ਵਿਧਾਨ ਸਭਾ 'ਚ ਹੰਗਾਮਾ; 'ਆਪ' ਵਿਧਾਇਕ ਦੀ ਪੱਗ ਲੱਥੀ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਵਿਧਾਨ ਸਭਾ ਵਿੱਚ ਅੱਜ ਫਿਰ ਜ਼ਬਰਦਸਤ ਹੰਗਾਮਾ ਹੋਇਆ।। ਇਸ ਹੰਗਾਮੇ ਵਿੱਚ 'ਆਪ' ਵਿਧਾਇਕ ਪਿਰਮਿਲ ਸਿੰਘ ਦੀ ਪੱਗ ਵੀ ਲਹਿ ਗਈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਬੈਂਸ ਨੇ ਵਿਧਾਨ ਸਭਾ ਦੇ ਗੇਟ 'ਤੇ ਧਰਨਾ ਲਾ ਦਿੱਤਾ । ਦੋਵਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਵਿਧਾਨ ਸਭਾ ਅੰਦਰ ਨਹੀਂ ਜਾਣ ਦਿੱਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਦਰਅਸਲ ਵਿਧਾਨ ਸਭਾ ਦੇ ਸਪੀਕਰ ਨੇ 'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਭਾਈਵਾਲ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੂੰ ਵਿਧਾਨ ਸਭਾ ਵਿੱਚ ਐਂਟਰ ਨਹੀਂ ਹੋਣ ਦਿੱਤਾ। ਇਸ ਨੂੰ ਲੈ ਕੇ ਖਹਿਰਾ ਤੇ ਬੈਂਸ ਨੇ ਵਿਧਾਨ ਸਭਾ ਦੇ ਗੇਟ ਬਾਹਰ ਧਰਨਾ ਲਾ ਦਿੱਤਾ। ਖਹਿਰਾ ਤੇ ਬੈਂਸ ਨੇ ਇਲਜ਼ਾਮ ਲਾਇਆ ਸੀ ਕਿ ਸਪੀਕਰ ਦੇ ਜਵਾਈ ਧਰੁਵ ਕੰਵਰ ਦਾ ਵੀ ਮਾਈਨਿੰਗ ਦਾ ਕਾਰੋਬਾਰ ਹੈ। ਉਨ੍ਹਾਂ ਰਾਣਾ ਗੁਰਜੀਤ ਤੇ ਸਪੀਕਰ ਦੇ ਜਵਾਈ ਦਾ ਮਾਮਲਾ ਵਿਧਾਨ ਸਭਾ ਉਠਾਉਣਾ ਸੀ।।ਇਸ ਕਰਕੇ ਉਨ੍ਹਾਂ ਨੂੰ ਸਦਨ ਵਿੱਚੋਂ ਮੁਅੱਤਲ ਕਰ ਦਿੱਤਾ।
ਇਸ ਤੋਂ ਬਾਅਦ ਮਾਰਸ਼ਲ ਤੇ ਆਪ ਵਿਧਾਇਕਾਂ ਵਿਚਾਲੇ ਝੜਪ ਹੋ ਗਈ, ਜਿਸ ਵਿੱਚ ਪਾਰਟੀ ਦੇ ਚਾਰ ਵਿਧਾਇਕ ਬੇਹੋਸ਼ ਹੋ ਗਏ। ਮਾਰਸ਼ਲ ਜਦੋਂ ਆਪ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕਰਨ ਲੱਗੇ ਤਾਂ ਆਪ ਵਿਧਾਇਕਾਂ ਪਿਰਮਲ ਸਿੰਘ ਦੀ ਪੱਗ ਲੱਥ ਗਈ ਤੇ ਪਿਰਮਲ ਸਿੰਘ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਜ਼ਿਕਰਯੋਗ ਹੈ ਕਿ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬੈਂਸ ਨੂੰ 15 ਅਤੇ ਖੇੜਾ ਨੂੰ 16 ਜੂਨ ਤੱਕ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਆਪ ਵਿਧਾਇਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਮਹਿਲਾ ਵਿਧਾਇਕਾਂ ਨੂੰ ਮਰਦ ਮਾਰਸ਼ਲਾਂ ਨੇ ਸਦਨ ਤੋਂ ਬਾਹਰ ਕੀਤਾ ਹੈ। ਉਨ੍ਹਾ ਦਾ ਦੋਸ਼ ਹੈ ਕਿ ਵਿਧਾਇਕ ਬਲਜਿੰਦਰ ਕੌਰ, ਰੁਪਿੰਦਰ ਕੌਰ ਤੇ ਸਰਬਜੀਤ ਕੌਰ ਦੇ ਨਾਲ ਵੀ ਧੱਕਾ-ਮੁੱਕੀ ਕੀਤੀ ਗਈ। ਆਮ ਆਦਮੀ ਪਾਰਟੀ ਨੇ ਟਵੀਟ ਕਰਕੇ ਕਿਹਾ ਹੈ, ''ਸਾਡੇ ਵਿਧਾਇਕਾਂ ਨੂੰ ਵਿਧਾਨ ਸਭਾ 'ਚ ਕੁੱਟਿਆ। ਇਸ ਤਰ੍ਹਾਂ ਦਾ ਵਿਹਾਰ ਲੋਕਤੰਤਰ ਦਾ ਕਤਲ ਹੈ।'' ਉਧਰ, 'ਆਪ' ਦੇ ਸਾਰੇ ਵਿਧਾਇਕ ਖਹਿਰਾ ਤੇ ਬੈਂਸ ਦੇ ਹੱਕ 'ਚ ਪ੍ਰਦਰਸ਼ਨ ਕਰ ਰਹੇ ਸਨ। ਸ਼ੋਰ-ਸ਼ਰਾਬੇ ਮਗਰੋਂ ਸਪੀਕਰ ਨੇ 'ਆਪ' ਵਿਧਾਇਕਾਂ ਨੂੰ ਸਦਨ ਵਿੱਚੋਂ ਬਾਹਰ ਕਰਨ ਦਾ ਹੁਕਮ ਦੇ ਦਿੱਤਾ। ਮਾਰਸ਼ਲਾਂ ਨੇ ਉਨ੍ਹਾਂ ਨੂੰ ਸਦਨ ਵਿੱਚੋਂ ਬਾਹਰ ਕੱਢ ਦਿੱਤਾ। ਇਸ ਦੌਰਾਨ ਹੋਈ ਧੱਕਾ-ਮੁੱਕੀ ਵਿੱਚ 'ਆਪ' ਵਿਧਾਇਕ ਪਿਰਮਿਲ ਸਿੰਘ ਦੀ ਪੱਗ ਲੱਥ ਗਈ।