ਕਰਜ਼ਾ ਮੁਆਫੀ ਦਾ ਫੈਸਲਾ ਛੇਤੀ ਹੋਵੇਗਾ : ਕੈਪਟਨ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
Êਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਉਨ੍ਹਾਂ ਦੀ ਸਰਕਾਰ ਟੀ. ਹੱਕ ਕਮੇਟੀ ਦੀਆਂ ਸਿਫਾਰਸ਼ਾਂ 'ਤੇ ਅਧਾਰਿਤ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਛੇਤੀ ਹੀ ਕਰੇਗੀ, ਜੋ ਆਪਣੀ ਰਿਪੋਰਟ ਛੇਤੀ ਹੀ ਸੌਂਪੇਗੀ।
ਬਜਟ ਇਜਲਾਸ ਦੇ ਤੀਜੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਭਾਵੁਕ ਤਕਰੀਰ ਕਰਦਿਆਂ ਸੰਕਟ ਵਿੱਚ ਫਸੇ ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਕੁਰਕੀ ਖਤਮ ਕਰਨ ਸਮੇਤ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।
ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਇਨ੍ਹਾਂ ਪਾਰਟੀਆਂ ਦੇ ਵਿਧਾਇਕਾਂ ਵੱਲੋਂ ਸਦਨ ਦੀ ਮਰਿਆਦਾ ਨੂੰ ਢਾਹ ਲਾਉਣ ਅਤੇ ਪਵਿੱਤਰ ਰਵਾਇਤਾਂ ਦਾ ਨਿਰਾਦਰ ਕਰਨ ਦੀ ਵਾਰ-ਵਾਰ ਕੀਤੀਆਂ ਕੋਸ਼ਿਸ਼ਾਂ ਨੂੰ ਬਹੁਤ ਹੀ ਦੁਖਦਾਇਕ ਅਤੇ ਮੰਦਭਾਗਾ ਦੱਸਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਨ ਕਾਲ ਦੌਰਾਨ ਸਾਰੇ ਮੁੱਦੇ ਉਠਾਉਣ ਦੀ ਬਜਾਏ ਵਿਰੋਧੀ ਧਿਰ ਨੇ ਹਰੇਕ ਜ਼ਰੂਰੀ ਕੰਮਕਾਜ ਵਿੱਚ ਵਿਘਨ ਪਾ ਕੇ ਸੁਰਖੀਆਂ ਬਟੋਰਨ ਲਈ ਅੜਿੱਕਾ ਡਾਹੁਣ ਵਾਲਾ ਰਵੱਈਆ ਧਾਰਨ ਕੀਤਾ ਹੋਇਆ ਹੈ।
ਸਦਨ ਦੇ ਕੰਮਕਾਜ ਵਿੱਚ ਵਿਘਨ ਪਾਉਣ 'ਤੇ ਸਖ਼ਤ ਨਰਾਜ਼ਗੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਘਟੀਆ ਮਿਸਾਲ ਦੱਸਦਿਆਂ ਆਖਿਆ ਕਿ ਉਨ੍ਹਾਂ ਨੇ ਲੰਮੇ ਸਿਆਸੀ ਜੀਵਨ ਵਿੱਚ ਅਜਿਹਾ ਆਲਮ ਕਦੇ ਵੀ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਸਦਨ ਵਿੱਚ ਸਪੀਕਰ ਦੀ ਕੁਰਸੀ ਵੱਲ ਕਾਗਜ਼ਾਂ ਦੇ ਬੰਡਲ ਸੁੱਟ ਕੇ ਅਹੁਦੇ ਦੇ ਗੌਰਵ ਨੂੰ ਸੱਟ ਮਾਰੀ ਹੈ। ਪੰਜਾਬ ਦੇ ਲੋਕਾਂ ਨਾਲ ਆਪਣੀ ਦ੍ਰਿੜ੍ਹਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਨੂੰ ਵੰਗਾਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਬਾਅ ਬਣਾਉਣ ਲਈ ਵਰਤੇ ਜਾ ਰਹੇ ਘਟੀਆ ਦਾਅ-ਪੇਚਾਂ ਅੱਗੇ ਉਹ ਝੁਕਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤਰੱਕੀ ਤੇ ਵਿਕਾਸ ਦੇ ਰਾਹ ਤੋਰਨ ਲਈ ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ।
ਅਕਾਲੀਆਂ ਨੂੰ ਸਦਨ ਵਿੱਚ ਆ ਕੇ ਬਹਿਸ ਕਰਨ ਦੀ ਚੁਣੌਤੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਰਕਾਰ ਵੱਲੋਂ ਕੁਰਕੀ ਖਤਮ ਬਾਰੇ ਬਿੱਲ ਸਦਨ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸ ਕਰਕੇ ਉਹ ਇਸ ਦਾ ਲਾਹਾ ਖੱਟਣ ਲਈ ਹੁੱਲ੍ਹੜਬਾਜ਼ੀ ਕਰ ਰਹੇ ਹਨ।
ਬੀਤੇ 10 ਸਾਲਾਂ ਦੇ ਕੁਸ਼ਾਸਨ ਕਾਰਨ ਕਿਸਾਨਾਂ ਦੀ ਹੋਈ ਮੌਜੂਦਾ ਸਥਿਤੀ ਲਈ ਅਕਾਲੀਆਂ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ 7000 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਇਨ੍ਹਾਂ ਸਾਲਾਂ ਵਿੱਚ ਘੂਕ ਸੁੱਤੇ ਰਹੇ ਅਤੇ ਹੁਣ ਕਿਸਾਨਾਂ ਦੇ ਹਿੱਤਾਂ ਤੇ ਭਲਾਈ ਦੇ ਅਖੌਤੀ ਖੈਰ-ਖਵਾਹ ਬਣਨ ਲਈ ਹੱਥ-ਪੈਰ ਮਾਰ ਰਹੇ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਧਿਆਨ ਦਿਵਾਊ ਮਤੇ 'ਤੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੂਬੇ ਦੀਆਂ ਸੜਕਾਂ 'ਤੇ ਇਕ ਵੀ ਅਣ-ਅਧਿਕਾਰਤ ਬੱਸ ਨਹੀਂ ਚੱਲਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਬੱਸਾਂ ਵਿਰੁੱਧ ਕਾਰਵਾਈ ਪਹਿਲਾਂ ਹੀ ਵਿੱਢੀ ਹੋਈ ਹੈ ਅਤੇ ਗੈਰ-ਕਾਨੂੰਨੀ ਬੱਸਾਂ ਦਾ ਚੱਕਾ ਸਦਾ ਲਈ ਜਾਮ ਕਰਨ ਲਈ ਨਵੀਂ ਟਰਾਂਸਪੋਰਟ ਨੀਤੀ ਛੇਤੀ ਹੀ ਲਿਆਂਦੀ ਜਾ ਰਹੀ ਹੈ।
ਸਿਫਲ ਕਾਲ ਦੌਰਾਨ ਇਕ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਹਿਮਦਗੜ੍ਹ ਵਿੱਚ ਸਬ-ਡਵੀਜ਼ਨ ਦੀ ਛੇਤੀ ਹੀ ਵੱਖਰੀ ਇਮਾਰਤ ਹੋਵੇਗੀ। ਵਿਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਉਠਾਏ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਮਾਲ ਵਿਭਾਗ ਵੱਲੋਂ ਤਜਵੀਜ਼ਤ ਦਫਤਰ ਦੀ ਇਮਾਰਤ ਲਈ ਜ਼ਮੀਨ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਲਈ ਛੇਤੀ ਹੀ ਸਹੂਲਤਾਂ ਨਾਲ ਲੈਸ ਸਬ-ਡਵੀਜ਼ਨ ਦਾ ਦਫਤਰ ਬਣਾਇਆ ਜਾਵੇਗਾ।