ਜੰਮੂ-ਕਸ਼ਮੀਰ 'ਚ ਹਾਲਾਤ ਮੁਤਾਬਕ ਕਾਰਵਾਈ ਹੋਵੇਗੀ : ਫ਼ੌਜ ਮੁਖੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਫ਼ੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਕਿਹਾ ਹੈ ਕਿ ਕਸ਼ਮੀਰ ਵਿੱਚ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਪੱਥਰਬਾਜ਼ੀ ਨਾਲ ਸਿੱਝਿਆ ਜਾ ਰਿਹਾ ਹੈ। ਜਨਰਲ ਰਾਵਤ ਨੇ ਕਿਹਾ ਹੈ ਕਿ ਫ਼ੌਜ ਨੂੰ ਲੋਕਾਂ ਦੀ ਜ਼ਿੰਦਗੀ ਦਾ ਫ਼ਿਕਰ ਹੈ ਅਤੇ ਇਸ ਗੱਲ ਯਕੀਨੀ ਬਣਾਇਆ ਜਾਵੇਗਾ ਕਿ ਕਿਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਹੋਵੇ। ਫ਼ੌਜ ਮੁਖੀ ਨੇ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਵਿੱਚ ਯਕੀਨ ਰੱਖਦੇ ਹਨ ਅਤੇ ਫ਼ੌਜ ਹਾਲਾਤ ਮੁਤਾਬਕ ਹੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੱਖਣੀ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਗੜਬੜੀ ਹੋ ਰਹੀ ਹੈ ਅਤੇ ਉਥੇ ਵੀ ਛੇਤੀ ਹੀ ਹਾਲਾਤ ਨੂੰ ਕਾਬੂ ਹੇਠ ਕਰ ਲਿਆ ਜਾਵੇਗਾ। ਫ਼ੌਜ ਮੁਖੀ ਦਾ ਇਹ ਬਿਆਨ ਉਸ ਵੇਲੇ ਆਇਆ ਹੈ, ਜਦੋਂ ਸ਼ੁੱਕਰਵਾਰ ਨੂੰ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅੱਤਵਾਦੀਆਂ ਵੱਲੋਂ ਘਾਤ ਲਾ ਕੇ ਹਮਲੇ ਵਿੱਚ ਜੰਮੂ-ਕਸ਼ਮੀਰ ਦੇ ਪੁਲਸ ਦੇ 6 ਜਵਾਨ ਸ਼ਹੀਦ ਹੋ ਗਏ ਸਨ। ਅੱਤਵਾਦੀ ਨੇ ਇਹ ਵੱਡਾ ਹਮਲਾ ਆਨੰਤਨਾਗ ਜ਼ਿਲ੍ਹੇ ਦੇ ਅੱਛਾ ਬਲ ਵਿੱਚ ਉਸ ਵੇਲੇ ਕੀਤਾ, ਜਦੋਂ ਪੁਲਸ ਜਵਾਨ ਆਪਣੀ ਡਿਊਟੀ ਤੋਂ ਪਰਤ ਰਹੇ ਸਨ। ਘਾਤ ਲਾ ਕੇ ਬੈਠੇ ਅੱਤਵਾਦੀਆਂ ਨੇ ਪੁਲਸ ਦੀ ਗਸ਼ਤੀ ਪਾਰਟੀ 'ਤੇ ਅਚਾਨਕ ਹੱਲਾ ਬੋਲ ਦਿੱਤਾ। ਇਸੇ ਦੌਰਾਨ ਸ਼ੁੱਕਰਵਾਰ ਨੂੰ ਫ਼ੌਜ ਨੇ ਕੁਲਗਾਮ ਦੇ ਅਰਬਾਣੀ ਵਿੱਚ ਇੱਕ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹਨਾਂ ਮਾਰੇ ਗਏ ਅੱਤਵਾਦੀਆਂ ਵਿੱਚ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਜੁਨੈਦ ਮੱਟੂ ਵੀ ਸ਼ਾਮਲ ਸੀ। ਇਸ ਆਪ੍ਰੇਸ਼ਨ ਦੌਰਾਨ ਸਥਾਨਕ ਲੋਕਾਂ ਨੇ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਕੀਤੀ ਅਤੇ ਫ਼ੌਜ ਦੀ ਕਾਰਵਾਈ ਵਿੱਚ ਵਿਘਨ ਪਾਉਣ ਦਾ ਯਤਨ ਕੀਤਾ। ਪਿਛਲੇ ਦਿਨੀਂ ਜਨਰਲ ਰਾਵਤ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਵਿੱਚ ਲੋਕ ਪੱਥਰਬਾਜ਼ੀ ਕਰ ਰਹੇ ਹਨ। ਪੈਟਰੋਲ ਬੰਬ ਸੁੱਟ ਰਹੇ ਹਨ। ਅਜਿਹੇ ਹਾਲਾਤ ਵਿੱਚ ਜਵਾਨ ਉਨ੍ਹਾਂ ਨੂੰ ਪੁੱਛਦੇ ਹਨ ਕਿ ਉਨ੍ਹਾ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਉਹ ਜਵਾਨਾਂ ਨੂੰ ਇਹ ਜਵਾਬ ਦੇਣ ਕਿ ਉਹ ਇੰਤਜ਼ਾਰ ਕਰਨ ਅਤੇ ਮਰਦੇ ਰਹਿਣ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਵਾਨਾਂ ਦਾ ਮਨੋਬਲ ਬਣਾਈ ਰੱਖਣ ਲਈ ਕਈ ਕਦਮ ਚੁੱਕੇ ਹਨ। ਜਨਰਲ ਰਾਵਤ ਨੇ ਕਿਹਾ ਹੈ ਕਿ ਜੇ ਲੋਕ ਪੱਥਰਬਾਜ਼ੀ ਦੀ ਥਾਂ ਹਥਿਆਰ ਚਲਾਉਣ, ਉਹ ਖੁਸ਼ ਹੋਣਗੇ। ਜੰਮੂ-ਕਸ਼ਮੀਰ ਵਿੱਚ ਲੰਮੇ ਸਮੇਂ ਤੱਕ ਕੰਮ ਕਰ ਚੁੱਕੇ ਜਨਰਲ ਰਾਵਤ ਨੇ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਲੋਕਾਂ 'ਚ ਫ਼ੌਜ ਦਾ ਡਰ ਖ਼ਤਮ ਹੋਣ ਨਾਲ ਦੇਸ਼ ਦਾ ਵਿਨਾਸ਼ ਹੋ ਜਾਂਦਾ।