ਮੋਦੀ ਦੀ ਮਹਿਮਾਨ-ਨਿਵਾਜ਼ੀ ਲਈ ਵ੍ਹਾਈਟ ਹਾਊਸ ਪੱਬਾਂ-ਭਾਰ


ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਦੀਆਂ ਤਿਆਰੀਆਂ ਕਰ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ 'ਚ ਸੋਮਵਾਰ ਨੂੰ ਉਨ੍ਹਾ ਲਈ ਰਾਤਰੀ ਭੋਜ ਦੇਣਗੇ, ਜੋ ਕਿ ਅਮਰੀਕੀ ਸਰਕਾਰ ਵੱਲੋਂ ਆਪਣੀ ਕਿਸਮ ਦੀ ਪਹਿਲੀ ਮੇਜ਼ਬਾਨੀ ਹੋਵੇਗੀ। ਅਮਰੀਕੀ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੋਦੀ ਦੀ ਅਮਰੀਕੀ ਫੇਰੀ ਦੀ ਪੂਰਵ ਸੰਧਿਆ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵ੍ਹਾਈਟ ਹਾਊਸ ਮੋਦੀ ਦੀ ਅਮਰੀਕੀ ਯਾਤਰਾ ਨੂੰ ਲੈ ਕੇ ਬਹੁਤ ਦਿਲਚਸਪੀ ਲੈ ਰਿਹਾ ਹੈ। ਉਨ੍ਹਾ ਕਿਹਾ ਕਿ ਵ੍ਹਾਈਟ ਹਾਊਸ ਸੱਚਮੁੱਚ ਮੋਦੀ ਦੇ ਸ਼ਾਨਦਾਰ ਸਵਾਗਤ ਲਈ ਸ਼ਾਨਦਾਰ ਤਿਆਰੀ ਕਰ ਰਿਹਾ ਹੈ। ਉਨ੍ਹਾ ਦੱਸਿਆ ਕਿ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵ੍ਹਾਈਟ ਹਾਊਸ 'ਚ ਰਾਤਰੀ ਭੋਜ ਕਰਨਗੇ। ਉਨ੍ਹਾ ਦੱਸਿਆ ਕਿ ਅਮਰੀਕੀ ਸਰਕਾਰ ਵੱਲੋਂ ਵ੍ਹਾਈਟ ਹਾਊਸ 'ਚ ਕਿਸੇ ਵਿਦੇਸ਼ੀ ਆਗੂ ਲਈ ਇਹ ਪਹਿਲਾ ਰਾਤਰੀ ਭੋਜ ਹੋਵੇਗਾ। ਇਸ ਲਈ ਉਹ ਸਮਝਦੇ ਹਨ ਕਿ ਇਹ ਬਹੁਤ ਹੀ ਅਹਿਮ ਪਲ ਹੋਣਗੇ।
ਪ੍ਰਧਾਨ ਮੰਤਰੀ ਮੋਦੀ ਐਤਵਾਰ ਤੜਕੇ ਤਿੰਨ ਵਜੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਪਹੁੰਚ ਗਏ। ਸੋਮਵਾਰ ਨੂੰ ਟਰੰਪ ਤੇ ਮੋਦੀ ਵਿਚਾਲੇ ਵਫ਼ਦ ਪੱਤਰ ਦੀ ਗੱਲਬਾਤ ਹੋਵੇਗੀ, ਜੋ ਕਿ ਰਾਤਰੀ ਭੋਜ ਨਾਲ ਸਮਾਪਤ ਹੋਵੇਗੀ। ਦੋਵਾਂ ਆਗੂਆਂ ਵਿਚਾਲੇ ਕੋਈ ਇੱਕ ਘੰਟਾ ਗੱਲਬਾਤ ਚੱਲੇਗੀ।
ਇਸ ਤੋਂ ਬਾਅਦ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਕੋਈ ਸਾਂਝੀ ਪ੍ਰੈੱਸ ਕਾਨਫ਼ਰੰਸ ਨਹੀਂ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਪ੍ਰੈੱਸ ਬਿਆਨ ਜਾਰੀ ਕਰਨ ਤੋਂ ਬਾਅਦ ਦੋਵੇਂ ਆਗੂ ਸਵਾਗਤ ਸਮਾਗਮ 'ਚ ਜਾਣਗੇ। ਇਸ ਤੋਂ ਬਾਅਦ ਰਾਤਰੀ ਭੋਜ ਹੋਵੇਗਾ।