ਗਊ ਰੱਖਿਅਕਾਂ ਵੱਲੋਂ ਸਰਕਾਰੀ ਅਫ਼ਸਰਾਂ 'ਤੇ ਹਮਲਾ; ਤਿੰਨ ਗੰਭੀਰ ਜ਼ਖ਼ਮੀ


ਜੈਪੁਰ (ਨਵਾਂ ਜ਼ਮਾਨਾ ਸਰਵਿਸ)
ਗਊ ਰੱਖਿਅਕਾਂ ਦੇ ਤਸ਼ੱਦਦ ਦਾ ਇੱਕ ਹੋਰ ਮਾਮਲਾ ਉਸ ਵੇਲੇ ਸਾਹਮਣੇ ਆਇਆ, ਜਦੋਂ ਰਾਜਸਥਾਨ 'ਚ ਬਾੜਮੇਰ ਵਿਖੇ 50 ਦੇ ਕਰੀਬ ਗਊ ਰੱਖਿਅਕਾਂ ਦੀ ਭੀੜ ਨੇ ਪਸ਼ੂਆਂ ਦੀ ਸਮਗਲਿੰਗ ਦੇ ਸ਼ੱਕ 'ਚ ਤਾਮਿਲਨਾਡੂ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਤਾਮਿਲਨਾਡੂ ਪਸ਼ੂ ਪਾਲਣ ਵਿਭਾਗ ਦੇ 5 ਅਸਿਸਟੈਂਟ ਅਤੇ ਇੱਕ ਵੈਟਰਨਰੀ ਡਾਕਟਰ 'ਤੇ ਅਧਾਰਤ ਟੀਮ ਨੇ 50 ਲੱਖ ਰੁਪਏ ਦੀ ਕੀਮਤ ਨਾਲ ਗਊਆਂ, ਬਲਦਾਂ ਅਤੇ ਵੱਛਿਆਂ ਸਮੇਤ 50 ਦੇ ਕਰੀਬ ਪਸ਼ੂ ਖ਼ਰੀਦੇ ਸਨ ਅਤੇ ਉਨ੍ਹਾਂ ਨੂੰ 5 ਟਰੱਕਾਂ 'ਚ ਭਰ ਕੇ ਤਾਮਿਲਨਾਡੂ ਲਿਜਾਇਆ ਜਾ ਰਿਹਾ ਸੀ।
ਪੁਲਸ ਸੂਤਰਾਂ ਅਨੁਸਾਰ ਇਸ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ 'ਚੋਂ ਲੋੜੀਦੇ ਦਸਤਾਵੇਜ਼ ਅਤੇ ਪ੍ਰਵਾਨਗੀ ਵੀ ਲੈ ਲਈ ਸੀ ਅਤੇ ਉਹ ਪਸ਼ੂ ਲਿਜਾ ਰਹੇ ਟਰੱਕਾਂ ਦੇ ਨਾਲ ਜਾ ਰਹੇ ਸਨ ਕਿ ਅਚਾਨਕ ਰਾਤ 11.30 ਵਜੇ ਦੇ ਕਰੀਬ ਗਊ ਰੱਖਿਅਕਾਂ ਦੀ ਭੀੜ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਹਿੰਸਕ ਭੀੜ ਨੇ ਅਧਿਕਾਰੀਆਂ, ਡਰਾਈਵਰਾਂ ਅਤੇ ਕਲੀਨਰਾਂ ਨੂੰ ਧੂਹ ਕੇ ਟਰੱਕਾਂ 'ਚੋਂ ਬਾਹਰ ਕੱਢ ਲਿਆ ਅਤੇ ਇੱਕ ਟਰੱਕ ਨੂੰ ਅੱਗ ਲਾਉਣ ਦਾ ਯਤਨ ਕੀਤਾ। ਗਊ ਰੱਖਿਅਕਾਂ ਦੇ ਹਮਲੇ 'ਚ ਦੋ ਅਸਿਸਟੈਂਟ ਬਾਲਾ ਮੁਰੂਗਨ ਅਤੇ ਕਰੂਪਾਈਆ ਅਤੇ ਵੈਟਰਨਰੀ ਅਫ਼ਸਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਸ ਮਗਰੋਂ ਭੀੜ ਨੇ ਨੈਸ਼ਨਲ ਹਾਈਵੇ 'ਤੇ ਜਾਮ ਲਾ ਦਿੱਤਾ, ਜੋ ਤਕਰੀਬਨ 3 ਘੰਟੇ ਤੱਕ ਜਾਰੀ ਰਿਹਾ। ਗਊ ਰੱਖਿਅਕਾਂ ਵੱਲੋਂ ਭੀੜ ਨੂੰ ਖਿੰਡਾਉਣ ਦਾ ਯਤਨ ਕਰ ਰਹੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਅਤੇ ਪਥਰਾਅ ਕੀਤਾ ਗਿਆ, ਜਿਸ ਕਰ ਕੇ ਪੁਲਸ ਨੂੰ ਗਊ ਰੱਖਿਅਕਾਂ 'ਤੇ ਹਮਲਾ ਕੀਤਾ ਗਿਆ। ਮਗਰੋਂ ਪੁਲਸ ਨੇ ਇਸ ਸੰਬੰਧ 'ਚ ਚਾਰ ਵਿਅਕਤੀਆਂ ਚੈਨਾ ਰਾਮ, ਕਮਲੇਸ਼, ਵਿਕਰਮ ਅਤੇ ਜਸਵੰਤ ਨੂੰ ਗ੍ਰਿਫ਼ਤਾਰ ਕਰ ਲਿਆ।