ਅਮਰੀਕਾ ਤੋਂ ਪਹਿਲਾਂ ਪੁਰਤਗਾਲ ਤੇ ਫਿਰ ਨੀਦਰਲੈਂਡਸ ਜਾਣਗੇ ਮੋਦੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਜੂਨ ਨੂੰ ਅਮਰੀਕਾ ਜਾਣ ਤੋਂ ਪਹਿਲਾਂ 24 ਜੂਨ ਨੂੰ ਪੁਰਤਗਾਲ ਦੀ ਯਾਤਰਾ ਵੀ ਕਰਨਗੇ। ਦੋ ਦਿਨ ਦੀ ਅਮਰੀਕਾ ਯਾਤਰਾ ਤੋਂ ਬਾਅਦ ਮੋਦੀ ਨੀਂਦਰਲੈਂਡਸ ਲਈ ਰਵਾਨਾ ਹੋਣਗੇ। ਪੁਰਤਗਾਲ 'ਚ ਮੋਦੀ ਆਪਣੇ ਹਮ-ਅਹੁਦਾ ਅਨਤਾਨੀਓ ਕੋਸਟਾ ਨਾਲ ਮੁਲਾਕਾਤ ਕਰਨਗੇ। ਇਹ ਜਾਣਕਾਰੀ ਬਦੇਸ਼ ਮੰਤਰਾਲੇ ਦੇ ਤਰਜਮਾਨ ਗੋਪਾਲ ਨੇ ਦਿੱਤੀ।
ਆਪਣੀ ਅਮਰੀਕਾ ਯਾਤਰਾ ਦੌਰਾਨ ਮੋਦੀ 26 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਵੀ ਕਰਨਗੇ। ਜ਼ਿਕਰਯੋਗ ਹੈ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਮੋਦੀ ਦਾ ਇਹ ਪਹਿਲਾ ਅਮਰੀਕਾ ਦੌਰਾ ਹੈ। ਮੋਦੀ ਤੇ ਟਰੰਪ ਦੀ ਇਹ ਮੁਲਾਕਾਤ ਅਜਿਹੇ ਸਮੇਂ ਹੋਵੇਗੀ, ਜਦੋਂ ਅਮਰੀਕਾ ਨੇ ਖੁਦ ਨੂੰ ਪੈਰਿਸ ਜਲਵਾਯੂ ਸਮਝੌਤੇ ਤੋਂ ਵੱਖ ਕਰ ਲਿਆ ਹੈ। ਆਪਣੇ ਕਦਮ ਨੂੰ ਸਹੀ ਠਹਿਰਾਉਂਦਿਆਂ ਟਰੰਪ ਨੇ ਭਾਰਤ ਤੇ ਚੀਨ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਸੀ ਕਿ ਸਮਝੌਤੇ ਨਾਲ ਦੋਹਾਂ ਦੇਸ਼ਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਹੈ, ਜਦਕਿ ਅਮਰੀਕਾ ਨਾਲ ਬੇਇਨਸਾਫ਼ ਹੋਈ ਹੈ। ਦੂਸਰੇ ਪਾਸੇ ਸਖ਼ਤ ਐੱਚ 1-ਬੀ ਵੀਜ਼ਾ ਨਿਯਮਾਂ ਦੇ ਮੱਦੇਨਜ਼ਰ ਵੀ ਮੋਦੀ ਦਾ ਇਹ ਦੌਰਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਟਰੰਪ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਅੱਠ ਵਾਰ ਮੁਲਾਕਾਤ ਹੋਈ ਸੀ। ਮੋਦੀ ਤਿੰਨ ਵਾਰ ਵਾਸ਼ਿੰਗਟਨ ਦਾ ਦੌਰਾ; ਕੀਤਾ ਜਦਕਿ ਸਾਲ 2015 'ਚ ਬਰਾਕ ਓਬਾਮਾ ਭਾਰਤ ਆਏ ਸਨ।