ਹਮਲਾਵਰਾਂ ਦੇ ਪਾਕਿਸਤਾਨੀ ਹੋਣ ਦੇ ਮਿਲੇ ਸਬੂਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਬਾਰਡਰ ਐਕਸ਼ਨ ਟੀਮ (ਬੈਟ) ਹਮਲਾਵਰਾਂ ਤੋਂ ਮਿਲੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਪਾਕਿਸਤਾਨ ਦੇ ਐਸ ਐਸ ਜੀ ਸਪੈਸ਼ਲ ਸਰਵਿਸ ਗਰੁੱਪ ਦੇ ਕਮਾਂਡੋ ਸਨ। ਭਾਰਤੀ ਫ਼ੌਜ ਵੱਲੋਂ ਮਾਰੇ ਗਏ ਹਮਲਾਵਰ ਤੋਂ ਏ ਕੇ 47, ਗੋਲੀ-ਬਾਰੂਦ, ਗ੍ਰਨੇਡ ਸਮੇਤ ਹਥਿਆਰਾਂ ਦਾ ਜ਼ਖੀਰਾ ਬ੍ਰਾਮਦ ਹੋਇਆ ਹੈ ਅਤੇ ਨਾਲ ਹੀ ਪਾਕਿਸਤਾਨ ਦੀ ਕਰੰਸੀ, ਪਾਕਿਸਤਾਨ ਦੇ ਬਣੇ ਡ੍ਰਾਈ ਫਰੂਟ, ਚਾਕਲਟ ਸਮੇਤ ਅਜਿਹਾ ਸਾਮਾਨ ਬ੍ਰਾਮਦ ਹੋਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪਾਕਿਸਤਾਨੀ ਫ਼ੌਜ ਦਾ ਹੀ ਜਵਾਨ ਸੀ, ਵੀਰਵਾਰ ਨੂੰ ਬੈਟ ਦੇ ਹਮਲੇ 'ਚ ਭਾਰਤੀ ਫ਼ੌਜ ਦੇ ਦੋ ਜਵਾਨ ਮਾਰੇ ਗਏ ਸਨ ਅਤੇ ਜਵਾਬੀ ਕਾਰਵਾਈ 'ਚ ਇੱਕ ਹਮਲਾਵਰ ਮਾਰਿਆ ਗਿਆ ਸੀ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫ਼ੌਜ ਦੀ ਬਾਰਡਰ ਐਕਸ਼ਨ ਟੀਮ 'ਚ ਫ਼ੌਜੀ ਜਵਾਨ ਤਾਂ ਹੁੰਦੇ ਹੀ ਹਨ, ਅੱਤਵਾਦੀ ਵੀ ਹੁੰਦੇ ਹਨ, ਜਿਨ੍ਹਾ ਨੂੰ ਖਾਸ ਤੌਰ 'ਤੇ ਸਰਹੱਦ 'ਤੇ ਘਾਤ ਲਗਾ ਕੇ ਹਮਲਾ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਪਾਕਿਸਤਾਨ ਨੇ ਹਾਲ ਹੀ ਵਿੱਚ ਕੰਟਰੋਲ ਰੇਖਾ ਦੇ ਆਸਪਾਸ ਬੈਟ ਕੈਂਪਾਂ ਦੀ ਤਾਦਾਦ ਵਧਾ ਦਿੱਤੀ ਹੈ ਅਤੇ ਇਹ ਕੈਂਪ ਮਕਬੂਜ਼ਾ ਕਸ਼ਮੀਰ 'ਚ ਸਰਹੱਦ ਦੇ ਨੇੜੇ ਸਥਿਤ ਹਨ। ਹਰ ਕੈਂਪ 'ਚ 40-50 ਕਮਾਂਡੋ ਹੁੰਦੇ ਹਨ ਅਤੇ ਹਰ ਹਮਲੇ 'ਚ 6 ਤੋਂ 7 ਜਵਾਨ ਸ਼ਾਮਲ ਹੁੰਦੇ ਹਨ ਅਤੇ ਉਨ੍ਹਾ ਨਾਲ ਅੱਤਵਾਦੀ ਵੀ ਹੁੰਦੇ ਹਨ। ਇਹ ਹਮਲਾ ਕਰਨ ਤੋਂ ਪਹਿਲਾਂ ਇਲਾਕੇ ਦੀ ਪੂਰੀ ਛਾਣਬੀਨ ਅਤੇ ਫ਼ੌਜ ਦੀ ਗਸ਼ਤੀ ਪਾਰਟੀ ਦੇ ਤੌਰ-ਤਰੀਕਿਆਂ 'ਤੇ ਨਜ਼ਰ ਰੱਖਦੇ ਹਨ।
ਵੀਰਵਾਰ ਨੂੰ ਕੀਤਾ ਗਿਆ ਹਮਲਾ ਇਸ ਸਾਲ 'ਚ ਤੀਜਾ ਹਮਲਾ ਸੀ। ਇਸ ਤੋਂ ਪਹਿਲਾਂ ਬੈਟ ਨੇ ਉੜੀ 'ਚ ਹਮਲਾ ਕੀਤਾ ਸੀ, ਪਰ ਭਾਰਤੀ ਫ਼ੌਜ ਨੇ ਨਾ ਕੇਵਲ ਇਸ ਨੂੰ ਨਾਕਾਮ ਕਰ ਦਿੱਤਾ ਸੀ, ਸਗੋਂ ਦੋ ਹਮਲਾਵਰਾਂ ਨੂੰ ਮਾਰ ਵੀ ਮੁਕਾਇਆ ਸੀ। ਪਰ ਮਈ 'ਚ ਪੁਣਛ ਦੇ ਕ੍ਰਿਸ਼ਨਾਘਾਟੀ ਇਲਾਕੇ 'ਚ ਬੈਟ ਦੇ ਹਮਲੇ 'ਚ ਦੋ ਭਾਰਤੀ ਜਵਾਨ ਨਾ ਕੇਵਲ ਸ਼ਹੀਦ ਹੋ ਗਏ ਸਨ, ਸਗੋਂ ਉਨ੍ਹਾ ਦੀਆਂ ਮ੍ਰਿਤਕ ਦੇਹਾਂ ਦੀ ਵੱਢ-ਟੁੱਕ ਵੀ ਕੀਤੀ ਗਈ ਸੀ।