ਏਨਾ ਸੌਖਾ ਨਹੀਂ ਨਸ਼ਾ ਕਾਰੋਬਾਰ ਦਾ ਲੱਕ ਤੋੜਨਾ


ਬਠਿੰਡਾ (ਬਖਤੌਰ ਢਿੱਲੋਂ)
ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਉਦੋਂ ਤੱਕ ਖਤਮ ਕਰਨਾ ਅਸੰਭਵ ਹੈ, ਜਦ ਤੱਕ ਉਸ ਲੜੀ ਤੇ ਜਕੜ ਨੂੰ ਪੂਰੀ ਤਰ੍ਹਾਂ ਨਹੀਂ ਤੋੜ ਦਿੱਤਾ ਜਾਂਦਾ, ਜੋ ਪੰਜਾਬ ਪੁਲਸ ਦੇ ਮੁੱਠੀ ਭਰ ਨਾਨ-ਗਜ਼ਟਿਡ ਅਧਿਕਾਰੀਆਂ ਤੇ ਕਰਮਚਾਰੀਆਂ ਅਪਰਾਧ ਜਗਤ ਨਾਲ ਨਾੜੂਆ ਜੋੜਣ ਵਾਲੀ ਸਮਝੀ ਜਾਂਦੀ ਹੈ। ਇਹ ਹਕੀਕਤ ਐੱਸ ਟੀ ਐੱਫ ਵੱਲੋਂ ਕੱਲ੍ਹ ਗਿਰਫਤਾਰ ਕੀਤੇ ਕਪੂਰਥਲਾ ਸੀ ਆਈ ਏ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਦੀ ਰਾਮ ਕਹਾਣੀ ਬੇਨਕਾਬ ਕਰਦੀ ਹੈ।
ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਸਮ ਲਈ ਸੀ, ਕਿ ਸਰਕਾਰ ਬਣਨ ਦੇ ਚਾਰ ਹਫ਼ਤਿਆਂ ਦੇ ਵਕਫ਼ੇ 'ਚ ਨਸ਼ਿਆਂ ਦੇ ਕਾਰੋਬਾਰ ਨੂੰ ਬੰਦ ਕਰਵਾ ਦਿੱਤਾ ਜਾਵੇਗਾ, ਪਰ ਹਕੀਕਤ ਇਹ ਹੈ ਕਿ ਇਸ ਬਿਮਾਰੀ ਨੂੰ ਕਿਸੇ ਹੱਦ ਤੱਕ ਠੱਲ੍ਹ ਤਾਂ ਭਾਵੇਂ ਪਈ ਹੈ, ਪਰ ਮੁਕੰਮਲ ਖਾਤਮੇ ਵੱਲ ਅਜੇ ਤੱਕ ਵਧਦੀ ਨਹੀਂ ਜਾਪਦੀ। ਆਖਰ ਅਜਿਹਾ ਕਿਉਂ? ਇਹ ਜਾਨਣ ਲਈ ਉਹਨਾਂ ਪ੍ਰਸਥਿਤੀਆਂ ਦਾ ਲੇਖਾ-ਜੋਖਾ ਕਰਨਾ ਜ਼ਰੂਰੀ ਹੈ, ਪਿਛਲੇ ਚਾਰ ਦਹਾਕਿਆਂ ਦੌਰਾਨ ਜਿਹਨਾਂ ਵਿਚਦੀ ਵਿਚਰਦੀ ਹੋਈ ਪੰਜਾਬ ਪੁਲਸ ਇੱਕ ਵੱਖਰਾ ਰੰਗ ਰੂਪ ਅਤੇ ਢੰਗ ਅਖ਼ਤਿਆਰ ਕਰ ਚੁੱਕੀ ਹੈ। ਅੱਤਵਾਦ ਦੇ ਯੁੱਗ ਵਿੱਚ ਜਦ ਪੁਲਸ ਦਾ ਮਨੋਬਲ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ, ਤਾਂ ਜੇ ਐੱਫ ਰਿਬੈਰੋ ਅਤੇ ਕੇ ਪੀ ਐੱਸ ਗਿੱਲ ਦੇ ਦੌਰ ਵਿੱਚ ਕੁਝ ਅਜਿਹੇ ਤੌਰ ਤਰੀਕੇ ਅਪਣਾਏ ਗਏ, ਜਿਹਨਾਂ ਪੁਲਸ ਦੀ ਸਨਿਉਰਿਟੀ ਨੂੰ ਛਿੱਕੇ ਟੰਗ ਦਿੱਤਾ। ਉਸ ਦੌਰ ਦੀ ਲੋੜ ਮੁਤਾਬਿਕ ਭਾਵੇਂ ਇਹ ਤਜਰਬਾ ਸਫ਼ਲ ਵੀ ਰਿਹਾ, ਪਰ ਜੋ ਲਗਾਤਾਰਤਾ ਉਦੋਂ ਤੋਂ ਲੈ ਕੇ ਹੁਣ ਤੱਕ ਜਾਰੀ ਹੈ, ਉਹ ਟੁੱਟਣੀ ਚਾਹੀਦੀ ਸੀ। ਇੱਥੇ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਉਦੋਂ ਜਿਹਨਾਂ ਜੂਨੀਅਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜ਼ਿਲ੍ਹਾ ਅਤੇ ਥਾਣਾ ਪੁਲਸ ਮੁਖੀ ਲਾਇਆ ਜਾਂਦਾ ਸੀ, ਕਮੀਆਂ-ਪੇਸ਼ੀਆਂ ਦੇ ਬਾਵਜੂਦ ਉਦੋਂ ਦੇ ਹਾਲਾਤਾਂ ਮੁਤਾਬਕ ਉਹਨਾਂ ਦੀ ਕਾਰਗੁਜ਼ਾਰੀ ਇਸ ਲਈ ਕਾਮਯਾਬ ਰਹੀ, ਕਿਉਂਕਿ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਤੋਂ ਛੋਟ ਮਿਲੀ ਹੋਈ ਸੀ। ਜਿਵੇਂ ਉਦੋਂ ਨੀਵੇਂ ਪੱਧਰ ਦੇ ਕਰਮਚਾਰੀਆਂ ਨੂੰ ਓ ਆਰ ਪੀ ਯੋਜਨਾ ਤਹਿਤ ਉਹਨਾਂ ਦੇ ਰੁਤਬੇ ਤੋਂ ਵੱਡੇ ਅਹੁਦਿਆਂ 'ਤੇ ਨਿਯੁਕਤ ਕੀਤਾ ਜਾਂਦਾ ਸੀ, ਲੋਕਲ ਰੈਂਕ ਦੇ ਨਾਂ ਥੱਲੇ ਉਹ ਅਮਲ ਅਜੇ ਤੱਕ ਵੀ ਜਾਰੀ ਹੈ। ਕੱਲ੍ਹ ਗ੍ਰਿਫਤਾਰ ਕੀਤੇ ਇੰਦਰਜੀਤ ਸਿੰਘ ਨੂੰ ਭਾਵੇਂ ਇੰਸਪੈਕਟਰ ਵਜੋਂ ਜਾਣਿਆਂ ਜਾਂਦਾ ਹੈ, ਪਰੰਤੂ ਅਸਲ ਵਿੱਚ ਉਸ ਦਾ ਰੈਂਕ ਅੱਜ ਵੀ ਇੱਕ ਹੌਲਦਾਰ ਹੀ ਹੈ। ਨਿਯਮਾਂ ਮੁਤਾਬਕ ਕਿਸੇ ਵੀ ਪੁਲਿਸ ਕਰਮਚਾਰੀ ਵੱਲੋਂ ਭਾਵੇਂ ਕਿੱਡੀ ਵੀ ਮੱਲ ਕਿਉਂ ਨਾ ਮਾਰੀ ਹੋਵੇ, ਸਿਰਫ ਇੱਕ ਵਾਰ ਹੀ ਲੋਕਲ ਰੈਂਕ ਦਿੱਤਾ ਜਾ ਸਕਦਾ ਹੈ, ਪਰ ਜੇਕਰ ਪੰਜਾਬ ਦੇ ਵੱਖ ਵੱਖ ਥਾਣਿਆਂ ਤੇ ਸੀ ਆਈ ਏਜ਼ ਵਿਖੇ ਤਾਇਨਾਤ ਪੁਲਸ ਮੁਖੀਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਬਹੁਤ ਉਹ ਹਨ, ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਜਿਹਨਾਂ ਨੂੰ ਆਪਣੇ ਮੁੱਖ ਮੰਤਰੀ ਕਾਲ ਦੌਰਾਨ ਤਿੰਨ-ਤਿੰਨ ਲੋਕਲ ਰੈਂਕਾਂ ਨਾਲ ਨਿਵਾਜਿਆ ਸੀ। ਗੱਲ ਸਿਰਫ ਇੱਥੋਂ ਤੱਕ ਹੀ ਸੀਮਤ ਨਹੀਂ, ਬਲਕਿ ਚੋਰਮੋਰੀਆਂ ਜ਼ਰੀਏ ਤਰੱਕੀਆਂ ਹਾਸਲ ਕਰਨ ਵਾਲੇ ਅਜਿਹੇ ਕਰਮਚਾਰੀਆਂ ਦੀ ਜੇ ਤਾਇਨਾਤੀ ਦਾ ਵਿਸਲੇਸ਼ਣ ਕੀਤਾ ਜਾਵੇ, ਤਾਂ ਵੱਡੀ ਬਹੁਗਿਣਤੀ ਉਹਨਾਂ ਦੀ ਹੈ, ਜੋ ਜਾਂ ਤਾਂ ਕੌਮਾਂਤਰੀ ਤੇ ਅੰਤਰਰਾਜੀ ਸਰਹੱਦਾਂ ਤੇ ਸਥਿਤ ਥਾਣਿਆਂ ਦੇ ਦਹਾਕਿਆਂ ਤੋਂ ਮੁਖੀ ਲਗਦੇ ਆ ਰਹੇ ਹਨ ਤੇ ਜਾਂ ਸੀ ਆਈ ਏ ਸਟਾਫ ਦੇ ਇੰਚਾਰਜ। ਇਸ ਅਮਲ ਨੇ ਹੇਠਲੇ ਪੁਲਸ ਅਧਿਕਾਰੀਆਂ ਦਾ ਇੱਕ ਅਜਿਹਾ ਪੂਰ ਤਿਆਰ ਕਰ ਦਿੱਤਾ ਹੈ, ਜਿਸ ਦੇ ਨਾ ਸਿਰਫ ਆਪਸੀ ਸੰਬੰਧ ਪੂਰੀ ਤਰ੍ਹਾਂ ਪੀਡੇ ਹਨ, ਬਲਕਿ ਸਮੁੱਚੇ ਰਾਜ ਵਿੱਚ ਸਰਗਰਮ ਨਸ਼ਿਆਂ ਦੇ ਕਾਰੋਬਾਰ ਨਾਲ ਤੇ ਗੈਂਗਸਟਰਾਂ ਨਾਲ ਵੀ ਇਹਨਾਂ ਦੀ ਨੇੜਤਾ ਬਰਕਰਾਰ ਰਹਿੰਦੀ ਹੈ। ਇਹ ਵੀ ਇੱਕ ਹਕੀਕਤ ਹੈ ਕਿ ਮੌਕੇ ਦੇ ਹਾਕਮਾਂ ਦੀ ਰਜ਼ਾ ਅਨੁਸਾਰ ਭਾਵੇਂ ਉਹ ਵਿਰੋਧੀ ਧਿਰ ਦੇ ਸਰਗਰਮ ਵਰਕਰਾਂ ਅਤੇ ਸਥਾਨਕ ਆਗੂਆਂ ਤੇ ਝੂਠੇ ਪਰਚੇ ਦੇਣ ਅਤੇ ਅੱਤਿਆਚਾਰ ਢਾਹੁਣ ਤੋਂ ਵੀ ਪਰਹੇਜ਼ ਨਹੀਂ ਕਰਦੇ, ਲੇਕਿਨ ਸੱਚ ਇਹ ਵੀ ਹੈ ਕਿ ਸੱਤਾ ਤਬਦੀਲੀ ਉਪਰੰਤ ਜਦ ਵਿਰੋਧੀ ਧਿਰ ਹਕੂਮਤ ਵਿੱਚ ਆਉਂਦੀ ਹੈ ਤਾਂ ਅਜਿਹੇ ਥਾਣਾ ਤੇ ਸੀ ਆਈ ਏ ਮੁਖੀ ਨਾ ਸਿਰਫ ਸਿਆਸੀ ਵਫ਼ਾਦਾਰੀਆਂ ਤਬਦੀਲ ਕਰਦਿਆਂ ਬਲਕਿ ਆਪਣੇ ਪੁਰਾਣੇ ਬੌਸਾਂ ਦੀ ਕਿਰਪਾ ਨਾਲ ਹੋਰ ਜ਼ਿਲ੍ਹਿਆਂ 'ਚ ਬਦਲੀਆਂ ਕਰਵਾ ਕੇ ਉੱਥੋਂ ਦੇ ਥਾਣਿਆਂ ਦੇ ਮੁਖੀ ਜਾ ਲਗਦੇ ਹਨ। ਉੱਥੇ ਜਾ ਕੇ ਵੀ ਉਹ ਗੈਰ-ਕਾਨੂੰਨੀ ਢੰਗ-ਤਰੀਕਿਆਂ ਨਾਲ ਮੋਟੀਆਂ ਕਮਾਈਆਂ ਕਰਦੇ ਹੋਏ ਹਿੱਸਾ ਪੱਤੀ ਆਪਣੇ ਅਧਿਕਾਰੀਆਂ ਅਤੇ ਸਿਆਸੀ ਪ੍ਰਭੂਆਂ ਨੂੰ ਅਦਾ ਕਰਦੇ ਹਨ।
ਜਿੱਥੋਂ ਤੱਕ ਨਸ਼ੀਲੇ ਪਦਾਰਥਾਂ ਦੇ ਧੰਦੇ ਵਿੱਚ ਸ਼ਮੂਲੀਅਤ ਦਾ ਸਵਾਲ ਹੈ, ਇੰਸਪੈਕਟਰ ਇੰਦਰਜੀਤ ਸਿੰਘ ਕੋਈ ਪਹਿਲੀ ਮਿਸਾਲ ਨਹੀਂ, ਇਸ ਵਰਗੇ ਹੋਰ ਵੀ ਬਹੁਤ ਸਾਰੇ ਹਨ, ਜੋ ਨਾ ਸਿਰਫ ਇਸ ਵੇਲੇ ਵੀ ਅਹਿਮ ਪੁਜ਼ੀਸ਼ਨਾਂ 'ਤੇ ਤਾਇਨਾਤ ਹਨ, ਸਗੋਂ ਕਈ ਤਾਂ ਕੈਦਾਂ ਵੀ ਭੁਗਤ ਰਹੇ ਜਾਂ ਚੁੱਕੇ ਹਨ। ਮਿਸਾਲ ਵਜੋਂ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਤ ਮਨਜੀਤ ਸਿੰਘ ਨਾਂਅ ਦੇ ਉਸ ਪੁਲਸੀਏ ਨੂੰ ਥਾਣਾ ਬਾਲਿਆਂਵਾਲੀ ਵਿਖੇ ਦਰਜ ਅਫੀਮ ਬਰਾਮਦਗੀ ਦੇ ਕੇਸ ਵਿੱਚ ਪੰਜ ਸਾਲ ਦੀ ਸਜ਼ਾ ਹੋਈ ਸੀ, ਜੋ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਸੀ। ਮੁਅੱਤਲਸ਼ੁਦਾ ਐੱਸ ਪੀ ਸਲਵਿੰਦਰ ਸਿੰਘ ਦਾ ਨਾਂਅ ਵੀ ਅਜਿਹੇ ਮਾਮਲਿਆਂ 'ਚ ਬੋਲਦਾ ਰਿਹਾ ਹੈ। ਮੋਗਾ ਜਿਲ੍ਹੇ ਵਿੱਚ ਇੱਕ ਚੌਂਕੀ ਇੰਚਾਰਜ ਤੇ ਮੁਨਸ਼ੀ ਖਿਲਾਫ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਪਰਚਾ ਦਰਜ ਹੋਇਆ ਸੀ।
ਐੱਸ ਟੀ ਐੱਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਜਿਸ ਤੀਖਣ ਬੁੱਧੀ ਤੇ ਆਧੁਨਿਕ ਤਫ਼ਤੀਸ ਦੇ ਜ਼ਰੀਏ ਹੌਲਦਾਰ/ ਇੰਸਪੈਕਟਰ ਇੰਦਰਜੀਤ ਸਿੰਘ ਦੀ ਕਾਰਗੁਜ਼ਾਰੀ ਦਾ ਵਿਸਲੇਸ਼ਣ ਕਰਕੇ ਉਸ ਨੂੰ ਗਿਰਫਤਾਰ ਕੀਤਾ ਹੈ, ਜੇਕਰ ਉਸੇ ਤਰਜ਼ 'ਤੇ ਪੰਜਾਬ ਦੇ ਸਾਰੇ ਹੀ ਥਾਣਾ ਤੇ ਸੀ ਆਈ ਏ ਦੇ ਮੁਖੀਆਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਬਿਮਾਰੀ ਦੇ ਲੱਛਣ ਲੱਭ ਕੇ ਉਸ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ।