ਕੇਂਦਰ ਸਰਕਾਰ ਵੱਲੋਂ ਸਸਤੀ ਖੇਤੀ ਕਰਜ਼ਾ ਯੋਜਨਾ ਨੂੰ ਮਨਜ਼ੂਰੀ


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਖੇਤੀ ਕਰਜ਼ੇ ਦੇ ਵਿਆਜ 'ਤੇ 5 ਫੀਸਦੀ ਤੱਕ ਸਬਸਿਡੀ ਦੇਣ ਦਾ ਫੈਸਲਾ ਲਿਆ ਹੈ। ਇਸ ਸੰਬੰਧੀ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ 'ਚ ਲਿਆ ਗਿਆ। ਇਸ ਦਾ ਫਾਇਦਾ ਉਹਨਾਂ ਕਿਸਾਨਾਂ ਨੂੰ ਮਿਲੇਗਾ, ਜਿਹੜੇ ਇੱਕ ਸਾਲ ਅੰਦਰ ਕਰਜ਼ਾ ਮੋੜਣਗੇ। ਸਰਕਾਰ ਦੇ ਇਸ ਫੈਸਲੇ ਨਾਲ ਤਿੰਨ ਲੱਖ ਦੇ ਕਰਜ਼ੇ ਤੱਕ ਸਰਕਾਰ ਨੂੰ ਛੋਟ ਮਿਲੇਗੀ।
ਕੈਬਨਿਟ ਦੇ ਇਸ ਫੈਸਲੇ ਨਾਲ ਸਰਕਾਰੀ ਖਜ਼ਾਨੇ 'ਤੇ 19 ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ 9 ਫੀਸਦੀ ਦੀ ਬਜਾਏ 4 ਫੀਸਦੀ ਵਿਆਜ ਦਰ 'ਤੇ ਕਰਜ਼ਾ ਮਿਲ ਸਕੇਗਾ। ਵਿਆਜ 'ਤੇ 5 ਫੀਸਦੀ ਤੱਕ ਦਾ ਹਿੱਸਾ ਸਰਕਾਰ ਕਿਸਾਨਾਂ ਨੂੰ ਵਾਪਸ ਕਰੇਗੀ।
ਜ਼ਿਕਰਯੋਗ ਹੈ ਕਿ ਮੱਧ ਪ੍ਰਦੂਸ਼, ਮਹਾਰਾਸ਼ਟਰ ਅਤੇ ਪੰਜਾਬ ਤੋਂ ਲੈ ਕੇ ਪੂਰੇ ਦੇਸ਼ 'ਚ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨ ਕਰਜ਼ਾ ਮੁਆਫੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਕਰਜ਼ੇ ਦੀ ਪੰਡ ਭਾਰੀ ਹੋਣ ਕਾਰਨ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ। ਮੱਧ ਪ੍ਰਦੇਸ਼ 'ਚ ਕਿਸਾਨ ਅੰਦੋਲਨ ਹਿੰਸਕ ਰੂਪ ਧਾਰਨ ਕਰ ਗਿਆ ਸੀ। ਪੁਲਸ ਦੀ ਫਾਇਰਿੰਗ 'ਚ 6 ਕਿਸਾਨ ਮਾਰੇ ਗਏ ਸਨ ਅਤੇ 8 ਹੋਰ ਜ਼ਖਮੀ ਹੋ ਗਏ ਸਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਮਾਹੌਲ ਨੂੰ ਸ਼ਾਂਤ ਕਰਨ ਲਈ 72 ਘੰਟਿਆਂ ਦੀ ਭੁੱਖ ਹੜਤਾਲ ਕਰਨੀ ਪਈ।
ਉਧਰ ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਨੂੰ ਤੁਰੰਤ ਰਾਹਤ ਦਿੰਦਿਆਂ 10-10 ਹਜ਼ਾਰ ਰੁਪਏ ਦੇਣ ਦਾ ਫੈਸਲਾ ਲਿਆ ਹੈ। ਕੇਂਦਰੀ ਕੈਬਨਿਟ ਨੇ ਇਸ ਤੋਂ ਇਲਾਵਾ ਭਾਰਤ ਅਤੇ ਫਿਲਪੀਨਜ਼ ਵਿਚਾਲੇ ਖੇਤੀ ਸਮਝੌਤੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਨੇ ਯੁਵਾ ਮਾਮਲਿਆਂ 'ਚ ਸਹਿਯੋਗ ਲਈ ਭਾਰਤ ਅਤੇ ਅਮੀਨੀਆ ਅਤੇ ਆਈ ਟੀ ਤੇ ਇਲੈਕਟ੍ਰਾਨਿਕਸ ਦੇ ਖੇਤਰ 'ਚ ਸਹਿਯੋਗ ਲਈ ਬੰਗਲਾਦੇਸ਼ ਨਾਲ ਸਮਝੌਤਾ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।