ਇੰਸਪੈਕਟਰ ਇੰਦਰਜੀਤ ਜ਼ਬਤ ਹਥਿਆਰਾਂ ਦੀ ਕਰਦਾ ਸੀ ਤਸਕਰੀ


ਲੁਧਿਆਣਾ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਗ੍ਰਿਫਫ਼ਰ ਕੀਤਾ ਗਿਆ ਸੀ ਆਈ ਏ ਦਾ ਇੰਸਪੈਕਟਰ ਇੰਦਰਜੀਤ ਸਿੰਘ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ ਹਥਿਆਰ ਵੇਚਣ ਦਾ ਧੰਦਾ ਵੀ ਕਰਦਾ ਸੀ।ਇਸ ਦੇ ਲਈ ਉਹ ਆਪਣੇ ਥਾਣੇ ਦੇ ਮਾਲਖਾਨੇ ਵਿੱਚ ਹੀ ਕੇਸ ਪ੍ਰਾਪਰਟੀ ਦੇ ਰੂਪ ਵਿੱਚ ਜਮ੍ਹਾਂ ਤਸਕਰਾਂ ਅਤੇ ਸੰਗੀਨ ਮੁਲਜ਼ਮਾਂ ਦੇ ਹਥਿਆਰ ਗਾਇਬ ਕਰ ਦਿੰਦਾ ਸੀ ਅਤੇ ਉਨ੍ਹਾਂ ਨੂੰ ਅੱਗੇ ਵੇਚ ਦਿੰਦਾ ਸੀ । ਇਸ ਤੋਂ ਇੱਕ ਤਾਂ ਉਹ ਹਥਿਆਰ ਵੇਚ ਕੇ ਪੈਸੇ ਕਮਾਉਂਦਾ, ਦੂਜਾ ਉਨ੍ਹਾਂ ਤਸਕਰਾਂ ਅਤੇ ਗੈਂਗਸਟਰਾਂ ਨੂੰ ਵੀ ਕੋਰਟ 'ਚ ਆਰਮਡ ਐਕਟ ਦੇ ਮਾਮਲਿਆਂ ਤੋਂ ਬਰੀ ਕਰਵਾ ਲੈਂਦਾ, ਕਿਉਂਕਿ ਪੁਲਸ ਜ਼ਬਤ ਹਥਿਆਰ ਕੋਰਟ ਵਿੱਚ ਪੇਸ਼ ਨਹੀਂ ਕਰ ਪਾਉਂਦੀ ਸੀ ।
ਇਸ ਤੋਂ ਇਲਾਵਾ ਇੰਦਰਜੀਤ ਕੇਸ ਵਿੱਚ ਜਾਣਬੁੱਝ ਕੇ ਕਈ ਕਮੀਆਂ ਛੱਡ ਦਿੰਦਾ ਸੀ, ਜੋ ਮੁਲਜ਼ਮਾਂ ਨੂੰ ਕੋਰਟ ਤੋਂ ਬਰੀ ਕਰਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਸੀ। ਇਸ ਦੇ ਲਈ ਇੰਦਰਜੀਤ ਪਹਿਲਾਂ ਹੀ ਉਨ੍ਹਾਂ ਤਸਕਰਾਂ ਅਤੇ ਮੁਲਜ਼ਮਾਂ ਨੂੰ ਕੋਰਟ ਤੋਂ ਛਡਾਉਣ ਦੀ ਯੋਜਨਾ ਦੇ ਤਹਿਤ ਲੱਖਾਂ ਰੁਪਏ ਲੈ ਲੈਂਦਾ ਸੀ । ਇਹ ਗੱਲ ਪੁਲਸ ਦੀ ਜਾਂਚ ਵਿੱਚ ਸਾਹਮਣੇ ਆਈ ਹੈ ਅਤੇ ਇਨ੍ਹਾਂ ਤੱਤਾਂ ਨੂੰ ਕਲੀਅਰ ਕਰਨ ਲਈ ਇੰਦਰਜੀਤ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ । ਇਹ ਸਚਾਈ ਸਾਹਮਣੇ ਆਉਣ ਤੋਂ ਬਾਅਦ ਪੰਜ ਜ਼ਿਲ੍ਹਿਆਂ ਦੇ ਐਸ ਐਸ ਪੀਜ਼ ਨੂੰ ਉਨ੍ਹਾਂ ਥਾਣਿਆਂ ਦੇ ਮਾਲਖਾਨਿਆਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ, ਜਿੱਥੇ ਇੰਦਰਜੀਤ ਸਿੰਘ ਤੈਨਾਤ ਰਿਹਾ । ਇਸ ਜਾਂਚ ਦੀ ਦੇਖਭਾਲ ਦਾ ਜ਼ਿੰਮਾ ਏ ਆਈ ਜੀ ਬਲਕਾਰ ਸਿੰਘ ਸਿੱਧੂ ਨੂੰ ਸਪੁਰਦ ਕੀਤਾ ਗਿਆ ਹੈ। ਇੰਦਰਜੀਤ ਸਿੰਘ ਹੁਣ ਤੱਕ ਜਲੰਧਰ ਦੇਹਾਤੀ ਦੇ ਲੱਗਭੱਗ ਸਾਰੇ ਥਾਣਿਆਂ, ਕਪੂਰਥਲਾ ਦੇਹਾਤੀ ਦੇ ਢਿੱਲਵਾਂ, ਸੀ ਆਈ ਏ ਫਗਵਾੜਾ, ਰਾਵਲ ਪਿੰਡੀ, ਨਵਾਂਸ਼ਹਰ ਦੇ ਮੁਕੰਦਪੁਰ ਸਦਰ ਥਾਣੇ ਤੋਂ ਇਲਾਵਾ ਤਰਨ ਤਾਰਨ ਅਤੇ ਅੰਮ੍ਰਿਤਸਰ ਦੇ ਸੀ ਆਈ ਏ ਸਟਾਫ ਅਤੇ ਹੋਰ ਥਾਣਿਆਂ ਵਿੱਚ ਤੈਨਾਤ ਰਹਿ ਚੁੱਕਿਆ ਹੈ । ਇਨ੍ਹਾਂ ਪੰਜ ਜ਼ਿਲ੍ਹਿਆਂ ਦੇ ਥਾਣਿਆਂ ਦੇ ਮਾਲਖਾਨਿਆਂ ਦੇ ਰਿਕਾਰਡ ਦੀ ਜਾਂਚ ਲਈ ਪੰਜ ਜ਼ਿਲ੍ਹਿਆਂ ਦੇ ਐਸ ਐਸ ਪੀਜ਼ ਨੂੰ ਕਿਹਾ ਗਿਆ ਹੈ ।