ਪਸ਼ੂਆਂ ਦੇ ਵਪਾਰ 'ਤੇ ਪਾਬੰਦੀ ਦੇਸ਼ 'ਤੇ ਸੰਘ ਦੀ ਵਿਚਾਰਧਾਰਾ ਠੋਸਣਾ : ਅਰਸ਼ੀ


ਮਾਨਸਾ (ਨਵਾਂ ਜ਼ਮਾਨਾ ਸਰਵਿਸ)
ਰੇਤ ਮਾਫੀਆ ਦੀ ਕੈਪਟਨ ਸਰਕਾਰ ਮੁਰਦਾਬਾਦ, ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ 'ਚੋਂ ਬਰਖਾਸਤ ਕਰੋ, ਕੇਂਦਰ ਸਰਕਾਰ ਵਲੋਂ ਪਸ਼ੂਆਂ ਦੇ ਵਪਾਰ 'ਤੇ ਲਾਈ ਪਾਬੰਧੀ ਖਤਮ ਕਰੋ, ਭਾਜਪਾ ਸਰਕਾਰਾਂ ਵਲੋਂ ਘੱਟ ਗਿਣਤੀ ਤੇ ਦਲਿਤਾਂ 'ਤੇ ਹਮਲੇ ਬੰਦ ਕੀਤੇ ਜਾਣ, ਸੰਘ ਪਰਵਾਰ ਹਰਾਓ - ਭਾਰਤ ਬਚਾਓ, ਅਕਾਲੀ- ਕੈਪਟਨ ਤੇ ਭਾਜਪਾ ਦੀ ਨੂਰਾ ਕੁਸ਼ਤੀ ਮੁਰਦਾਬਾਦ, ਮੋਦੀ ਸਰਕਾਰ ਪ੍ਰੈਸ ਦੀ ਅਜ਼ਾਦੀ 'ਤੇ ਹਮਲੇ ਬੰਦ ਕਰੇ, ਪੰਜਾਬ ਵਿੱਚ ਐਨ.ਡੀ.ਟੀ.ਵੀ ਚੈਨਲ ਦੇ ਪ੍ਰਸਾਰਣ 'ਤੇ ਲਾਈ ਪਾਬੰਧੀ ਖਤਮ ਕੀਤੀ ਜਾਵੇ, ਸੰਘ ਪਰਵਾਰ ਤੇ ਭਾਜਪਾ ਦੇ ਰਖੇਲ ਟੀ.ਵੀ. ਚੈਨਲ ਮੁਰਦਾਬਾਦ ਅਤੇ ਨਾ ਹਿੰਦੂ ਰਾਜ ਨਾ ਖਾਲਿਸਤਾਨ ਜੁਗ-ਜੁਗ ਜੀਵੇ ਹਿੰਦੁਸਤਾਨ ਆਦਿ ਮੰਗਾਂ ਦੇ ਨਾਹਰਿਆਂ ਵਾਲੇ ਵੱਡੇ ਬੈਨਰਾਂ ਨਾਲ ਸੀ.ਪੀ.ਆਈ ਦੇ ਸੈਕੜੇ ਵਰਕਰਾਂ ਵਲੋਂ ਮਾਨਸਾ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੀ ਸਮਾਪਤੀ 'ਤੇ ਜੁੜੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ ਦੇ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਰਹਿਤ ਤੇ ਪਾਰਦਰਸ਼ੀ ਸਰਕਾਰ ਦੇਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਦਾ ਅਸਲ ਚਿਹਰਾ ਉਸ ਸਮੇਂ ਨੰਗਾ ਹੋ ਗਿਆ, ਜਦੋਂ ਰੇਤ ਦੀਆਂ ਖੱਡਾਂ ਦੀ ਨਿਲਾਮੀ ਵਿੱਚ ਕੁੱਝ ਕਾਂਗਰਸੀ ਵਿਧਾਇਕ ਤੇ ਮੰਤਰੀ ਕਬਜ਼ਾ ਕਰਨ ਵਿੱਚ ਸਫਲ ਹੋ ਗਏ। ਰਾਣਾ ਗੁਰਜੀਤ ਸਿੰਘ ਦਾ ਕੇਸ ਸਭ ਤੋਂ ਸ਼ਰਮਨਾਕ ਹੈ, ਜਿਸ ਨੇ ਆਪਣੇ ਨੌਕਰਾਂ ਦੇ ਨਾਂਅ 'ਤੇ ਕਈ ਖੱਡਾਂ 'ਤੇ ਬੇਨਾਮੀ ਕਬਜ਼ਾ ਕਰ ਲਿਆ ਹੈ। ਉਹਨਾਂ ਮੰਗ ਕੀਤੀ ਕਿ ਨਿਰਪੱਖ ਜਾਂਚ ਲਈ ਰਾਣਾ ਗੁਰਜੀਤ ਸਿੰਘ ਨੂੰ ਤੁਰੰਤ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀਤਾ ਜਾਵੇ।
ਉਨ੍ਹਾ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 20 ਜੂਨ ਨੂੰ ਪੇਸ਼ ਕੀਤੇ ਜਾ ਰਹੇ ਬਜਟ ਵਿੱਚ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਉਸ ਨੂੰ ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ਦੀ ਤਰਾਂ੍ਹ ਭਾਰੀ ਕਿਸਾਨ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾ ਇਹ ਵੀ ਦੋਸ਼ ਲਾਇਆ ਕਿ ਅਕਾਲੀ-ਕੈਪਟਨ ਤੇ ਭਾਜਪਾ ਵਾਲੇ ਪੰਜਾਬ ਵਿੱਚ ਨੂਰਾ ਕੁਸ਼ਤੀ ਖੇਡ ਰਹੇ ਹਨ।
ਅੱਜ ਜਦੋਂ ਭਾਜਪਾ ਸਰਕਾਰਾਂ ਦੀ ਅਸਲ ਸੰਚਾਲਕ ਸ਼ਕਤੀ ਸੰਘ ਪਰਵਾਰ ਵਲੋਂ ਘੱਟ ਗਿਣਤੀਆਂ, ਦਲਿਤਾਂ, ਬੁੱਧੀਜੀਵੀਆਂ, ਵਿਦਿਅਕ ਅਦਾਰਿਆਂ, ਪ੍ਰੈਸ ਦੀ ਅਜ਼ਾਦੀ ਤੇ ਕਮਿਊਨਿਸਟਾਂ ਸਮੇਤ ਕਾਂਗਰਸ ਆਦਿ 'ਤੇ ਘਿਨਾਉਣੇ ਹਮਲੇ ਕੀਤੇ ਜਾ ਰਹੇ ਹਨ। ਉਸ ਸਮੇਂ ਮੁੱਖ ਮੰਤਰੀ ਤੇ ਪੰਜਾਬ ਦਾ ਕਾਂਗਰਸ ਪ੍ਰਧਾਨ ਇਕ ਵੀ ਸ਼ਬਦ ਆਰ.ਐਸ.ਐਸ. ਤੇ ਭਾਜਪਾ ਵਿਰੁੱਧ ਨਹੀਂ ਬੋਲ ਰਹੇ ਹਨ। ਸ਼ਾਇਦ ਚੋਣਾਂ ਵਿੱਚ ਹੋਏ ਗੁੱਝੇ ਸਮਝੌਤੇ ਕਰਕੇ ਅਜਿਹਾ ਹੋ ਰਿਹਾ ਹੋਵੇ। ਫਾਸਟਵੇ ਕੇਬਲ ਨੈਟਵਰਕ ਤੋਂ ਐਨ.ਡੀ.ਟੀ.ਵੀ ਚੈਨਲ ਦੇ ਪ੍ਰਸਾਰਣ 'ਤੇ ਪਾਬੰਦੀ ਕੈਪਟਨ ਸਰਕਾਰ ਸਮੇਂ ਵੀ ਜਾਰੀ ਕਿਉਂ ਹੈ? ਕਮਿਊਨਿਸਟ ਆਗੂ ਨੇ ਪੰਜਾਬ ਦੇ ਲੋਕਾਂ ਨੂੰ ਖਬਰਦਾਰ ਕੀਤਾ ਕਿ ਆਰ.ਐਸ.ਐਸ ਤੇ ਖਾਲਸਤਾਨੀ ਅਨਸਰ ਮਿਲ ਕੇ ਪੰਜਾਬ ਨੂੰ ਮੁੱੜ ਅਤਵਾਦ ਦੀ ਭੱਠੀ ਵਿੱਚ ਝੋਕਣ ਲਈ ਗੰਭੀਰ ਸਾਜ਼ਿਸ਼ਾਂ ਰੱਚ ਰਹੇ ਹਨ। ਕਮਿਊਨਿਸਟ ਆਗੂ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਸ਼ੂਆਂ ਦੇ ਵਪਾਰ 'ਤੇ ਲਾਈ ਪਾਬੰਦੀ ਨੂੰ ਤੁਰੰਤ ਖਤਮ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਨਾਲ ਕਿਸਾਨ, ਦੁੱਧ ਉਤਪਾਦਕ ਤੇ ਚਮੜਾ ਕਾਰੋਬਾਰ ਨਾਲ ਜੁੜੇ ਹੋਏ ਲੋਕ ਬੁਰੀ ਤਰਾਂ੍ਹ ਪ੍ਰਭਾਵਿਤ ਹੋਣਗੇ। ਅਸਲ ਵਿੱਚ ਸੰਘ ਪਰਵਾਰ ਨੂੰ ਪਸ਼ੂਆਂ ਜਾਂ ਗਊਆਂ ਨਾਲ ਕੋਈ ਹਮਦਰਦੀ ਨਹੀਂ ਬਲਕਿ ਉਹਨਾਂ ਦੇ ਨਾਂਅ ਤੇ ਕੇਵਲ ਆਪਣੀ ਵਿਚਾਰਧਾਰਾ ਨੂੰ ਦੇਸ਼ ਉਪਰ ਠੋਸਣਾ ਹੈ।
ਅਰਸ਼ੀ ਨੇ ਅੰਤ ਵਿੱਚ ਕਿਹਾ ਕਿ ਕੇਂਦਰ ਤੇ ਸੂਬਾਈ ਭਾਜਪਾ ਸਰਕਾਰਾਂ ਪ੍ਰੈਸ ਦੀ ਅਜ਼ਾਦੀ 'ਤੇ ਹਮਲਾ ਕਰਕੇ ਨਿਰਪੱਖ ਮੀਡੀਆ ਦਾ ਗਲਾ ਘੁੱਟ ਦਿੱਤਾ ਹੈ। ਦੇਸ਼ ਦੇ ਬਹੁ-ਗਿਣਤੀ ਟੀ.ਵੀ ਚੈਨਲ ਉਹਨਾਂ ਦੀ ਰਖੇਲ ਬਣ ਕੇ ਰਹਿ ਗਏ ਹਨ। ਜਿਹਨਾਂ ਤੋਂ ਕੇਵਲ ਹੁਣ ਸੰਘ ਪਰਵਾਰ ਦਾ ਹੀ ਪ੍ਰਚਾਰ ਹੁੰਦਾ ਹੈ। ਅਣ-ਐਲਾਨੀ ਸੈਂਸਰਸ਼ਿਪ ਠੋਸ ਦਿਤੀ ਹੈ। ਦੇਸ਼ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਸਮਾਂ ਆ ਗਿਆ ਹੈ ਕਿ ਫਿਰਕੂ ਤੇ ਫਾਸ਼ੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਦੇਸ਼ ਦੀਆਂ ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਇਕਠੇ ਹੋ ਕੇ ਸੰਘਰਸ਼ ਕਰਨ।
ਜ਼ਿਲਾ੍ਹ ਸੀ.ਪੀ.ਆਈ ਦੇ ਸਕੱਤਰ ਕ੍ਰਿਸ਼ਨ ਚੌਹਾਨ ਤੇ ਮੀਤ ਸਕੱਤਰ ਸੀਤਾ ਰਾਮ ਨੇ ਕਿਹਾ ਕਿ ਅਖੌਤੀ ਹਿੰਦੂ ਸੈਨਾ ਦੇ ਨਾ ਥੱਲੇ ਆਰ.ਐਸ.ਐਸ ਦੇ ਗੁਰਗਿਆਂ ਵਲੋਂ ਸੀ.ਪੀ.ਐਮ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ 'ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦੇ ਹੋਏ ਚੇਤਾਵਨੀ ਦਿਤੀ ਕਿ ਕਮਿਊਨਿਸਟਾਂ ਦੀ ਅਵਾਜ਼ ਨੂੰ ਵੱਡੇ ਤੋਂ ਵੱਡੇ ਹਿਟਲਰ ਵਰਗੇ ਤਾਨਾਸ਼ਾਹ ਵੀ ਨਹੀਂ ਦਬਾਅ ਸਕੇ ਤੇ ਨਾ ਸੰਘੀ ਟੋਲੇ ਅਜਿਹਾ ਕਰ ਸਕਣਗੇ। ਜ਼ਿਲਾ੍ਹ ਕਿਸਾਨ ਸਭਾ ਦੇ ਪ੍ਰਧਾਨ ਨਿਹਾਲ ਸਿੰਘ ਤੇ ਜਨਰਲ ਸਕੱਤਰ ਅਮਰੀਕ ਸਿੰਘ ਨੇ ਮੱਧ ਪ੍ਰਦੇਸ਼ ਦੇ ਸੰਘਰਸ਼ੀ ਕਿਸਾਨਾਂ 'ਤੇ ਗੋਲੀ ਚਲਾਉਣ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਭਾਜਪਾ ਕਿਸਾਨ ਅੰਦੋਲਨ ਨੂੰ ਕੁਚਲਣ ਦੀ ਬਜਾਏ ਉਹਨਾਂ ਨਾਲ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਕਰੇ। ਉਕਤ ਆਗੂਆਂ ਤੋਂ ਕਾਮਰੇਡ ਵੇਦ ਪ੍ਰਕਾਸ਼, ਰੂਪ ਸਿੰਘ ਢਿੱਲੋਂ, ਦਲਜੀਤ ਸਿੰਘ ਮਾਨਸ਼ਾਹੀਆਂ, ਦਰਸ਼ਨ ਸਿੰਘ ਪੰਧੇਰ, ਭੁਪਿੰਦਰ ਸਿੰਘ ਬੱਪੀਆਣਾ, ਗੁਰਬਚਨ ਸਿੰਘ ਮੰਦਰਾਂ, ਮਨਜੀਤ ਕੌਰ ਗਾਮੀਵਾਲਾ, ਅਮਨਦੀਪ ਕੌਰ ਖਿੱਲਣ, ਕਰਨੈਲ ਸਿੰਘ ਦਾਤੇਵਾਸ, ਨੌਜਵਾਨ ਆਗੂ ਮਲਕੀਤ ਸਿੰਘ ਮੰਦਰਾਂ, ਗੁਰਜੰਟ ਸਿੰਘ ਬਰੇਟਾ ਕਾਕਾ ਸਿੰਘ ਪ੍ਰਧਾਨ ਟਰੇਡ ਯੂਨੀਅਨ ਤੋਂ ਇਲਾਵਾ ਕਾਮਰੇਡ ਰਤਨ ਭੋਲਾ ਵਲੋਂ ਵੀ ਸੰਬੋਧਨ ਕੀਤਾ ਗਿਆ।