ਕੋਕਰਾਝਾਰ 'ਚ ਅੱਤਵਾਦੀ ਹਮਲੇ, 12 ਹਲਾਕ

ਐੱਨ ਡੀ ਐੱਫ ਬੀ ਦੇ ਹਥਿਆਰਬੰਦ ਅੱਤਵਾਦੀਆਂ ਵੱਲੋਂ ਬੋਡੋਲੈਂਡ ਖੇਤਰੀ ਪ੍ਰਸ਼ਾਸਨਿਕ ਜ਼ਿਲ੍ਹੇ ਤਹਿਤ ਆਉਣ ਵਾਲੇ ਅਸਾਮ ਦੇ ਦੋ ਜ਼ਿਲ੍ਹਿਆਂ ਵਿੱਚ ਕੱਲ੍ਹ ਰਾਤ ਤੋਂ ਕੀਤੇ ਗਏ ਹਮਲਿਆਂ ਵਿੱਚ ਤਿੰਨ ਬੱਚਿਆਂ ਸਮੇਤ 12 ਵਿਅਕਤੀ ਮਾਰੇ ਗਏ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਸ ਅਨੁਸਾਰ ਏ ਕੇ 47 ਰਾਈਫਲਾਂ ਨਾਲ ਲੈਸ ਅੱਤਵਾਦੀਆਂ ਦੇ ਇੱਕ ਗਰੁੱਪ ਨੇ ਕੋਕਰਾਝਾਰ ਜ਼ਿਲ੍ਹੇ ਦੇ ਬਾਲਾਪਾੜਾ ਪਿੰਡ ਵਿੱਚ ਤਿੰਨ ਘਰਾਂ 'ਤੇ ਧਾਵਾ ਬੋਲ ਦਿੱਤਾ ਅਤੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ਨਾਲ 7 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਈ ਜੀ ਐਨ ਆਰ ਬਿਸ਼ਨੋਈ ਨੇ ਦੱਸਿਆ ਕਿ 7 ਮ੍ਰਿਤਕਾਂ ਵਿੱਚ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਤ ਦੋ ਬੱਚੇ ਅਤੇ ਚਾਰ ਔਰਤਾਂ ਸ਼ਾਮਲ ਹਨ। ਉਨ੍ਹਾ ਦੱਸਿਆ ਕਿ ਇਸ ਹਮਲੇ 'ਚ ਮਾਰੇ ਗਏ ਤਿੰਨ ਸਾਲ ਦੇ ਇੱਕ ਹੋਰ ਬੱਚੇ ਦੀ ਲਾਸ਼ ਅੱਜ ਸਵੇਰੇ ਮਿਲੀ। ਪੀੜਤ ਪਰਵਾਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਇੱਕ-ਇੱਕ ਕਰਕੇ ਤਿੰਨੇ ਘਰਾਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਪਹਿਲਾਂ ਕੱਲ੍ਹ ਰਾਤ ਅੱਤਵਾਦੀਆਂ ਨੇ ਗੁਆਂਢੀ ਬਕਸਾ ਜ਼ਿਲ੍ਹੇ ਵਿੱਚ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਨੂੰ ਮਾਰ ਦਿੱਤਾ ਸੀ ਅਤੇ ਹਮਲੇ ਵਿੱਚ ਇੱਕ ਨਵਜੰਮਾ ਬੱਚਾ ਜ਼ਖਮੀ ਹੋ ਗਿਆ ਸੀ। ਪੁਲਸ ਅਨੁਸਾਰ ਅੱਤਵਾਦੀਆਂ ਦਾ ਇੱਕ ਧੜਾ ਕੱਲ੍ਹ ਰਾਤ ਅਦੀਪ ਬਾਜ਼ਾਰ ਇਲਾਕੇ ਨੇੜੇ ਇੱਕ ਘਰ ਵਿੱਚ ਦਾਖਲ ਹੋ ਗਿਆ ਅਤੇ ਅੰਨ੍ਹੇਵਾਹ ਫਾਇਰਿੰਗ ਕੀਤੀ।rnਘੱਟ ਗਿਣਤੀ ਵਿਦਿਆਰਥੀ ਜਥੇਬੰਦੀ ਨੇ ਮੁੱਖ ਮੰਤਰੀ ਤੁਰਣ ਗੋਗੋਈ ਦੇ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਦੋਸ਼ ਲਾਇਆ ਕਿ ਸਰਕਾਰ ਅਮਨ ਕਾਨੂੰਨ ਬਣਾਈ ਰੱਖਣ ਵਿੱਚ ਨਾਕਾਮ ਰਹੀ।