ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਅਕਾਲੀ ਦਲ ਦੀ ਜੇਬ 'ਚ ਨਾ ਪਾਓ : ਅਰਸ਼ੀ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਕਾਮਰੇਡ ਹਰਦੇਵ ਸਿੰਘ ਅਰਸ਼ੀ ਸਕੱਤਰ ਪੰਜਾਬ ਸੂਬਾ ਕੌਂਸਲ ਸੀ ਪੀ ਆਈ ਨੇ ਅਕਾਲੀ ਦਲ ਵੱਲੋਂ ਲਾਏ ਜਾ ਰਹੇ ਸਿਆਸੀ ਧਰਨਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ ਵੱਲੋਂ ਸ਼ਮੂਲੀਅਤ ਕਰਨ ਦਾ ਸਖਤ ਨੋਟਿਸ ਲੈਂਦਿਆਂ ਇਸ ਨੂੰ ਪੰਜਾਬ ਲਈ ਖਤਰੇ ਭਰਪੂਰ ਘਟਨਾ ਆਖਿਆ।
ਸਾਥੀ ਅਰਸ਼ੀ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਸਰਕਾਰ ਵਿਰੁੱਧ ਜਾਂ ਕਿਸੇ ਵੀ ਹੋਰ ਕਾਰਜ ਲਈ ਜੋ ਮਰਜ਼ੀ ਐਕਸ਼ਨ ਸੰਵਿਧਾਨਕ ਆਜ਼ਾਦੀਆਂ ਅਧੀਨ ਕਰ ਸਕਦਾ ਹੈ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ ਵੱਲੋਂ ਇਹਨਾਂ ਵਿਚ ਸ਼ਾਮਲ ਹੋਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਬਣਦਾ। ਸ਼੍ਰੋਮਣੀ ਕਮੇਟੀ ਧਾਰਮਿਕ ਸੰਸਥਾ ਹੈ, ਉਸ ਵਿਚ ਹਰ ਵਿਚਾਰਧਾਰਾ ਦੇ ਜਾਂ ਸਿਆਸੀ ਰੁਝਾਨ ਵਾਲੇ ਨੁਮਾਇੰਦੇ ਹੋ ਸਕਦੇ ਹਨ, ਜੋ ਗੁਰਦੁਆਰਿਆਂ ਦੇ ਸੁਚੱਜੇ ਪ੍ਰਬੰਧ ਜਾਂ ਸਿੱਖਾਂ ਦੇ ਮਸਲਿਆਂ ਲਈ ਯੋਗਦਾਨ ਪਾਉਂਦੇ ਹਨ, ਪਰ ਕਮੇਟੀ ਸਮੁੱਚੇ ਤੌਰ 'ਤੇ ਇਕ ਸਿਆਸੀ ਪਾਰਟੀ ਦੇ ਅੰਦੋਲਨ ਜਾਂ ਐਕਸ਼ਨ ਵਿਚ ਸ਼ਾਮਲ ਹੋਣ ਨਾਲ ਪੰਜਾਬ ਦੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਵੇਗੀ। ਕਮੇਟੀ ਨੂੰ ਅਕਾਲੀ ਦਲ ਦੀ ਜੇਬ ਵਿਚ ਨਹੀਂ ਪੈਣਾ ਚਾਹੀਦਾ। ਸਿਆਸਤ ਅਤੇ ਧਰਮ ਨੂੰ ਮਿਲਾਉਣ ਦੇ ਬੜੇ ਹਾਨੀਕਾਰਕ ਨਤੀਜੇ ਪੰਜਾਬ ਪਹਿਲਾਂ ਵੀ ਡੇਢ ਦਹਾਕਾ ਭੁਗਤ ਚੁੱਕਾ ਹੈ।
ਸਾਥੀ ਅਰਸ਼ੀ ਨੇ ਜਿਥੇ ਸ਼੍ਰੋਮਣੀ ਕਮੇਟੀ ਉਤੇ ਜ਼ੋਰ ਦਿੱਤਾ ਕਿ ਉਹ ਸਿਆਸੀ ਪਾਰਟੀ ਦੇ ਅੰਗ ਵਜੋਂ ਕੰਮ ਕਰਕੇ ਆਪਣੀ ਕਦਰ ਨਾ ਘਟਾਵੇ, ਉਥੇ ਨਾਲ ਹੀ ਅਕਾਲੀ ਦਲ ਦੀ ਨੁਕਤਾਚੀਨੀ ਕੀਤੀ ਕਿ ਉਹ ਆਪਣੀ ਗੁਆਚੀ ਹੋਈ ਸਾਖ ਬਹਾਲ ਕਰਨ ਦੀ ਕੋਸ਼ਿਸ਼ ਆਪ ਜਿੰਨੀ ਮਰਜ਼ੀ ਕਰੇ, ਪਰ ਸ਼੍ਰੋਮਣੀ ਕਮੇਟੀ ਨੂੰ ਹਥਿਆਰ ਵਜੋਂ ਨਾ ਵਰਤੇ। ਅਕਾਲੀ ਦਲ ਆਪਣੇ 10 ਸਾਲ ਦੇ ਦੁਰ-ਰਾਜ ਨੂੰ ਲੋਕਾਂ ਵਲੋਂ ਰੱਦ ਕੀਤੇ ਜਾਣ ਤੋਂ ਸਬਕ ਸਿੱਖੇ ਅਤੇ ਆਮ ਲੋਕਾਂ ਦੇ ਮੁੱਦੇ ਉਠਾਏ, ਨਾ ਕਿ ਧਾਰਮਿਕ ਪੱਤਾ ਉਛਾਲਣ ਅਤੇ ਵਰਤਣ ਨਾਲ ਪੰਜਾਬ ਦੇ ਅਮਨ ਨੂੰ ਖਤਰੇ ਵਿਚ ਪਾਵੇ। ਸਾਥੀ ਅਰਸ਼ੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰੇ ਦੇ ਸਾਫ-ਸੁਥਰੇ ਪਾਰਦਰਸ਼ੀ ਇਮਾਨਦਾਰ ਪ੍ਰਬੰਧ ਲਈ, ਸਿੱਖੀ ਦੀਆਂ ਨਰੋਈਆਂ ਰਵਾਇਤਾਂ ਲਈ, ਨੌਜਵਾਨਾਂ ਨੂੰ ਨਸ਼ਿਆਂ ਦੀਆਂ ਅਲਾਮਤਾਂ 'ਚੋਂ ਕੱਢਣ ਅਤੇ ਹੋਰ ਨੇਕ ਕਾਰਜਾਂ ਲਈ ਕੰਮ ਕਰਨਾ ਅਤੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਜਿਸ ਦੀ ਸਾਰੇ ਪੰਜਾਬੀ ਲੋਕ ਸਰਾਹਨਾ ਵੀ ਕਰਨਗੇ, ਨਾ ਕਿ ਅਕਾਲੀ ਦਲ ਦਾ ਧਾਰਮਿਕ ਵਿੰਗ ਬਣ ਕੇ ਚੱਲਣਾ ਚਾਹੀਦਾ ਹੈ, ਕਿਸੇ ਵੀ ਸਿਆਸੀ ਪਾਰਟੀ ਦਾ ਅੰਗ ਨਹੀਂ ਬਣਨਾ ਚਾਹੀਦਾ।