ਮੁੰਬਈ ਧਮਾਕੇ; ਸਲੇਮ ਸਮੇਤ 6 ਦੋਸ਼ੀ ਕਰਾਰ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਵਿਸ਼ੇਸ਼ ਟਾਡਾ ਅਦਾਲਤ ਨੇ 1993 'ਚ ਮੁੰਬਈ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਅਪਰਾਧ ਜਗਤ ਦੇ ਸਰਗਣੇ ਅਬੂ ਸਲੇਮ ਸਮੇਤ 6 ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਇੱਕ ਦੋਸ਼ੀ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਵੱਲੋਂ ਸਜ਼ਾ ਬਾਰੇ ਬਹਿਸ 19 ਜੂਨ ਨੂੰ ਕੀਤੀ ਜਾਵੇਗੀ। ਅਪਰਾਧ ਜਗਤ ਦੇ ਸਰਗਣੇ ਦਾਊਦ ਇਬਰਾਹੀਮ ਦੇ ਸਾਥੀ ਰਹੇ ਅਬੂ ਸਲੇਮ ਨੂੰ ਬੰਬ ਧਮਾਕਿਆਂ ਲਈ ਹਥਿਆਰ ਗੁਜਰਾਤ ਤੋਂ ਮੁੰਬਈ ਲਿਆਉਣ ਲਈ ਦੋਸ਼ੀ ਪਾਇਆ ਗਿਆ ਹੈ ਅਤੇ ਉਸ ਵਿਰੁੱਧ ਧਾਰਾ 302, 307 ਅਤੇ ਧਾਰਾ 120ਬੀ ਲਾਈ ਗਈ, ਪਰ ਉਸ ਨੂੰ ਇਸ ਮਾਮਲੇ 'ਚ ਫ਼ਾਂਸੀ ਜਾਂ ਉਮਰ ਕੈਦ ਦੀ ਸਜ਼ਾ ਨਹੀਂ ਸੁਣਾਈ ਜਾ ਸਕਦੀ, ਕਿਉਂਕਿ ਉਸ ਨੂੰ ਹਵਾਲਗੀ ਸੰਧੀ ਤਹਿਤ ਸ਼ਰਤਾਂ ਨਾਲ ਪੁਰਤਗਾਲ ਤੋਂ ਮੁੰਬਈ ਲਿਆਂਦਾ ਗਿਆ ਸੀ। ਅਦਾਲਤ ਨੇ ਇਸ ਮਾਮਲੇ 'ਚ ਅਬੂ ਸਲੇਮ ਤੋਂ ਇਲਾਵਾ ਮੁਸਤਾਫ਼ ਡੋਸਾ, ਫਿਰੋਜ਼ ਅਬਦੁਲ, ਰਾਸ਼ੀਦ ਖਾਨ, ਕਰੀਮ ਉੱਲਾ ਰਿਆਜ਼ ਸਦੀਕੀ ਅਤੇ ਤਾਹਿਰ ਮਰਚੰਦ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਅਬਦੁਲ ਕਿਊਮ ਨੂੰ ਬਰੀ ਕਰ ਦਿੱਤਾ ਹੈ। ਅਬੂ ਸਲੇਮ ਨੂੰ ਇਸ ਮਾਮਲੇ 'ਚ ਵੱਧ ਤੋਂ ਵੱਧ 25 ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ। 1993 'ਚ ਮੁੰਬਈ 'ਚ ਹੋਏ ਇਹਨਾਂ ਬੰਬ ਧਮਾਕਿਆਂ 'ਚ 257 ਵਿਅਕਤੀ ਮਾਰੇ ਗਏ ਸਨ ਅਤੇ 1000 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਬੰਬ ਧਮਾਕਿਆਂ 'ਚ 27 ਕਰੋੜ ਦੀ ਜਾਇਦਾਦ ਨਸ਼ਟ ਹੋ ਗਈ ਸੀ। ਸਾਲ 2007 'ਚ ਪੂਰੀ ਹੋਈ ਸੁਣਵਾਈ ਨੇ ਪਹਿਲੇ ਗੇੜ 'ਚ ਟਾਡਾ ਅਦਾਲਤ ਨੇ ਯਾਕੂਬ ਸਮੇਤ 100 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਦਕਿ 23 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। ਇਸ ਮਾਮਲੇ ਦੇ ਮੁੱਖ ਦੋਸ਼ੀ ਯਾਕੂਬ ਮੈਮਨ ਨੂੰ 30 ਜੁਲਾਈ 2015 ਨੂੰ ਫ਼ਾਂਸੀ ਦੇ ਦਿੱਤੀ ਗਈ ਸੀ।
ਸਲੇਮ ਉਪਰ ਗੁਜਰਾਤ ਤੋਂ ਮੁੰਬਈ ਹਥਿਆਰ ਲਿਆਉਣ ਦੇ ਦੋਸ਼ ਹਨ ਅਤੇ ਉਸ ਨੇ 16 ਜਨਵਰੀ 1993 ਨੂੰ ਏ ਕੇ 56 ਰਾਈਫਲਾਂ, 250 ਕਾਰਤੂਸ ਅਤੇ ਕੁਝ ਹੱਥ ਗੋਲੇ ਇਸ ਮਾਮਲੇ 'ਚ ਦੋਸ਼ੀ ਪਾਏ ਗਏ ਅਦਾਕਾਰ ਸੰਜੇ ਦੱਤ ਨੂੰ ਸੌਂਪੇ ਸਨ, ਇਸ ਤੋਂ ਦੋ ਦਿਨ ਬਾਅਦ 18 ਜਨਵਰੀ 1993 ਨੂੰ ਸਲੇਮ ਅਤੇ ਦੋ ਹੋਰ ਦੋਸ਼ੀ ਇਹ ਹਥਿਆਰ ਸੰਜੇ ਦੱਤ ਦੇ ਘਰੋਂ ਲੈ ਕੇ ਗਏ ਸਨ। ਇਸ ਮਾਮਲੇ 'ਚ 25 ਅਪ੍ਰੈਲ ਨੂੰ ਹੋਈ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ ਇਸ ਮਾਮਲੇ 'ਚ 29 ਮਈ ਨੂੰ ਸਜ਼ਾ ਜਾਂ ਸਜ਼ਾ ਦੀ ਤਰੀਕ ਦਾ ਐਲਾਨ ਕੀਤਾ ਜਾ ਸਕਦਾ ਹੈ। ਅਬੂ ਸਲੇਮ ਉਪਰ ਭਾਰਤ 'ਚ ਦਰਜਨਾਂ ਅਪਰਾਧਿਕ ਮਾਮਲੇ ਦਰਜ ਹਨ। ਸਲੇਮ ਇਸ ਵੇਲੇ ਨਵੀਂ ਮੁੰਬਈ ਦੀ ਤਲੋਜਾ ਜੇਲ੍ਹ 'ਚ ਬੰਦ ਹੈ। ਸਲੇਮ ਨੂੰ 1995 'ਚ ਮੁੰਬਈ ਦੇ ਇੱਕ ਬਿਲਡਰ ਪ੍ਰਦੀਪ ਜੈਨ ਦੇ ਕਤਲ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।ਮੁੰਬਈ ਬੰਬ ਧਮਾਕਿਆਂ ਦਾ ਮੁੱਖ ਦੋਸ਼ੀ ਅਪਰਾਧ ਜਗਤ ਦਾ ਮੁੱਖ ਸਰਗਣਾ ਅਜੇ ਤੱਕ ਫਰਾਰ ਹੈ।