ਵਿਧਾਨ ਸਭਾ 'ਚ ਨਾਅਰੇਬਾਜ਼ੀ, ਹੰਗਾਮਾ, ਵਾਕਆਊਟ ਦਾ ਸਿਲਸਿਲਾ ਰਿਹਾ ਜਾਰੀ

ਚੰਡੀਗੜ੍ਹ (ਦਵਿੰਦਰਜੀਤ ਸਿੰਘ ਦਰਸ਼ੀ)
ਪੰਜਾਬ ਵਿਧਾਨ ਸਭਾ ਦੇ ਬੱਜਟ ਸੈਸ਼ਨ ਵਿਚ ਅੱਜ ਵੀ ਨਾਅਰੇਬਾਜ਼ੀ, ਹੰਗਾਮਾ, ਵਾਕਆਊਟ ਅਤੇ ਵਾਰ-ਵਾਰ ਮੁਲਤਵੀ ਹੋਣ ਦਾ ਸਿਲਸਿਲਾ ਜਾਰੀ ਰਿਹਾ। ਪ੍ਰਸ਼ਨ ਕਾਲ ਦੇ ਸ਼ੁਰੂ ਹੁੰਦੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਆਪਣੀ ਗੱਲ ਕਹਿਣ ਲਈ ਸਪੀਕਰ ਤੋਂ ਪ੍ਰਵਾਨਗੀ ਮੰਗੀ, ਪਰ ਸਪੀਕਰ ਰਾਣਾ ਕੇ ਸਿੰਘ ਨੇ ਕਿਹਾ ਕਿ ਪ੍ਰਸ਼ਨਕਾਲ ਤੋਂ ਬਾਅਦ ਹੀ ਬੋਲਣ ਦੀ ਆਗਿਆ ਦਿੱਤੀ ਜਾ ਸਕਦੀ ਹੈ, ਜਿਸ ਉਤੇ ਆਪ ਦੇ ਵਿਧਾਇਕ ਨਾਅਰੇਬਾਜ਼ੀ ਕਰਦੇ ਹੋਏ ਸਦਨ ਤੋਂ ਵਾਕਆਊਟ ਕਰ ਗਏ।
ਅਕਾਲੀ ਦਲ ਦੇ ਵਿਧਾਇਕਾਂ ਨੇ ਵੀ ਸਦਨ ਵਿਚ ਨਾਅਰੇਬਾਜ਼ੀ ਕੀਤੀ, ਜਦੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਧਾਇਕ ਪਵਨ ਕੁਮਾਰ ਟੀਨੂੰ ਦੇ ਪ੍ਰਸ਼ਨਕਾਲ ਨੂੰ ਉਤਰ ਦਿੰਦਿਆਂ ਬਹਿਸ ਵਿਚ ਪੈ ਗਏ। ਅਕਾਲੀ ਵਿਧਾਇਕਾਂ ਨੇ ਦੋਸ਼ ਲਾਇਆ ਕਿ ਸਿੱਧੂ ਨੇ ਗਾਲ ਕੱਢੀ ਹੈ ਅਤੇ ਵਿਧਾਇਕ ਪ੍ਰਤੀ ਗਲਤ ਭਾਸ਼ਾ ਦਾ ਪ੍ਰਯੋਗ ਕੀਤਾ ਹੈ। ਇਸ ਉਤੇ ਅਕਾਲੀ ਵਿਧਾਇਕ ਸਪੀਕਰ ਦੀ ਕੁਰਸੀ ਦੇ ਨੇੜੇ ਆ ਕੇ ਨਾਅਰੇਬਾਜ਼ੀ ਕਰਨ ਲੱਗ ਪਏ। ਇਸ 'ਤੇ ਸਪੀਕਰ ਨੇ ਸਦਨ ਨੂੰ ਮੁਲਤਵੀ ਕਰ ਦਿੱਤੀ। ਸਪੀਕਰ ਰਾਣਾ ਕੇ ਸਿੰਘ ਵੱਲੋਂ ਵਾਰ-ਵਾਰ ਸਦਨ ਨੂੰ ਮੁਲਤਵੀ ਕਰਨਾ ਪਿਆ, ਕਿਉਂਕਿ ਵਿਰੋਧੀ ਧਿਰ ਦੇ ਵਿਧਾਇਕ ਅਤੇ ਅਕਾਲੀ ਦਲ ਦੇ ਵਿਧਾਇਕ ਕਾਰਵਾਈ ਵਿਚ ਰੁਕਾਵਟ ਪਾ ਰਹੇ ਸਨ।
ਪੰਜਾਬ ਵਿਧਾਨ ਸਭਾ ਵਿਚ ਅੱਜ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਉਤੇ ਗਾਲੀ ਦੇਣ ਦਾ ਦੋਸ਼ ਲਾਇਆ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਸਿੱਧੂ ਉਤੇ ਕਾਰਵਾਈ ਕਰਨ ਅਤੇ ਉਨ੍ਹਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਅਕਾਲੀ ਵਿਧਾਇਕਾਂ ਦਾ ਸਾਥ ਦਿੱਤਾ। ਅਕਾਲੀ ਵਿਧਾਇਕਾਂ ਨੇ ਸਦਨ ਤੋਂ ਵਾਕ ਆਊਟ ਕੀਤਾ। ਹੰਗਾਮੇ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕੀਤੀ। ਪ੍ਰਸ਼ਨ ਕਾਲ ਵਿਚ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਨੇ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਲੈ ਕੇ ਸਵਾਲ ਪੁੱਛਿਆ। ਇਸ 'ਤੇ ਨਵਜੋਤ ਸਿੱਧੂ ਨੇ ਜਵਾਬ ਦਿੱਤਾ। ਅਕਾਲੀ ਵਿਧਾਇਕਾਂ ਦਾ ਦੋਸ਼ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਸਵਾਲ ਦਾ ਜਵਾਬ ਦਿੰਦਿਆਂ ਪਵਨ ਟੀਨੂੰ ਲਈ ਅਪਸ਼ਬਦ ਦਾ ਇਸਤੇਮਾਲ ਕੀਤਾ ਅਤੇ ਵਿਅਕਤੀਗਤ ਟਿੱਪਣੀ ਕਰਦਿਆਂ ਕਿਹਾ ਕਿ ਅਜਿਹੇ ਵਿਧਾਇਕਾਂ ਨੂੰ ਵੀ ਜਵਾਬ ਦੇਣਾ ਪਵੇਗਾ।
ਇਸ 'ਤੇ ਪਵਨ ਟੀਨੂੰ ਨੇ ਸਿੱਧੂ ਨੂੰ ਆਪਣੀ ਭਾਸ਼ਾ ਉਤੇ ਕਾਬੂ ਕਰਨ ਲਈ ਕਿਹਾ। ਇਸ 'ਤੇ ਦੋਵਾਂ ਵਿਚਾਲੇ ਨੋਕ-ਝੋਕ ਹੋ ਗਈ ਅਤੇ ਇਕ-ਦੂਸਰੇ ਦੇ ਸਾਹਮਣੇ ਆ ਗਏ ਅਤੇ ਖੂਬ ਤੂ-ਤੂੰ, ਮੈਂ-ਮੈਂ ਹੋਈ। ਦੋਵਾਂ ਪੱਖਾਂ ਵਿਚ ਕਾਫੀ ਬਹਿਸ ਹੋਈ। ਇਸ ਵਿਚਾਲੇ ਅਕਾਲੀ ਵਿਧਾਇਕ ਸਦਨ ਦੇ ਵੈਲ ਵਿਚ ਆ ਕੇ ਨਾਅਰੇਬਾਜ਼ੀ ਕਰਨ ਲੱਗੇ।
ਅਕਾਲੀ ਦਲ ਦੇ ਵਿਧਾਇਕਾਂ ਨੇ ਕਿਹਾ ਕਿ ਸਿੱਧੂ ਨੇ ਗਾਲ ਕੱਢੀ ਹੈ। ਇਸ 'ਤੇ ਸਪੀਕਰ ਨੇ ਕਿਹਾ ਕਿ ਰਿਕਾਰਡ ਚੈੱਕ ਕੀਤਾ ਜਾਵੇਗਾ ਅਤੇ ਜੇਕਰ ਸਿੱਧੂ ਨੇ ਗਾਲ ਕੱਢੀ ਹੈ ਤਾਂ ਕਾਰਵਾਈ ਹੋਵੇਗੀ। ਇਸ ਤੋਂ ਅਕਾਲੀ ਦਲ ਦੇ ਵਿਧਾਇਕ ਸੰਤੁਸ਼ਟ ਨਹੀਂ ਹੋਏ। ਸੁਖਬੀਰ ਬਾਦਲ ਨੇ ਕਿਹਾ ਕਿ ਮੰਤਰੀ ਜੇਕਰ ਇਸ ਤਰ੍ਹਾਂ ਨਾਲ ਵਿਧਾਇਕਾਂ ਨੂੰ ਕਹਿਣਗੇ ਤਾਂ ਕਿਵੇਂ ਸਦਨ ਚੱਲੇਗਾ। ਸਦਨ ਦੀ ਇਕ ਮਰਿਆਦਾ ਹੁੰਦੀ ਹੈ। ਇਸ ਤੋਂ ਬਾਅਦ ਅਕਾਲੀ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕੀਤਾ।
ਐੱਚ ਫੂਲਕਾ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਸਦਨ ਤੋਂ ਵਾਕ-ਆਊਟ ਕੀਤਾ। ਆਪ ਦੇ ਵਿਧਾਇਕ ਜਦੋਂ ਸਦਨ ਤੋਂ ਵਾਕ-ਆਊਟ ਕਰ ਗਏ ਤਾਂ ਸੱਤਾ ਪੱਖ ਵੱਲੋਂ ਉਨ੍ਹਾਂ ਉਤੇ ਟਿੱਪਣੀਆਂ ਕੀਤੀਆਂ ਗਈਆਂ। ਸਿੱਧੂ ਦੇ ਮਾਮਲੇ ਵਿਚ ਅਕਾਲੀ ਦਲ ਨੂੰ ਪਹਿਲੀ ਵਾਰ ਆਪ ਦਾ ਸਮਰਥਨ ਮਿਲਿਆ। ਭਾਰੀ ਹੰਗਾਮੇ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ 30 ਮਿੰਟ ਲਈ ਮੁਲਤਵੀ ਕਰ ਦਿੱਤੀ।