ਦੇਸ਼ ਭਰ 'ਚ ਕੈਮਿਸਟਾਂ ਦੀ ਹੜਤਾਲ, ਮਰੀਜ਼ ਪ੍ਰੇਸ਼ਾਨ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੇਂਦਰ ਸਰਕਾਰ ਵੱਲੋਂ ਦਵਾਈਆਂ ਦੀ ਵਿਕਰੀ ਲਈ ਬਣਾਏ ਗਏ ਨਵੇਂ ਨਿਯਮਾਂ ਦੇ ਵਿਰੋਧ 'ਚ ਮੰਗਲਵਾਰ ਨੂੰ ਦੇਸ਼ ਭਰ ਦੇ ਦਵਾਈਆਂ ਵੇਚਣ ਵਾਲਿਆਂ ਨੇ ਹੜਤਾਲ ਕੀਤੀ। ਹੜਤਾਲ ਦਾ ਸੱਦਾ ਦੇਣ ਵਾਲੀ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਜਿਸਟ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨਵੇਂ ਨਿਯਮਾਂ ਤਹਿਤ ਦਵਾਈ ਵਿਕ੍ਰੇਤਾਵਾਂ ਦਾ ਸ਼ੋਸ਼ਣ ਕਰ ਰਹੀ ਹੈ। ਜਥੇਬੰਦੀ ਨੇ ਦਾਅਵਾ ਕੀਤਾ ਹੈ ਕਿ 9 ਲੱਖ ਦਵਾਈ ਵਿਕ੍ਰੇਤਾਵਾਂ ਨੇ ਇਸ ਹੜਤਾਲ 'ਚ ਹਿੱਸਾ ਲਿਆ ਹੈ। ਹਾਲਾਂਕਿ ਹੜਤਾਲ ਤੋਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਸੀ। ਹੜਤਾਲ ਕਾਰਨ ਮਰੀਜ਼ਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਜ਼ਰੂਰੀ ਦਵਾਈਆਂ ਖ਼ਰੀਦਣ ਲਈ ਕਈ-ਕਈ ਕਿਲੋਮੀਟਰ ਦਾ ਸਫ਼ਰ ਕਰਨਾ ਪਿਆ। ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਦਵਾਈ ਵਿਕ੍ਰੇਤਾਵਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਨਵੇਂ ਨਿਯਮਾਂ ਮੁਤਾਬਕ ਦਵਾਈ ਵਿਕ੍ਰੇਤਾਵਾਂ ਨੂੰ ਦਵਾਈ ਦੀ ਵਿਕਰੀ ਦੀ ਪੂਰੀ ਜਾਣਕਾਰੀ ਈ-ਪੋਰਟਲ 'ਤੇ ਪਾਉਣੀ ਹੋਵੇਗੀ। ਦਵਾਈ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ 2-4 ਗੋਲੀਆਂ ਵੇਚਣ ਵਾਲੇ ਵਿਕ੍ਰੇਤਾ ਹਰ ਵਿਕਰੀ ਨੂੰ ਕਿਵੇਂ ਅਪਡੇਟ ਕਰਨਗੇ, ਜਦ ਕਿ ਕਈਆਂ ਕੋਲ ਤਾਂ ਕੰਪਿਊਟਰ ਤੱਕ ਨਹੀਂ ਹੈ। ਨਵੇਂ ਨਿਯਮਾਂ 'ਚ ਦੁਕਾਨਾਂ ਨੂੰ ਏਅਰਕੰਡੀਸ਼ਨ ਕਰਨ ਦੀ ਗੱਲ ਵੀ ਆਖੀ ਗਈ ਹੈ। ਇਸ 'ਚ ਦੁਕਾਨਾਂ ਦਾ ਤਾਪਮਾਨ 25 ਡਿਗਰੀ ਰੱਖਣ ਲਈ ਕਿਹਾ ਗਿਆ ਹੈ।