ਜੀ ਡੀ ਪੀ 'ਤੇ ਵਿਸ਼ਵ ਸਥਿਤੀ ਦਾ ਅਸਰ : ਜੇਤਲੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ ਡੀ ਪੀ) 'ਤੇ ਵਿਸ਼ਵ ਦੇ ਆਰਥਕ ਹਾਲਾਤ ਦਾ ਅਸਰ ਪਿਆ ਹੈ। ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਮੋਦੀ ਸਰਕਾਰ ਦੇ ਤਿੰਨ ਸਾਲ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਉਨ੍ਹਾ ਕਿਹਾ ਕਿ ਤਿੰਨ ਸਾਲ ਪਹਿਲਾਂ ਤੱਕ ਨਿਵੇਸ਼ਕਾਂ ਨੂੰ ਦੇਸ਼ ਦੀ ਅਰਥ-ਵਿਵਸਥਾ 'ਤੇ ਭਰੋਸਾ ਨਹੀਂ ਸੀ, ਪਰ ਐੱਨ ਡੀ ਏ ਸਰਕਾਰ ਨੇ ਅਰਥ-ਵਿਵਸਥਾ ਬਹਾਲ ਕਰਨ 'ਚ ਸਫ਼ਲਤਾ ਹਾਸਲ ਕੀਤੀ। ਉਨ੍ਹਾ ਕਿਹਾ ਕਿ ਵਿਸ਼ਵ ਹਾਲਾਤ ਦੇ ਮੱਦੇਨਜ਼ਰ ਦੇਸ਼ ਦੀ ਜੀ ਡੀ ਪੀ ਵਾਧਾ ਦਰ ਬਹੁਤ ਵਧੀਆ ਹੈ।
ਉਨ੍ਹਾ ਕਿਹਾ ਕਿ ਹੁਣ ਵਿਦੇਸ਼ੀ ਨਿਵੇਸ਼ਕ ਦੁਬਾਰਾ ਭਾਰਤ ਵੱਲ ਦੇਖ ਰਹੇ ਹਨ ਅਤੇ ਕੇਂਦਰ ਸਰਕਾਰ ਦੇ ਵੱਡੇ ਤੇ ਸਖ਼ਤ ਫ਼ੈਸਲੇ ਲੈਣ ਦੀ ਸਮਰੱਥਾ ਦਾ ਦੇਸ਼ ਨੂੰ ਬਹੁਤ ਫਾਇਦਾ ਹੋਇਆ। ਨੋਟਬੰਦੀ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਨੋਟਬੰਦੀ ਕਾਰਨ ਲੋਕ ਕੈਸ਼ ਲੈਣ-ਦੇਣ ਤੋਂ ਪਰਹੇਜ਼ ਕਰਨ ਲੱਗ ਪਏ ਹਨ ਅਤੇ ਡਿਜੀਟਲ ਲੈਣ-ਦੇਣ 'ਚ ਵਾਧਾ ਹੋਇਆ ਹੈ। ਟੈਕਸ ਦੇਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਕਾਲੇ ਧਨ ਦੀ ਸਮਾਂਤਰ ਅਰਥ-ਵਿਵਸਥਾ ਖ਼ਤਮ ਹੋ ਗਈ ਹੈ। ਜੀ ਐੱਸ ਟੀ ਬਾਰੇ ਇੱਕ ਸੁਆਲ ਦੇ ਜੁਆਬ 'ਚ ਉਨ੍ਹਾ ਕਿਹਾ ਕਿ ਜੀ ਐੱਸ ਟੀ ਨਾਲ ਟੈਕਸ ਘਟਣਗੇ ਅਤੇ ਖ਼ਪਤ ਵਧੇਗੀ। ਉਨ੍ਹਾ ਕਿਹਾ ਕਿ ਜੀ ਐੱਸ ਟੀ ਦੇ ਅਰਥ-ਵਿਵਸਥਾ 'ਤੇ ਨਾਂਹ-ਪੱਖੀ ਅਸਰ ਬਾਰੇ ਸ਼ੰਕਾ ਨਿਰਾਧਾਰ ਹੈ।
ਮੋਦੀ ਸਰਕਾਰ ਦੇ ਤਿੰਨ ਸਾਲ ਦਾ ਲੇਖਾ-ਜੋਖਾ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਜਨਵਰੀ ਤੋਂ ਮਾਰਚ ਤੱਕ ਦੀ ਤਿਮਾਹੀ 'ਚ ਅਰਥ-ਵਿਵਸਥਾ ਦੀ ਰਫ਼ਤਾਰ ਮੱਠੀ ਰਹਿਣ ਪਿੱਛੇ ਕਈ ਕਾਰਨ ਹਨ। ਉਨ੍ਹਾ ਕਿਹਾ ਕਿ ਇਹ ਨੋਟਬੰਦੀ ਦੀ ਵਜ੍ਹਾ ਕਾਰਨ ਨਹੀਂ ਹੋਇਆ, ਸਗੋਂ ਇਨ੍ਹਾਂ ਤਿੰਨ ਸਾਲਾਂ ਦੌਰਾਨ ਪੂਰੀ ਦੁਨੀਆ 'ਚ ਮੰਦੀ ਦਾ ਦੌਰ ਸੀ। ਇਸ ਦੇ ਇਲਾਵਾ ਸਾਨੂੰ ਵਿਰਸੇ 'ਚ ਜਿਹੜੀ ਅਰਥ-ਵਿਵਸਥਾ ਮਿਲੀ, ਉਹ ਖ਼ਰਾਬ ਸੀ। ਪਿਛਲੇ ਤਿੰਨ ਸਾਲਾਂ 'ਚ ਮਾਨਸੂਨ ਵੀ ਖ਼ਰਾਬ ਰਿਹਾ। ਜੇਤਲੀ ਨੇ ਕਿਹਾ ਕਿ ਪਹਿਲਾਂ ਫ਼ੈਸਲੇ ਲੈਣ ਵਾਲੀ ਸਰਕਾਰ ਨਹੀਂ ਸੀ, ਪਰ ਹੁਣ ਫ਼ੈਸਲੇ ਲੈਣ ਵਾਲੀ ਸਰਕਾਰ ਆਈ ਹੈ, ਜਿਸ ਨਾਲ ਪੂਰੀ ਦੁਨੀਆ 'ਚ ਭਾਰਤ ਪ੍ਰਤੀ ਭਰੋਸਾ ਪੈਦਾ ਹੋਇਆ ਹੈ।
ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ਼ ਡੀ ਆਈ) ਸੁਧਾਰ ਦਾ ਨਿਵੇਸ਼ 'ਤੇ ਅਸਰ ਪਿਆ ਹੈ। ਸਰਕਾਰ ਨੇ ਭ੍ਰਿਸ਼ਟਾਚਾਰ ਵਾਲੀ ਵਿਵਸਥਾ ਖ਼ਤਮ ਕੀਤੀ, ਜਿਸ ਨਾਲ ਅਰਥ-ਵਿਵਸਥਾ ਦੀ ਸਾਖ ਮਜ਼ਬੂਤ ਹੋਈ ਹੈ। ਜੀ ਐੱਸ ਟੀ ਬਾਰੇ ਗੱਲ ਕਰਦਿਆ ਜੇਤਲੀ ਨੇ ਕਿਹਾ ਕਿ ਇਸ ਦੇਸ਼ 'ਚ ਪਹਿਲੀ ਵਾਰ ਅਸੀਂ ਇੱਕ ਆਮ ਰਾਇ ਨਾਲ ਜੀ ਐੱਸ ਟੀ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਕਾਫ਼ੀ ਅੱਗੇ ਤੱਕ ਲੈ ਗਏ ਹਾਂ, ਇਸ ਦੇ ਲਾਗੂ ਹੋਣ ਨਾਲ ਦੇਸ਼ ਅੰਦਰ ਟੈਕਸ ਪ੍ਰਣਾਲੀ 'ਚ ਇੱਕ ਵੱਡਾ ਪ੍ਰਭਾਵ ਪਵੇਗਾ।
ਨੋਟਬੰਦੀ ਬਾਰੇ ਗੱਲ ਕਰਦਿਆਂ ਜੇਤਲੀ ਨੇ ਕਿਹਾ ਕਿ ਕੈਸ਼ ਇਕਾਨਮੀ ਅਤੇ ਸ਼ੈਡੋ ਇਕਾਨਮੀ ਦੀ ਜੋ ਵਿਵਸਥਾ ਸੀ, ਉਸ ਨੂੰ ਖ਼ਤਮ ਕਰਨ ਲਈ ਇੱਕ ਬਹੁਤ ਵੱਡਾ ਕਦਮ ਉਠਾਇਆ ਗਿਆ। ਇਸ ਕਾਰਨ ਦੇਸ਼ ਡਿਜਿਟਾਈਜੇਸ਼ਨ ਵੱਲ ਵਧਿਆ, ਕਰਦਾਤਾਵਾਂ ਦੇ ਘੇਰੇ 'ਚ ਵਾਧਾ ਹੋਇਆ ਅਤੇ ਇਹ ਸੰਦੇਸ਼ ਵੀ ਗਿਆ ਕਿ ਹੁਣ ਕੈਸ਼ 'ਚ ਸੌਦਾ ਕਰਨਾ ਸੁਰੱਖਿਅਤ ਨਹੀਂ ਹੈ।