ਬਰਤਾਨੀਆ ਚੋਣਾਂ; ਬਹੁਮਤ ਹਾਸਲ ਨਾ ਕਰ ਸਕੀ ਮੇ ਦੀ ਕੰਜ਼ਰਵੇਟਿਵ ਪਾਰਟੀ

ਲੰਡਨ (ਨਵਾਂ ਜ਼ਮਾਨਾ ਸਰਵਿਸ)-ਬਰਤਾਨੀਆ 'ਚ ਮੱਧਕਾਲੀ ਚੋਣਾਂ ਦਾ ਦਾਅ ਪ੍ਰਧਾਨ ਮੰਤਰੀ ਟਰੀਜਾ ਮੇ 'ਤੇ ਪੁੱਠਾ ਪਿਆ ਹੈ, ਕਿਉਂਕਿ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਬਹੁਮਤ ਪ੍ਰਾਪਤ ਨਹੀਂ ਕਰ ਸਕੀ। ਹਾਲਾਂਕਿ ਕੰਜ਼ਰਵੇਟਿਵ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ, ਪਰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਮੇ 'ਤੇ ਅਸਤੀਫ਼ੇ ਲਈ ਦਬਾਅ ਵੀ ਵੱਧ ਗਿਆ ਹੈ, ਹਾਲਾਂਕਿ ਉਨ੍ਹਾਂ ਨੇ ਅਸਤੀਫ਼ੇ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ 2015 ਦੀਆਂ ਚੋਣਾਂ 'ਚ ਪਾਰਟੀ ਨੇ 331 ਸੀਟਾਂ ਜਿੱਤ ਕੇ ਮੁਕੰਮਲ ਬਹੁਮਤ ਹਾਸਲ ਕੀਤਾ ਸੀ।
ਇਹਨਾਂ ਚੋਣਾਂ ਨੂੰ ਬ੍ਰੈਗਜਿਟ ਚੋਣਾਂ ਵਜੋਂ ਦੇਖਿਆ ਜਾ ਰਿਹਾ ਸੀ ਅਤੇ ਨਤੀਜੇ ਨੂੰ ਉਨ੍ਹਾ 48 ਫ਼ੀਸਦੀ ਲੋਕਾਂ ਲਈ ਆਸ ਦੀ ਕਿਰਨ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੇ 2016 ਦੀ ਰਾਇਸ਼ੁਮਾਰੀ 'ਚ ਯੂਰਪੀਨ ਯੂਨੀਅਨ 'ਚ ਬਣੇ ਰਹਿਣ ਦੇ ਪੱਖ 'ਚ ਵੋਟ ਦਿੱਤੀ ਸੀ। ਮੇ ਨੇ ਬ੍ਰੈਗਜਿਟ ਵਾਰਤਾ 'ਚ ਆਪਣੀ ਪੁਜ਼ੀਸ਼ਨ ਮਜ਼ਬੂਤ ਬਣਾਉਣ ਦੇ ਯਤਨ ਤਹਿਤ ਨਿਰਧਾਰਤ ਸਮੇਂ ਤੋਂ ਤਿੰਨ ਸਾਲ ਪਹਿਲਾਂ ਚੋਣਾਂ ਕਰਾਉਣ ਦਾ ਫ਼ੈਸਲਾ ਕੀਤਾ ਸੀ।
ਕੰਜ਼ਰਵੇਟਿਵ ਪਾਰਟੀ 650 ਮੈਂਬਰੀ ਸੰਸਦ 'ਚ ਸਭ ਤੋਂ ਵੱਡੀ ਪਾਰਟੀ ਰਹੀ ਹੈ, ਪਰ ਜੇਰੇਮੀ ਕਾਰਬਿਨ ਦੀ ਅਗਵਾਈ ਹੇਠ ਲੇਬਰ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਮੇ ਦੇ ਅਹੁਦੇ 'ਤੇ ਬਣੇ ਰਹਿਣ ਨੂੰ ਅਪਮਾਨਜਨਕ ਦਸਿਆ ਜਾ ਰਿਹਾ ਹੈ।ਆਖ਼ਰੀ ਨਤੀਜਿਆਂ ਅਨੁਸਾਰ 650 ਮੈਂਬਰੀ ਸੰਸਦ 'ਚ ਕੰਜ਼ਰਵੇਟਿਵ ਪਾਰਟੀ ਨੇ 313 ਸੀਟਾਂ ਜਿੱਤੀਆਂ ਹਨ, ਜਦਕਿ ਲੇਬਰ ਪਾਰਟੀ ਨੂੰ 260 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਹੈ। ਲਿਬਰਲ ਡੈਮਕੋਰਟੇਸ 12 ਅਤੇ ਐਸ ਐਨ ਪੀ 35 ਸੀਟਾਂ ਜਿਤਣ 'ਚ ਸਫ਼ਲ ਰਹੇ ਹਨ।
ਨਤੀਜਿਆਂ ਤੋਂ ਪਹਿਲਾਂ ਮੇ ਨੇ ਕਿਹਾ ਸੀ ਕਿ ਬਰਤਾਨੀਆ ਨੂੰ ਸਥਿਰਤਾ ਦੀ ਲੋੜ ਹੈ। ਲੇਬਰ ਪਾਰਟੀ ਦੇ ਜੇਰੇਮੀ ਕਾਰਬਿਨ ਨੇ ਕਿਹਾ ਕਿ ਸਿਆਸਤ ਬਦਲ ਗਈ ਹੈ ਅਤੇ ਉਨ੍ਹਾ ਦੀ ਆਸ ਅਨੁਸਾਰ ਵੋਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਮੇ ਨੇ ਕਿਹਾ ਸੀ ਕਿ ਇਹ ਚੋਣਾਂ ਉਨ੍ਹਾ ਫਤਵਾ ਲੈਣ ਲਈ ਕਰਵਾਈਆਂ ਹਨ ਅਤੇ ਲੋਕਾਂ ਦਾ ਫ਼ਤਵਾ ਹੈ ਕਿ ਉਹ ਚੋਣ ਹਾਰ ਗਈ ਹੈ। ਭਾਵੇਂ ਲੇਬਰ ਪਾਰਟੀ ਚੋਣਾਂ ਨਹੀਂ ਜਿੱਤ ਸਕੀ, ਪਰ ਪਾਰਟੀ ਵੱਲੋਂ ਭਾਰਤੀ ਮੂਲ ਦੇ ਦੋ ਉਮੀਦਵਾਰ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਜਿੱਤ ਪ੍ਰਾਪਤ ਕਰਨ 'ਚ ਸਫ਼ਲ ਰਹੇ ਹਨ। ਪ੍ਰੀਤ ਕੌਰ ਗਿੱਲ ਜਿੱਥੇ ਪਹਿਲੀ ਸਿੱਖ ਐਮ ਪੀ ਹੈ, ਉਥੇ ਤਨਮਨਜੀਤ ਸਿੰਘ ਢੇਸੀ ਪਹਿਲੇ ਪਗੜੀਧਾਰੀ ਸਿੱਖ ਸੰਸਦ ਮੈਂਬਰ ਹਨ।