ਵਿਧਾਨ ਸਭਾ 'ਚ ਹੰਗਾਮੇ ਲਈ ਕਿਸੇ ਵੀ ਧਿਰ ਨੂੰ ਬਰੀ ਨਹੀਂ ਕੀਤਾ ਜਾ ਸਕਦਾ : ਅਰਸ਼ੀ


ਬਠਿੰਡਾ (ਬਖਤੌਰ ਢਿੱਲੋਂ)
ਪੰਜਾਬ ਦੇ ਬਜਟ ਸਮਾਗਮ ਦੇ 7ਵੇਂ ਦਿਨ ਜੋ ਕੁਝ ਵਿਧਾਨ ਸਭਾ ਦੀ ਮਰਿਆਦਾ ਦਾ ਘਾਣ ਹੋਇਆ ਉਹ ਸ਼ਰਮਸਾਰ ਤੇ ਡੂੰਘੀ ਚਿੰਤਾ ਪੈਦਾ ਕਰਨ ਵਾਲਾ ਹੈ। ਇਸ ਨਾਲ ਵਿਧਾਨ ਸਭ ਤੇ ਇਸ ਦੇ ਚੁਣੇ ਨੁਮਾਇੰਦਿਆਂ ਦੇ ਅਕਸ ਨੂੰ ਸਭ ਤੋਂ ਵੱਡੀ ਢਾਅ ਲੱਗੀ ਹੈ ਤੇ ਲੋਕਾਂ ਵਿਚ ਸਤਿਕਾਰ ਘਟਿਆ ਹੈ। ਇਹ ਵਿਚਾਰ ਪੰਜਾਬ ਸੀ ਪੀ ਆਈ ਦੇ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਇੱਥੋਂ ਜਾਰੀ ਇਕ ਬਿਆਨ ਵਿੱਚ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਸ ਮਾੜੇ ਵਰਤਾਰੇ ਲਈ ਕਿਸੇ ਵੀ ਧਿਰ ਨੂੰ ਬਰੀ ਨਹੀਂ ਕੀਤਾ ਜਾ ਸਕਦਾ, ਘੱਟ ਵੱਧ ਸਾਰੀਆਂ ਧਿਰਾਂ ਹੀ ਜ਼ਿੰਮੇਵਾਰ ਹਨ।
ਕਾ: ਅਰਸ਼ੀ ਨੇ ਕਿਹਾ ਕਿ ਸਮਾਗਮ ਨੂੰ ਸੁਚਾਰੂ ਤੇ ਸਦਭਾਵਨਾ ਭਰੇ ਮਾਹੌਲ ਨਾਲ ਚਲਾਉਣ ਦੀ ਮੁੱਖ ਜ਼ਿੰਮੇਵਾਰੀ ਸਰਕਾਰੀ ਧਿਰ ਤੇ ਸਪੀਕਰ ਦੀ ਹੁੰਦੀ ਹੈ, ਜਿਸ ਵਿੱਚ ਉਹ ਪੂਰੀ ਤਰ੍ਹਾਂ ਅਸਫਲ ਹੋਏ ਹਨ। ਮੌਜੂਦਾ ਬਜਟ ਸਮਾਗਮ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਦਾ ਸਭ ਤੋਂ ਛੋਟਾ ਸਮਾਗਮ ਬਣ ਕੇ ਰਹਿ ਗਿਆ ਹੈ। ਜਦੋਂ ਕਾਂਗਰਸ ਕੋਲ ਦੋ-ਤਿਹਾਈ ਤੋਂ ਵਧ ਬਹੁਮਤ ਹੈ ਤਾਂ ਉਸ ਨੂੰ ਬਜਟ ਦਾ ਗਲਾ ਘੁੱਟਣ ਦੀ ਕਿਉਂ ਲੋੜ ਪਈ? ਜਦੋਂਕਿ ਉਹ ਦਸ ਸਾਲ ਵਿਰੋਧੀ ਧਿਰ ਵਿਚ ਰਹਿ ਕੇ ਲੰਮੇ ਸਮਾਗਮ ਕਰਨ ਦੀ ਮੰਗ ਕਰਦੀ ਰਹੀ। ਅਗਰ ਸਮਾਗਮ ਲੰਮਾ ਹੁੰਦਾ, ਵਿਰੋਧੀ ਧਿਰਾਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਮਿਲਦਾ ਤਾਂ ਉਹ ਕੁਝ ਮੰਦਭਾਗਾ ਨਾ ਵਾਪਰਦਾ ਜੋ ਵਾਪਰਿਆ ਹੈ। ਕਮਿਊਨਿਸਟ ਆਗੂ ਨੇ ਇਸ ਗੱਲ 'ਤੇ ਵੀ ਚਿੰਤਾ ਪ੍ਰਗਟ ਕੀਤੀ ਕਿ ਕੈਪਟਨ ਵਜ਼ਾਰਤ ਵਿਚ ਕੁਝ ਭਟਕਦੀਆਂ ਰੂਹਾਂ ਵੀ ਹਨ, ਮਾੜੀ ਭਾਸ਼ਾ ਵਰਤਣੀ ਜਿਨ੍ਹਾਂ ਦਾ ਨਿਤਨੇਮ ਬਣ ਗਿਆ, ਜਿਸ ਨਾਲ ਕੁੜੱਤਣ ਪੈਦਾ ਹੁੰਦੀ ਹੈ ਤੇ ਸਮਾਗਮ ਦਾ ਵਾਤਾਵਰਣ ਵਿਗੜਦਾ ਹੈ।
ਉਨ੍ਹਾ ਕਿਹਾ ਕਿ ਸਪੀਕਰ ਦਾ ਅਹੁਦਾ ਪਾਰਟੀਆਂ ਤੋਂ ਉਪਰ ਹੁੰਦਾ ਹੈ, ਉਸ ਨੇ ਸਾਰੀਆਂ ਧਿਰਾਂ ਵਿੱਚ ਭਰੋਸਾ ਪੈਦਾ ਕਰਨਾ ਤੇ ਵਿਸ਼ਵਾਸ ਜਿੱਤਣਾ ਹੁੰਦਾ ਹੈ, ਪਰ ਮੌਜੂਦਾ ਸਪੀਕਰ ਇਸ ਮਾਮਲੇ ਵਿੱਚ ਸਫਲ ਨਹੀਂ ਰਹੇ। ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਨੂੰ ਸਮਾਗਮ ਤੋਂ ਬਾਹਰ ਰਹਿਣ ਦੀ ਸਖਤ ਸਜ਼ਾ ਦੀ ਬਜਾਏ ਵਾਰਨਿੰਗ ਦੇ ਕੇ ਵੀ ਸਾਰਿਆ ਜਾ ਸਕਦਾ ਸੀ। ਉਹਨਾਂ ਯਾਦ ਕਰਾਉਂਦੇ ਹੋਏ ਕਿਹਾ ਕਿ 1993 ਵਿੱਚ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਕਾਂਗਰਸ ਤੇ ਸੀ ਪੀ ਆਈ ਦੇ ਵਿਧਾਇਕਾਂ ਨੂੰ ਸਮਾਗਮ ਦੇ ਰਹਿੰਦੇ ਦਿਨਾਂ ਤੱਕ ਮੁਅੱਤਲ ਕੀਤਾ ਸੀ, ਪਰੰਤੂ ਵਿਧਾਨ ਸਭਾ ਕੰਪਲੈਕਸ 'ਚੋਂ ਬਾਹਰ ਜਾਣ ਦੇ ਹੁਕਮ ਨਹੀਂ ਦਿਤੇ ਸਨ, ਜਿਸ ਤਰ੍ਹਾਂ ਹੁਣ ਕੀਤਾ ਗਿਆ ਹੈ।
ਕਾ: ਅਰਸ਼ੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਵੀ ਵਿਰੋਧ ਪ੍ਰਗਟ ਕਰਦੇ ਹੋਏ ਪਾਰਲੀਮਾਨੀ ਪਰੰਪਰਾਵਾਂ ਦੀ ਸੀਮਾ ਨਹੀਂ ਉਲੰਘਣੀ ਚਾਹੀਦੀ ਅਤੇ ਨਾ ਚੇਅਰ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨੀਆਂ ਚਾਹੀਦੀਆਂ ਹਨ। ਜਿਸ ਤਰ੍ਹਾਂ ਹੁਣ ਇੱਕ ਵੱਡੀ ਪਾਰਟੀ ਦੇ ਸੀਨੀਅਰ ਆਗੂ ਨੇ ਸਪੀਕਰ ਪ੍ਰਤੀ ਅਸੱਭਿਅਕ ਭਾਸ਼ਾ ਦਾ ਇਸਤੇਮਾਲ ਕੀਤਾ ਹੈ, ਉਹ ਅਤੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਅਜਿਹਾ ਨਾ ਵਾਪਰੇ, ਇਸ ਸੰਬੰਧੀ ਸਾਰੀਆਂ ਧਿਰਾਂ ਨਾਲ ਮਿਲਣੀ ਕਰਕੇ, ਆਪਸੀ ਭਰੋਸੇ ਨੂੰ ਮੁੜ ਬਹਾਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਉਹਨਾਂ ਵਿਧਾਇਕਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਹੋਮ ਵਰਕ ਕਰਕੇ ਸਮਾਗਮਾਂ ਵਿੱਚ ਜਾਣ ਤੇ ਦਲੀਲ ਨਾਲ ਆਪਣਾ ਪੱਖ ਰੱਖ ਕੇ ਇੱਕ ਜ਼ਿੰਮੇਵਾਰ ਵਿਧਾਇਕ ਦੀ ਭੂਮਿਕਾ ਨਿਭਾਉਣ। ਉਹਨਾਂ ਪਰੈਸ ਨੂੰ ਅਪੀਲ ਕੀਤੀ ਕਿ ਵਿਧਾਇਕਾਂ ਦੇ ਉਸਾਰੂ ਪੱਖ ਨੂੰ ਹੀ ਕਾਲਮਾਂ ਵਿਚ ਸਥਾਨ ਦੇਣ, ਗੈਰ-ਜ਼ਿੰਮੇਵਾਰੀ ਵਾਲੀਆਂ ਹਰਕਤਾਂ ਤੇ ਹੰਗਾਮਿਆਂ ਨੂੰ ਉਭਾਰਨ ਤੋਂ ਸੰਕੋਚ ਕੀਤਾ ਜਾਵੇ।