Latest News

ਬਿਲਕਿਸ ਬਾਨੋ ਕੇਸ; ਸੁਪਰੀਮ ਕੋਰਟ ਨੇ ਆਈ ਪੀ ਐੱਸ ਦੀ ਪਟੀਸ਼ਨ 'ਤੇ ਜਲਦ ਸੁਣਵਾਈ ਤੋਂ ਕੀਤਾ ਇਨਕਾਰ

Published on 30 May, 2017 11:09 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
2002 ਗੁਜਰਾਤ ਦੇ ਬਿਲਕਿਸ ਬਾਨੋ ਰੇਪ ਕੇਸ ਮਾਮਲੇ 'ਚ ਸੁਪਰੀਮ ਕੋਰਟ ਨੇ ਦੋਸ਼ੀ ਕਰਾਰ ਆਈ ਪੀ ਐਸ ਅਫ਼ਸਰ ਆਰ ਐਸ ਭਗੋਰਾ ਦੀ ਪਟੀਸ਼ਨ 'ਤੇ ਜਲਦ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਪਟੀਸ਼ਨ 'ਚ ਬੰਬਈ ਹਾਈ ਕੋਰਟ ਦੇ ਦੋਸ਼ੀ ਕਰਾਰ ਦੇਣ ਦੇ ਫ਼ੈਸਲੇ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਪਹਿਲੇ ਹੀ ਭਗੋਰਾ ਜੇਲ੍ਹ ਤੋਂ ਰਿਹਾਅ ਹੋ ਚੁੱਕਾ ਹੈ, ਕਿਉਂਕਿ ਉਹ ਸਜ਼ਾ ਕੱਟ ਚੁੱਕਾ ਹੈ। ਇਸ ਲਈ ਮਾਮਲੇ 'ਚ ਕੋਈ ਕਾਹਲ ਨਹੀਂ ਹੈ। ਫਿਲਹਾਲ ਹਾਈ ਕੋਰਟ ਦੇ ਦੋਸ਼ੀ ਕਰਾਰ ਦੇਣ ਦੇ ਫ਼ੈਸਲੇ 'ਤੇ ਰੋਕ ਨਹੀਂ ਲਗਾਏਗੀ। ਭਗੋਰਾ ਨੂੰ ਟ੍ਰਾਇਲ ਅਦਾਲਤ ਨੇ ਬਰੀ ਕਰ ਦਿੱਤਾ ਸੀ, ਪਰ ਹਾਈ ਕੋਰਟ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਹਾਲਾਂਕਿ ਅਦਾਲਤ ਨੇ ਜਿੰਨੀ ਸਜ਼ਾ ਕੱਟੀ, ਉਸ ਨੂੰ ਕਾਫ਼ੀ ਦੱਸਿਆ ਸੀ ਅਤੇ 15 ਹਜ਼ਾਰ ਦਾ ਜੁਰਮਾਨਾ ਕੀਤਾ ਸੀ। ਭਗੋਰਾ ਨੇ ਹਾਈ ਕੋਰਟ ਦੇ ਫ਼ੈਸਲੇ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ 'ਚ ਮਾਮਲੇ ਦੀ ਸੁਣਵਾਈ ਜੁਲਾਈ ਦੇ ਦੂਸਰੇ ਹਫ਼ਤੇ 'ਚ ਹੋਵੇਗੀ। ਜ਼ਿਕਰਯੋਗ ਹੈ ਕਿ 4 ਮਈ 2017 ਨੂੰ ਬਿਲਕਿਸ ਬਾਨੋ ਰੇਪ ਅਤੇ ਕਤਲ ਕੇਸ 'ਚ ਬੰਬਈ ਹਾਈ ਕੋਰਟ ਨੇ 11 ਦੋਸ਼ੀਆਂ ਦੀ ਅਪੀਲ ਖਾਰਜ ਕਰ ਦਿੱਤੀ ਸੀ। ਅਦਾਲਤ ਨੇ ਇਨ੍ਹਾ ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਸੀ, ਹਾਲਾਂਕਿ ਅਦਾਲਤ ਨੇ ਸੀ ਬੀ ਆਈ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ 'ਚ ਕੁਝ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਭਗੋਰਾ ਸਮੇਤ ਛੇ ਲੋਕਾਂ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਨੂੰ ਵੀ ਪਲਟ ਦਿੱਤਾ। ਇਸ 'ਚ ਡਾਕਟਰ ਅਤੇ ਪੁਲਸ ਵਾਲੇ ਸ਼ਾਮਲ ਹਨ। ਇਨ੍ਹਾ 'ਤੇ ਸਬੂਤਾਂ ਨਾਲ ਛੇੜਛਾੜ ਦਾ ਦੋਸ਼ ਹੈ। ਗੌਰਤਲਬ ਹੈ ਕਿ ਗੁਜਰਾਤ ਦੰਗਿਆਂ ਦੌਰਾਨ ਬਾਨੋ ਨਾਲ ਬਲਾਤਕਾਰ ਕੀਤਾ ਗਿਆ ਸੀ, ਉਸ ਸਮੇਂ ਉਹ 5 ਮਹੀਨੇ ਦੀ ਗਰਭਵਤੀ ਸੀ। ਦੋਸ਼ੀਆਂ ਨੇ ਬਾਨੋ ਦੇ ਪਰਵਾਰ ਦੇ ਮੈਂਬਰਾਂ ਦੀ ਹੱਤਿਆ ਵੀ ਕਰ ਦਿੱਤੀ ਸੀ। ਜਦੋਂ ਪੁਲਸ ਤੇ ਡਾਕਟਰਾਂ ਉਸ ਦੀ ਕੋਈ ਮਦਦ ਨਹੀਂ ਕੀਤੀ ਤਾਂ ਉਸ ਨੇ ਸੁਪਰੀਮ ਕੋਰਟ ਤੱਕ ਲੜਾਈ ਲੜੀ। ਅਦਾਲਤ ਨੇ ਇਹ ਮਾਮਲਾ ਸੀ ਬੀ ਆਈ ਨੂੰ ਸੌਂਪ ਦਿੱਤਾ ਸੀ।

223 Views

e-Paper