ਇਸਰੋ ਨੇ ਫਿਰ ਰਚਿਆ ਇਤਿਹਾਸ; ਇਕੋ ਵੇਲੇ 31 ਉਪ ਗ੍ਰਹਿ ਛੱਡੇ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਇਕ ਹੋਰ ਇਤਿਹਾਸ ਰਚ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੇ ਸਿਰੀ ਹਰੀਕੋਟਾ ਸਥਿਤ ਲਾਂਚਪੈਡ ਤੋਂ ਕਾਰਟੋਸੈਟ-2 ਐਸ ਸੈਟੇਲਾਈਟ ਦੇ ਨਾਲ 30 ਸਹਿ ਉਪ ਗ੍ਰਹਿ ਪੀ ਐੱਸ ਐੱਲ ਵੀ-ਸੀਤਲ ਲਾਂਚ ਵਹੀਕਲ ਰਾਹੀਂ ਛੱਡੇ ਗਏ। ਇਸ ਮੌਕੇ ਇਸਰੋ ਦੇ ਚੇਅਰਮੈਨ ਏ ਐੱਸ ਕਿਰਨ ਕੁਮਾਰ ਵੀ ਮੌਜੂਦ ਸਨ। ਉਨ੍ਹਾ ਸਾਥੀ ਵਿਗਿਆਨੀਆਂ ਨੂੰ ਵਧਾਈ ਦਿੱਤੀ। ਇਸ ਲਾਂਚ ਦੇ ਨਾਲ ਇਸਰੋ ਦੀ ਤਰਫ਼ੋਂ ਪੁਲਾੜ ਮਿਸ਼ਨਾਂ ਦੀ ਗਿਣਤੀ 90 ਹੋ ਗਈ ਹੈ। ਇਸ ਕਾਮਯਾਬੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸਰੋ ਨੂੰ ਵਧਾਈ ਦਿੱਤੀ ਹੈ।
ਧਰਤੀ 'ਤੇ ਨਜ਼ਰ ਰੱਖਣ ਲਈ ਛੱਡੇ ਗਏ 712 ਕਿਲੋਗ੍ਰਾਮ ਵਜ਼ਨੀ ਕਾਰਟੋਸੈਟ-2 ਲੜੀ ਦੇ ਇਸ ਉਪ ਗ੍ਰਹਿ ਦੇ ਨਾਲ ਕਰੀਬ 243 ਕਿਲੋਗ੍ਰਾਮ ਵਜ਼ਨ ਦੇ 30 ਹੋਰ ਨੈਨੋ ਸੈਟੇਲਾਈਟ ਵੀ ਇਕੋ ਵੇਲੇ ਨਾਲ ਹੀ ਛੱਡੇ ਗਏ। ਸਾਰੇ ਉਪ ਗ੍ਰਹਿਆਂ ਦਾ ਕੁੱਲ ਵਜ਼ਨ 955 ਕਿਲੋਗ੍ਰਾਮ ਹੈ। ਨਾਲ ਭੇਜੇ ਗਏ ਇਨ੍ਹਾਂ ਉਪ ਗ੍ਰਹਿਆਂ 'ਚ ਭਾਰਤ ਦੇ ਇਲਾਵਾ ਆਸਟਰੀਆ, ਬੈਲਜੀਅਮ, ਚਿੱਲੀ, ਚੈੱਕ ਗਣਰਾਜ, ਫਿਨਲੈਂਡ, ਫ਼ਰਾਂਸ, ਜਰਮਨੀ, ਇਟਲੀ, ਜਾਪਾਨ, ਬਰਤਾਨੀਆ ਅਤੇ ਅਮਰੀਕਾ ਸਮੇਤ 14 ਦੇਸ਼ਾਂ ਦੇ ਨੈਨੋ ਉਪ ਗ੍ਰਹਿ ਸ਼ਾਮਲ ਹਨ। 29 ਬਦੇਸ਼ੀ ਤੇ ਇੱਕ ਨੈਨੋ ਸੈਟੇਲਾਈਟ ਭਾਰਤ ਦਾ ਹੈ।
ਭਾਰਤ ਦੇ ਨੈਨੋ ਸੈਟਲਾਈਟ ਦਾ ਨਾਂਅ ਨਿਉਸੈੱਟ ਹੈ, ਜਿਸ ਦਾ ਵਜ਼ਨ ਮਹਿਜ਼ 15 ਕਿਲੋਗ੍ਰਾਮ ਹੈ। ਇਹ ਖੇਤੀ ਦੇ ਖੇਤਰ 'ਚ ਨਿਗਰਾਨੀ ਅਤੇ ਆਫ਼ਤ ਪ੍ਰਬੰਧਨ 'ਚ ਕੰਮ ਆਵੇਗਾ। ਇਸ ਸੈਟੇਲਾਈਟ ਲਾਂਚ ਨਾਲ ਭਾਰਤੀ ਫ਼ੌਜ ਨੂੰ ਵੀ ਫਾਇਦਾ ਹੋਵੇਗਾ, ਉਸ ਦੀ ਨਿਗਰਾਨੀ ਨਾਲ ਜੁੜੀ ਤਾਕਤ ਵਧੇਗੀ। ਅੱਤਵਾਦੀ ਕੈਂਪਾਂ ਤੇ ਬੰਕਰਾਂ ਦੀ ਸ਼ਨਾਖਤ ਕਰਨ ਤੇ ਉਨ੍ਹਾਂ 'ਤੇ ਨਜ਼ਰ ਰੱਖਣ 'ਚ ਮਦਦ ਮਿਲੇਗੀ।