ਕੋਵਿੰਦ ਵੱਲੋਂ ਰਾਸ਼ਟਰਪਤੀ ਚੋਣ ਲਈ ਕਾਗਜ਼ ਦਾਖਲ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਐÎਨ ਡੀ ਏ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਰਾਮਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿੱਚ ਸੰਸਦ ਭਵਨ ਪਹੁੰਚ ਕੇ ਨਾਮਜ਼ਦਗੀ ਦਾਖਲ ਕੀਤੀ। ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਰਾਸ਼ਟਰਪਤੀ ਦੇਸ਼ ਦਾ ਸਭ ਤੋਂ ਸਨਮਾਨ ਵਾਲਾ ਅਹੁਦਾ ਹੈ। 125 ਕਰੋੜ ਦੀ ਅਬਾਦੀ ਵਾਲਾ ਆਪਣਾ ਦੇਸ਼ ਦੁਨੀਆ ਦਾ ਸਭ ਤੋਂ ਵੱੱਡਾ ਲੋਕਤੰਤਰ ਦੇਸ਼ ਹੈ। ਮੇਰਾ ਅਜਿਹਾ ਮੰਨਣਾ ਹੈ ਕਿ ਰਾਸ਼ਟਰਪਤੀ ਦਾ ਅਹੁਦਾ ਪਾਰਟੀ ਰਾਜਨੀਤੀ ਤੋਂ ਉਪਰ ਹੋਣਾ ਚਾਹੀਦਾ।''
ਉਨ੍ਹਾ ਕਿਹਾ ਕਿ ਉਹ ਅਹੁਦੇ ਦੀ ਪੂਰੀ ਮਰਿਆਦਾ ਬਣਾਈ ਰੱਖਣਗੇ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਇਲਾਵਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਸਾਰੇ ਵੱਡੇ ਨੇਤਾ ਮੌਜੂਦ ਸਨ। ਕੋਵਿੰਦ ਦੀ ਨਾਮਜ਼ਦਗੀ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਵੀ ਸੰਸਦ ਭਵਨ ਪਹੁੰਚੇ। ਜ਼ਿਕਰਯੋਗ ਹੈ ਕਿ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿਤਿੱਆਨਾਥ ਨੇ ਕਿਹਾ ਕਿ ਜੇ ਕਾਂਗਰਸ ਦੇ ਏਜੰਡੇ ਵਿੱਚ ਦਲਿਤ ਨੂੰ ਰਾਸ਼ਟਰਪਤੀ ਬਣਾਉਣਾ ਹੁੰਦਾ ਤਾਂ ਉਹ ਪਿਛਲੀ ਵਾਰ ਹੀ ਮੀਰਾ ਕੁਮਾਰ ਨੂੰ ਰਾਸ਼ਟਰਪਤੀ ਬਣਾ ਦਿੰਦੇ। ਨਾਮਜ਼ਦਗੀ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਸਵੇਰੇ 10-30 ਵਜੇ 10 ਅਕਬਰ ਰੋਡ ਤੋਂ ਨਿਕਲ ਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਸੰਸਦ ਭਵਨ ਦੀ ਲਾਇਬਰੇਰੀ ਬਿਲਡਿੰਗ 'ਚ ਪਹੁੰਚੇ। ਇਸ ਬਿੰਲਡਿੰਗ 'ਚੋਂ ਕੋਵਿੰਦ ਨੂੰ ਲੈ ਕੇ ਭਾਜਪਾ ਨੇਤਾ ਲੋਕ ਸਭਾ ਦੇ ਸਕਤੱਰ ਦੇ ਕਮਰੇ ਵਿੱਚ ਨਾਮਜ਼ਦਗੀ ਦਾਖਲ ਕਰਨ ਪਹੁੰਚੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਸਮੇਤ ਬੀ ਜੇ ਪੀ ਸੰਸਦੀ ਬੋਰਡ ਦੇ ਸਾਰੇ ਮੈਂਬਰ, ਸਾਰੇ ਬੀ ਜੇ ਪੀ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ, ਕੁਝ ਕੈਬਨਿਟ ਮੰਤਰੀ ਅਤੇ ਐੱਨ ਡੀ ਏ ਦੇ ਕੁਝ ਨੇਤਾ ਮੌਜੂਦ ਰਹੇ। ਨਾਮਜ਼ਦਗੀ ਲਈ 4 ਸੈੱਟ ਬਣਾਏ ਗਏ ਸਨ। ਹਰ ਸੈੱਟ ਵਿੱਚ 60 ਤਜਵੀਜ਼ ਕਰਨ ਵਾਲੇ ਅਤੇ 60 ਤਾਈਦ ਕਰਨ ਵਾਲਿਆਂ ਦੇ ਦਸਤਖਤ ਹੋਏ। ਇੱਕ ਸੈੱਟ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸੌਂਪਿਆ ਗਿਆ।
ਇੱਕ ਬੀ ਜੇ ਪੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ 'ਚ, ਇੱਕ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰੰਘ ਬਾਦਲ ਦੀ ਅਗਵਾਈ 'ਚ ਸੌਂਪਿਆ ਗਿਆ। ਇਸ ਤੋਂ ਇਲਾਵਾ ਇੱਕ ਹੋਰ ਸੈੱਟ ਜੋ ਬੀ ਜੇ ਪੀ ਅਤੇ ਐੱਨ ਡੀ ਏ ਦੇ ਨੇਤਾ ਸੌਂਪਣਗੇ। ਰਾਸ਼ਟਰਪਤੀ ਅਹੁਦੇ ਲਈ ਚੋਣ 17 ਜੁਲਾਈ ਨੂੰ ਹੋਵੇਗੀ। ਨਾਜ਼ਦਗੀ ਦਾਖਲ ਕਰਨ ਦੀ ਅੰਤਿਮ ਤਰੀਕ 28 ਜੂਨ ਹੈ। ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਜਾਵੇਗਾ।