ਼ਮੀਨ ਨੂੰ ਲਗਾਈ ਜਾ ਰਹੀ ਢਾਅ ਨੂੰ ਦੇਖਿਆ ਹੈ। ਇਸ ਸੰਬੰਧੀ ਵਿਭਾਗ ਵਲੋ ਪ੍ਰਪੋਜਲ ਬਣਾ ਕੇ ਸਰਕਾਰ ਨੂੰ ਭੇਜੀ ਗਈ ਹੈ, ਪਰ ਸਰਕਾਰ ਨੇ ਹਾਲੇ ਤੱਕ ਕੋਈ ਫੰਡ ਮੁਹੱਈਆ ਨਹੀਂ ਕਰਵਾਏ। ਸਰਕਾਰ ਵਲੋਂ ਜਲਦੀ ਹੀ ਫੰਡ ਮਿਲਣ 'ਤੇ ਪੱਥਰ ਦੇ ਸਟੱਡ (ਰੋਕਾਂ) ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਮੰਡ ਬਾਊਪੁਰ ਦੇ ਕੁਝ ਇਲਾਕੇ ਵਾਸਤੇ ਫੰਡ ਆਏ ਹਨ ਤੇ ਉਥੋਂ ਇਕ ਦੋ ਦਿਨ ਵਿਚ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਉਹ ਕਲ੍ਹ ਹੀ ਪ੍ਰਭਾਵਿਤ ਖੇਤਰਾਂ ਵਿਚ ਜਾ ਕੇ ਮੌਕੇ ਦੇਖਣਗੇ ਤੇ ਕਿਸਾਨਾਂ ਦੀ ਸਮੱਸਿਆ ਦਾ ਜਲਦ ਹੀ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਬਿਆਸ ਦਰਿਆ ਵਲੋ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲਗਾਈ ਜਾ ਰਹੀ ਢਾਅ ਨੂੰ ਰੋਕਣ ਲਈ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਅਦੇਸ਼ ਜਾਰੀ ਕਰ ਦਿੱਤੇ ਜਾਣਗੇ ਤੇ ਛੇਤੀ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ।