ਨਹਿਰ 'ਚ ਨਹਾਉਣ ਆਏ 7 ਨੌਜਵਾਨਾਂ 'ਚੋਂ 2 ਰੁੜ੍ਹੇ


ਧਾਰੀਵਾਲ
(ਮਨਦੀਪ ਵਿੱਕੀ)
ਇਥੋਂ ਨਜ਼ਦੀਕ ਪਿੰਡ ਤਲਵੰਡੀ ਵਿਰਕ ਨੇੜੇ ਅਪਰਬਾਰੀ ਦੋਆਬ ਨਹਿਰ ਵਿੱਚ ਨਹਾਉਣ ਆਏ 7 ਨੌਜਵਾਨਾਂ ਵਿੱਚੋਂ ਦੋ ਨੌਜਵਾਨ ਰੁੜ੍ਹ ਗਏ। ਇਸ ਸੰਬੰਧੀ ਰੁੜ੍ਹੇ ਨੌਜਵਾਨਾਂ ਨਾਲ ਨਹਾਉਣ ਆਏ ਬਾਕੀਆਂ ਪੰਜ ਸਾਥੀਆਂ, ਜਿਨ੍ਹਾਂ ਵਿੱਚ ਮਨਦੀਪ ਕੁਮਾਰ, ਨਿਤਿਨ ਸ਼ਰਮਾ, ਸੁਖਦੀਪ ਸਿੰਘ, ਮਨਜੋਤ ਸਿੰਘ ਅਤੇ ਕਰਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੌੜਾ ਛਿੱਤਰਾਂ ਨੇੜੇ ਪੈਂਦੇ ਪਿੰਡ ਸ਼ੇਖੂਪੁਰ ਤੋਂ ਉਹ ਸਾਰੇ ਤਲਵੰਡੀ ਵਿਰਕ ਨੇੜੇ ਲੰਘਦੀ ਨਹਿਰ ਵਿੱਚ ਪੁਲ ਕੋਲ ਨਹਾਉਣ ਲਈ ਆਏ ਸਨ। ਜਦੋਂ ਉਨ੍ਹਾਂ ਦੇ ਸਾਥੀ ਮਨਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਅਤੇ ਕਰਨਬੀਰ ਸਿੰਘ (22) ਪੁੱਤਰ ਨੀਲਮ ਸਿੰਘ ਵਾਸੀਆਨ ਪਿੰਡ ਸ਼ੇਖੁਪੁਰ ਨੇ ਨਹਾਉਣ ਲਈ ਨਹਿਰ ਵਿੱਚ ਛਲਾਂਗ ਮਾਰੀ ਤਾਂ ਉਹ ਦੋਵੇਂ ਦੁਬਾਰਾ ਬਾਹਰ ਨਾ ਨਿਕਲ ਸਕੇ ਅਤੇ ਇਥੇ ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਰੁੜ ਗਏ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਰੌਲਾ ਪਾਉਣ 'ਤੇ ਇਥੋਂ ਦੀ ਲੰਘਣ ਵਾਲੇ ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਐੱਸ.ਡੀ.ਐੱਮ. ਗੁਰਦਾਸਪੁਰ ਸਤਵੰਤ ਸਿੰਘ, ਜਗਮੋਹਨ ਸਿੰਘ ਸਿੱਧੂ ਡੀ.ਐੱਸ.ਪੀ. (ਸਪੈਸ਼ਲ ਬ੍ਰਾਂਚ) ਅਤੇ ਪੁਲਸ ਮੁਖੀ ਅਮਨਦੀਪ ਸਿੰਘ ਆਦਿ ਪ੍ਰਸ਼ਾਸਨਿਕ ਅਧਿਕਾਰੀ ਪੁਲਸ ਪਾਰਟੀ ਸਮੇਤ ਤੁਰੰਤ ਮੌਕੇ 'ਤੇ ਪੁੱਜੇ ਅਤੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਰੁੜੇ ਨੌਜਵਾਨਾਂ ਨੂੰ ਲੱਭਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਗੋਤਾਖੋਰ ਮੰਗਵਾਏ, ਪ੍ਰੰਤੂ ਗੋਤਾਖੋਰਾਂ ਵੱਲੋਂ ਰੁੜ੍ਹੇ ਹੋਏ ਨੌਜਵਾਨਾਂ ਨੂੰ ਲੱਭਣ ਲਈ ਨਹਿਰ ਵਿੱਚ ਅਭਿਆਨ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਉਕਤ ਰੁੜੇ ਨੌਜਵਾਨ ਨਹਿਰ ਵਿੱਚੋਂ ਨਹੀਂ ਲੱਭ ਸਕੇ।