ਮਹਾਤਮਾ ਗਾਂਧੀ ਦਾ ਅਪਮਾਨ; ਕਾਂਗਰਸ ਨੇ ਕਿਹਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਮਹਾਤਮਾ ਗਾਂਧੀ ਬਾਰੇ ਟਿਪਣੀ ਨੂੰ ਲੈ ਕੇ ਕਾਂਗਰਸ ਨੇ ਭਾਜਪਾ ਅਤੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਅਮਿਤ ਸ਼ਾਹ ਦੇ ਬਿਆਨ ਨੂੰ ਮਹਾਤਮਾ ਗਾਂਧੀ ਦਾ ਅਪਮਾਨ ਦੱਸਦਿਆਂ ਕਾਂਗਰਸ ਨੇ ਭਾਜਪਾ ਪ੍ਰਧਾਨ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਾਫ਼ੀ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਏਪੁਰ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਮਹਾਤਮਾ ਗਾਂਧੀ ਨੂੰ ਸਿਆਣਾ ਬਾਣੀਆ ਆਖਿਆ ਸੀ।
ਮਗਰੋਂ ਆਪਣੇ ਬਿਆਨ 'ਤੇ ਸਫ਼ਾਈ ਦਿੰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਇਹ ਗੱਲ ਕਿਸ ਸੰਦਰਭ 'ਚ ਆਖੀ ਸੀ। ਉਨ੍ਹਾ ਕਿਹਾ ਕਿ ਲੋਕ ਮੇਰੇ ਬਿਆਨ ਦਾ ਗਲਤ ਅਰਥ ਕੱਢ ਰਹੇ ਹਨ। ਰਾਏਪੁਰ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ ਦੂਰਦਰਸ਼ੀ ਹੋਣ ਦੇ ਨਾਲ-ਨਾਲ ਸਿਆਣਾ ਬਾਣੀਆ ਸਨ ਅਤੇ ਅਜ਼ਾਦੀ ਮਗਰੋਂ ਉਨ੍ਹਾ ਕਿਹਾ ਸੀ ਕਿ ਕਾਂਗਰਸ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਕਾਂਗਰਸ ਨੂੰ ਖ਼ਤਮ ਕਰਨ ਲਈ ਕੁਝ ਨਹੀਂ ਕੀਤਾ, ਪਰ ਅੱਜ ਕੁਝ ਲੋਕ ਕਾਂਗਰਸ ਨੂੰ ਖ਼ਤਮ ਕਰਨ ਦਾ ਕੰਮ ਕਰ ਰਹੇ ਹਨ।