ਵਿਰੋਧੀ ਧਿਰ ਦੀ ਗੈਰ ਹਾਜ਼ਰੀ 'ਚ 12 ਬਿੱਲ ਪਾਸ


ਚੰਡੀਗੜ੍ਹ (ਦਵਿੰਦਰਜੀਤ ਸਿੰਘ ਦਰਸ਼ੀ)-ਪੰਜਾਬ ਵਿਧਾਨ ਸਭਾ ਵਿਚ ਅੱਜ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਦੇ ਵਿਧਾਇਕਾਂ ਦੀ ਗੈਰ-ਹਾਜ਼ਰੀ ਵਿਚ 12 ਬਿੱਲ ਸੰਖੇਪ ਬਹਿਸ ਤੋਂ ਬਾਅਦ ਪਾਸ ਕਰ ਦਿੱਤੇ ਗਏ। ਬਹਿਸ ਵਿਚ ਕੇਵਲ ਸਰਕਾਰੀ ਵਿਧਾਇਕਾਂ ਨੇ ਹੀ ਹਿੱਸਾ ਲਿਆ। ਖਾਲਸਾ ਯੂਨੀਵਰਸਿਟੀ ਦੇ ਸਮਾਪਤੀ ਬਿੱਲ 2017 ਨੂੰ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਪੇਸ਼ ਕੀਤਾ। ਇਸ ਬਿੱਲ ਉਤੇ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਸਰਕਾਰੀਆ ਨੇ ਵਿਸਥਾਰ ਨਾਲ ਖਾਲਸਾ ਕਾਲਜ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤੇ ਮਜੀਠੀਆ ਪਰਵਾਰ ਦਾ ਸ਼ੁਰੂ ਤੋਂ ਹੀ ਦਬਦਬਾ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ। ਇਸ ਬਿੱਲ 'ਤੇ ਵਿਧਾਇਕ ਨਾਗਰਾ ਨੇ ਵੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਭਾਈਚਾਰੇ ਦੀ ਮੰਗ ਹੈ ਕਿ ਖਾਲਸਾ ਕਾਲਜ ਦੀ ਵਿਰਾਸਤ ਨੂੰ ਬਣਾਇਆ ਜਾਵੇ। ਇਸ ਬਿੱਲ ਨੂੰ ਸਰਵ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਪੰਜਾਬ ਸਹਿਕਾਰੀ ਸਭਾਵਾਂ ਸੋਧ ਬਿੱਲ 2017 ਨੂੰ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿਚ ਇਹ ਤੈਅ ਕਰ ਲਿਆ ਗਿਆ ਸੀ ਕਿ ਕੁਰਕੀ ਦੀ ਪੇਸ਼ਕਸ਼ ਨੂੰ ਹਟਾ ਦਿੱਤਾ ਜਾਵੇਗਾ, ਇਸ ਲਈ ਇਹ ਸੋਧ ਪੇਸ਼ ਕੀਤੀ ਗਈ।
ਪੰਜਾਬ ਖੇਤੀ ਪੈਦਾਵਰ ਦੀਆਂ ਮੰਡੀਆਂ ਸੋਧ ਬਿੱਲ 2017 ਇਸ ਨੂੰ ਵੀ ਸੰਸਦੀ ਮਾਮਲੇ ਮੰਤਰੀ ਬ੍ਰਹਮ ਮੋਹਿੰਦਰਾ ਨੇ ਪੇਸ਼ ਕੀਤਾ ਤੇ ਬਿਨਾਂ ਬਹਿਸ ਦੇ ਪਾਸ ਕਰ ਦਿਤਾ ਗਿਆ।
ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2017 ਨੂੰ ਪੰਚਾਇਤੀ ਰਾਜ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੇਸ਼ ਕੀਤਾ ਅਤੇ ਦੱਸਿਆ ਕਿ ਇਸ ਸੋਧ ਦੇ ਮੁਤਾਬਿਕ ਸਥਾਨਕ ਸੰਸਥਾਵਾਂ ਵਿਚ ਮਹਿਲਾਵਾਂ ਲਈ 50 ਫੀਸਦੀ ਰਾਖਵਾਂ ਰੱਖਿਆ ਗਿਆ ਹੈ।
ਪੰਜਾਬ ਮਿਊਂਸਪਲ ਸੋਧ ਬਿੱਲ 2017 ਅਤੇ ਪੰਜਾਬ ਮਿਊਂਸਪਲ ਸੋਧ ਬਿੱਲ 2017 ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੇਸ਼ ਕੀਤਾ ਅਤੇ ਇਸ ਨੂੰ ਬਿਨਾਂ ਬਹਿਸ ਦੇ ਪਾਸ ਕਰ ਦਿੱਤਾ ਗਿਆ।