ਦਲਿਤ ਬਨਾਮ ਦਲਿਤ ਨਹੀਂ; ਦੋ ਵਿਚਾਰਧਾਰਾਵਾਂ 'ਚ ਮੁਕਾਬਲਾ : ਮੀਰਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਅਤੇ ਕਾਂਗਰਸੀ ਆਗੂ ਮੀਰਾ ਕੁਮਾਰ ਗੁਜਰਾਤ ਦੇ ਸਾਬਰਮਤੀ ਆਸ਼ਰਮ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰੇਗੀ। ਉਨ੍ਹਾਂ ਰਾਸ਼ਟਰਪਤੀ ਚੋਣ ਨੂੰ ਦਲਿਤ ਬਨਾਮ ਦਲਿਤ ਦੇ ਨਜ਼ਰੀਏ ਨਾਲ ਦੇਖੇ ਜਾਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਸਮਾਜ ਦੀ ਸੋਚ ਦਾ ਪਤਾ ਲੱਗਦਾ ਹੈ। ਉਨ੍ਹਾ ਕਿਹਾ ਕਿ ਰਾਸ਼ਟਰਪਤੀ ਚੋਣ ਵਿੱਚ ਦਲਿਤ ਬਨਾਮ ਦਲਿਤ ਦਾ ਨਹੀਂ, ਸਗੋਂ ਦੋ ਵਿਚਾਰਧਾਰਾਵਾਂ ਵਿਚਾਲੇ ਮੁਕਾਬਲਾ ਹੈ। ਇਸੇ ਦੌਰਾਨ ਮੀਰਾ ਕੁਮਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਵੀਡੀਓ ਹਮਲੇ ਦਾ ਜਵਾਬ ਦੇਣ ਦੇ ਨਾਲ-ਨਾਲ ਬੰਗਲਾ ਵਿਵਾਦ ਬਾਰੇ ਵੀ ਸਫ਼ਾਈ ਦਿੱਤੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਵੀਡੀਓ ਅਟੈਕ ਦਾ ਜਵਾਬ ਦਿੰਦਿਆਂ ਮੀਰਾ ਕੁਮਾਰ ਨੇ ਕਿਹਾ ਹੈ ਕਿ ਉਸ ਸਮੇਂ ਸਾਰਿਆਂ ਨੇ ਆਪਣੇ-ਆਪਣੇ ਸਮਾਪਤੀ ਭਾਸ਼ਣ ਦਿੱਤੇ ਸਨ ਅਤੇ ਸਾਰਿਆਂ ਨੇ ਉਨ੍ਹਾਂ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਹੈ ਕਿ ਉਸ ਵੇਲੇ ਕਿਸੇ ਨੇ ਵੀ ਇਹ ਦੋਸ਼ ਨਹੀਂ ਲਾਇਆ ਸੀ ਕਿ ਉਨ੍ਹਾਂ ਦੀ ਕਾਰਜਸ਼ੈਲੀ ਪੱਖਪਾਤੀ ਹੈ। ਸੁਸ਼ਮਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਜਾਰੀ ਕਰਦਿਆਂ ਲੋਕ ਸਭਾ ਦੀ ਸਪੀਕਰ ਦੇ ਤੌਰ 'ਤੇ ਮੀਰਾ ਕੁਮਾਰ ਦੀ ਨਿਰਪੱਖਤਾ ਬਾਰੇ ਸਵਾਲ ਉਠਾਏ ਸਨ। ਉਨ੍ਹਾ ਕਿਹਾ ਸੀ ਕਿ ਛੇ ਮਿੰਟ ਦੇ ਭਾਸ਼ਣ ਦਰਮਿਆਨ ਮੀਰਾ ਕੁਮਾਰ ਨੇ ਉਨ੍ਹਾ ਨੂੰ 60 ਵਾਰੀ ਟੋਕਿਆ ਸੀ। ਲੋਕ ਸਭਾ ਸਪੀਕਰ ਰਹਿੰਦਿਆਂ ਆਪਣੇ ਅਸਰ-ਰਸੂਖ ਦੇ ਕੰਮ ਦੇ ਬੰਗਲੇ ਨੂੰ ਯਾਦਗਾਰ ਵਿੱਚ ਬਦਲਣ ਨਾਲ ਜੁੜੇ ਦੋਸ਼ਾਂ ਦਾ ਮੀਰਾ ਕੁਮਾਰ ਨੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਰੇ ਦੋਸ਼ ਬੇ-ਬੁਨਿਆਦ ਹਨ ਅਤੇ ਇਹ ਦੋਸ਼ ਉਨ੍ਹਾਂ ਦੀ ਛਬੀ ਨੂੰ ਖ਼ਰਾਬ ਕਰਨ ਲਈ ਲਾਏ ਜਾ ਰਹੇ ਹਨ। ਮੀਰਾ ਕੁਮਾਰ ਨੇ ਕਿਹਾ ਹੈ ਕਿ ਜਿੱਥੋਂ ਤੱਕ ਬੰਗਲੇ ਦਾ ਸਵਾਲ ਹੈ, ਇਹ ਸਰਕਾਰ ਨੇ ਇੱਕ ਸਰਕਾਰੀ ਸੰਸਥਾ ਨੂੰ ਦਫ਼ਤਰ ਬਣਾਉਣ ਲਈ ਦਿੱਤਾ ਸੀ। ਇਸ ਤੋਂ ਇਲਾਵਾ ਬੰਗਲੇ ਦਾ ਬਕਾਇਆ ਚੁਕਾਉਣ ਦੇ ਸਵਾਲ ਬਾਰੇ ਮੀਰਾ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਿਯਮਾਂ ਮੁਤਾਬਕ ਬਕਾਇਆ ਨਿਪਟਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੀਰਾ 'ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਕ੍ਰਿਸ਼ਨ ਮੈਨਨ ਮਾਰਗ 'ਤੇ ਮਿਲੇ ਬੰਗਲੇ ਨੂੰ 25 ਸਾਲਾਂ ਯਾਨੀ ਕਿ 2038 ਤੱਕ ਅਲਾਟ ਕਰਵਾ ਲਿਆ ਹੈ ਅਤੇ ਉਸ ਨੂੰ ਬਾਬੂ ਜਗਜੀਵਨ ਰਾਮ ਦੀ ਯਾਦਗਾਰ ਦੇ ਤੌਰ 'ਤੇ ਬਦਲ ਦਿੱਤਾ ਹੈ। ਨਿਤੀਸ਼ ਕੁਮਾਰ ਵੱਲੋਂ ਐੱਨ ਡੀ ਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਦਾ ਸਮੱਰਥਨ ਕਰਨ ਵਾਲੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੀਰਾ ਕੁਮਾਰ ਨੇ ਕਿਹਾ ਹੈ ਕਿ ਰਾਜਨੀਤਿ 'ਚ ਅਜਿਹਾ ਹੁੰਦਾ ਆਇਆ ਹੈ, ਇਹ ਕੋਈ ਨਵੀਂ ਗੱਲ ਨਹੀਂ। ਰਾਸ਼ਟਰਪਤੀ ਚੋਣ ਨੂੰ ਜਾਤੀ ਦੇ ਨਜ਼ਰੀਏ ਨਾਲ ਦੇਖੇ ਜਾਣ ਨੂੰ ਮੀਰਾ ਕੁਮਾਰ ਨੇ ਸਖ਼ਤ ਆਲੋਚਨਾ ਕੀਤੀ ਹੈ। ਮੀਰਾ ਕੁਮਾਰ ਨੇ ਕਿਹਾ ਹੈ ਕਿ ਅਨੇਕਾਂ ਵਾਰੀ ਉੱਚ ਜਾਤੀ ਦੇ ਉਮੀਦਵਾਰ ਰਾਸ਼ਟਰਪਤੀ ਦੀ ਚੋਣ ਲਈ ਖੜੇ ਹੁੰਦੇ ਆਏ ਹਨ, ਪਰ ਉਨ੍ਹਾਂ ਦੀ ਜਾਤ ਦੀ ਕਦੇ ਚਰਚਾ ਨਹੀਂ ਹੋਈ। ਉਨ੍ਹਾ ਕਿਹਾ ਕਿ ਹੁਣ ਰਾਸ਼ਟਰਪਤੀ ਦੀ ਚੋਣ ਨੂੰ ਦਲਿਤ ਬਨਾਮ ਦਲਿਤ ਦੀ ਚੋਣ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਉਸ ਤੋਂ ਪਤਾ ਲੱਗਦਾ ਹੈ ਕਿ 2017 ਵਿੱਚ ਸਾਡਾ ਸਮਾਜ ਕਿਵੇਂ ਸੋਚਦਾ ਹੈ।