ਕੈਨੇਡਾ ਤੋਂ ਆਈ ਉੱਘੀ ਰੰਗ ਕਰਮੀ ਬਖ਼ਸ਼ ਦਾ ਦੇਸ਼ ਭਗਤ ਕਮੇਟੀ ਵੱਲੋਂ ਨਿੱਘਾ ਸੁਆਗਤ


ਜਲੰਧਰ (ਕੇਸਰ)
ਕੈਨੇਡਾ ਦੇ ਸ਼ਹਿਰ ਐਡਮਿੰਟਨ ਤੋਂ ਅੱਜ ਦੇਸ਼ ਭਗਤ ਯਾਦਗਾਰ ਹਾਲ 'ਚ ਉਚੇਚੇ ਤੌਰ 'ਤੇ ਪੁੱਜੀ ਉੱਘੀ ਰੰਗ ਕਰਮੀ ਬਖ਼ਸ਼ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਅਤੇ ਉਹਨਾਂ ਨਾਲ ਕੈਨੇਡਾ, ਦੇਸ਼ ਭਗਤ ਯਾਦਗਾਰ ਹਾਲ ਦੀਆਂ ਇਤਿਹਾਸਕ, ਸਾਹਿਤਕ/ਸੱਭਿਆਚਾਰਕ ਸਰਗਰਮੀਆਂ ਸੰਬੰਧੀ ਗੰਭੀਰ ਵਿਚਾਰ-ਚਰਚਾ ਕੀਤੀ ਗਈ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਦੇਵ ਰਾਜ ਨਯੀਅਰ, ਲਾਇਬਰੇਰੀਅਨ ਬਲਵਿੰਦਰ ਕੌਰ, ਸੀਤਾ ਰਾਮ ਬਾਂਸਲ ਅਤੇ ਗੁਰਦੀਪ ਸਿੰਘ ਸੰਧਰ ਨੇ ਕਮੇਟੀ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦਾ ਸੈੱਟ ਭੇਟ ਕੀਤਾ ਅਤੇ ਬਖ਼ਸ਼ ਨੇ ਆਪਣੀਆਂ ਮੌਲਿਕ ਪੁਸਤਕਾਂ ਦੇਸ਼ ਭਗਤ ਕਮੇਟੀ ਨੂੰ ਭੇਟ ਕੀਤੀਆਂ।
ਰੰਗ ਕਰਮੀ ਬਖ਼ਸ਼ ਨੇ ਦੇਸ਼ ਭਗਤ ਹਾਲ ਦੀ ਲਾਇਬਰੇਰੀ ਅਤੇ ਮਿਊਜ਼ੀਅਮ ਵੀ ਬਹੁਤ ਗਹੁ ਨਾਲ ਵੇਖਿਆ ਅਤੇ ਕਮੇਟੀ ਵੱਲੋਂ ਇਨਕਲਾਬੀਆਂ ਦਾ ਇਤਿਹਾਸ ਸੰਭਾਲਣ, ਪ੍ਰਕਾਸ਼ਿਤ ਕਰਨ ਅਤੇ ਲੋਕਾਂ 'ਚ ਲਿਜਾਣ ਦੀ ਪ੍ਰਸੰਸਾ ਕੀਤੀ।