ਕਾਲਾ ਧਨ; ਸੂਚਨਾਵਾਂ ਦੇ ਅਦਾਨ-ਪ੍ਰਦਾਨ ਨੂੰ ਸਵਿਟਜ਼ਰਲੈਂਡ ਵੱਲੋਂ ਮਨਜ਼ੂਰੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਸਵਿਸ ਬੈਂਕਾਂ ਵਿੱਚ ਕਾਲਾ ਧਨ ਰੱਖਣ ਵਾਲੇ ਭਾਰਤੀ ਹੁਣ ਖੁਦ ਬੇਨਕਾਬ ਹੋ ਜਾਣਗੇ। ਉਨ੍ਹਾ ਦੇ ਬੈਂਕ ਖਾਤਿਆਂ ਦੀ ਡਿਟੇਲ ਤੁਰੰਤ ਸਰਕਾਰ ਕੋਲ ਪਹੁੰਚ ਜਾਵੇਗੀ। ਸਵਿਟਜ਼ਰਲੈਂਡ ਸਰਕਾਰ ਨੇ ਲੋਕਾਂ ਦੇ ਵਿੱਤੀ ਖਾਤਿਆਂ, ਸ਼ੱਕੀ ਕਾਲੇ ਧਨ ਨਾਲ ਸੰਬੰਧਤ ਸੂਚਨਾਵਾਂ ਦੇ ਅਦਾਨ-ਪ੍ਰਦਾਨ ਦੀ ਵਿਵਸਥਾ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਨ੍ਹਾਂ ਦੇਸ਼ਾਂ ਨੂੰ ਗੁਪਤ ਅਤੇ ਸੂਚਨਾ ਦੀ ਸੁਰੱਖਿਆ ਦੇ ਸਖਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਟੈਕਸ ਸੰਬੰਧੀ ਸੂਚਨਾਵਾਂ ਦੇ ਅਦਾਨ-ਪ੍ਰਦਾਨ ਬਾਰੇ ਵਿਸ਼ਵ ਪੱਧਰੀ ਸੰਧੀ ਨੂੰ ਮਨਜ਼ੂਰੀ ਦੇ ਪ੍ਰਸਤਾਵ 'ਤੇ ਸਵਿਟਜ਼ਰਲੈਂਡ ਵਜ਼ਾਰਤ ਨੇ ਮੋਹਰ ਲਾ ਦਿੱਤੀ ਹੈ। ਸਵਿਟਜ਼ਰਲੈਂਡ ਸਰਕਾਰ ਨੇ ਇਸ ਨਵੀਂ ਵਿਵਸਥਾ ਨੂੰ ਸਾਲ 2018 ਤੋਂ ਲਾਗੂ ਕਰਨ ਦਾ ਫੈਸਲਾ ਲਿਆ ਹੈ। ਸਵਿਟਜ਼ਰਲੈਂਡ ਦੀ ਕੇਂਦਰੀ ਕੈਬਨਿਟ ਵੱਲੋਂ ਸੂਚਨਾਵਾਂ ਦੇ ਅਦਾਨ-ਪ੍ਰਦਾਨ ਦੀ ਵਿਵਸਥਾ ਸ਼ੁਰੂ ਕਰਨ ਦੀ ਤਰੀਕ ਦੀ ਸੂਚਨਾ ਭਾਰਤ ਨੂੰ ਛੇਤੀ ਹੀ ਦਿੱਤੀ ਜਾਵੇਗੀ। ਕਾਲੇ ਧਨ ਦਾ ਮੁੱਦਾ ਭਾਰਤ ਵਿੱਚ ਜਨਤਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੰਮੇ ਸਮੇਂ ਤੋਂ ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਭਾਰਤੀਆਂ ਦਾ ਕਾਲਾ ਧਨ ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿੱਚ ਜਮ੍ਹਾਂ ਹੈ।