Latest News

20 ਨੂੰ ਪਲੇਠਾ ਬਜਟ ਪੇਸ਼ ਕਰੇਗੀ ਕੈਪਟਨ ਸਰਕਾਰ

Published on 07 Jun, 2017 11:53 AM.


ਚੰਡੀਗੜ੍ਹ, (ਨਵਾਂ ਜ਼ਮਾਨਾ ਸਰਵਿਸ)
ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ 15ਵਾਂ ਬਜਟ ਇਜਲਾਸ 14 ਤੋਂ 23 ਜੂਨ ਤੱਕ ਸੱਦ ਲਿਆ ਹੈ, ਜਿਸ ਦੌਰਾਨ 20 ਜੂਨ ਨੂੰ ਸਾਲ 2017-18 ਲਈ ਸਾਲਾਨਾ ਬਜਟ ਪੇਸ਼ ਕੀਤਾ ਜਾਏਗਾ।
ਇਸ ਬਾਰੇ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਮੀਟਿੰਗ ਉਪਰੰਤ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ 14 ਤੋਂ 23 ਜੂਨ ਤੱਕ ਵਿਧਾਨ ਸਭਾ ਦਾ ਦੂਜਾ ਇਜਲਾਸ ਸੱਦਣ ਲਈ ਪੰਜਾਬ ਦੇ ਰਾਜਪਾਲ ਨੂੰ ਸਿਫਾਰਸ਼ ਕਰਨ ਦਾ ਫੈਸਲਾ ਕੀਤਾ ਹੈ।
ਮੰਤਰੀ ਮੰਡਲ ਵਲੋਂ ਪ੍ਰਵਾਨ ਕੀਤੇ ਪ੍ਰੋਗਰਾਮ ਮੁਤਾਬਕ ਬਜਟ ਇਜਲਾਸ ਦਾ ਆਗਾਜ਼ 14 ਜੂਨ ਨੂੰ ਬਾਅਦ ਦੁਪਹਿਰ 2 ਵਜੇ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਵੇਗਾ ਅਤੇ 23 ਜੂਨ ਨੂੰ ਤਜਵੀਜ਼ਤ ਵਿਧਾਨਿਕ ਕੰਮ-ਕਾਜ ਉਪਰੰਤ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ। ਰਾਜਪਾਲ ਦੇ ਭਾਸ਼ਣ 'ਤੇ ਬਹਿਸ 16 ਅਤੇ 19 ਜੂਨ ਨੂੰ ਹੋਵੇਗੀ।
ਮੁੱਖ ਮੰਤਰੀ ਵਲੋਂ ਵਿੱਤ ਅਤੇ ਹੋਰ ਮਹੱਤਵਪੂਰਨ ਫੈਸਲਿਆਂ ਦਾ ਐਲਾਨ ਬਜਟ ਇਜਲਾਸ ਵਿੱਚ ਕਰਨ ਬਾਰੇ ਪਹਿਲਾਂ ਹੀ ਸੰਕੇਤ ਦਿੱਤੇ ਗਏ ਹਨ ਤਾਂ ਕਿ ਸਰਕਾਰ ਆਪਣੇ ਮੁੱਖ ਚੋਣ ਵਾਅਦੇ ਪੂਰੇ ਕਰ ਸਕੇ।
ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਹੋਏ ਇੱਕ ਸਮਾਗਮ ਦੌਰਾਨ ਆਖਿਆ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ 140 ਫੈਸਲੇ ਲਏ ਹਨ, ਪਰ ਵਿੱਤੀ ਮਾਮਲਿਆਂ ਨਾਲ ਜੁੜੇ ਵਾਅਦੇ ਬਜਟ ਇਜਲਾਸ ਤੱਕ ਮੁਲਤਵੀ ਕੀਤੇ ਗਏ। ਮੁੱਖ ਮੰਤਰੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਵਲੋਂ ਕੀਤੇ ਇੱਕ-ਇੱਕ ਵਾਅਦੇ ਨੂੰ ਪੂਰਾ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

267 Views

e-Paper