ਵੀਜ਼ਾ ਹੋਣ ਦੇ ਬਾਵਜੂਦ ਸਿੱਖ ਯਾਤਰੀ ਨਹੀਂ ਜਾ ਸਕੇ ਪਾਕਿਸਤਾਨ


ਅੰਮ੍ਰਿਤਸਰ (ਜਸਬੀਰ ਸਿੰਘ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ 178ਵੀਂ ਬਰਸੀ ਮਨਾਉਣ ਲਈ ਸਿੱਖ ਜਥੇ ਨੂੰ ਪੂਰੀ ਤਿਆਰੀ ਦੇ ਬਾਵਜੂਦ ਪਾਕਿਸਤਾਨ ਨਹੀਂ ਜਾਣ ਦਿੱਤਾ ਗਿਆ। ਅਟਾਰੀ ਪਹੁੰਚੇ ਇਨ੍ਹਾਂ 300 ਸਿੱਖ ਯਾਤਰੀਆਂ ਕੋਲ ਪਾਕਿਸਤਾਨ ਦੇ ਵੀਜ਼ੇ ਵੀ ਸਨ।ਪਾਕਿਸਤਾਨ ਤੋਂ ਲੈਣ ਆਈ ਵਿਸ਼ੇਸ਼ ਰੇਲ ਗੱਡੀ ਵੀ ਇਨ੍ਹਾਂ ਦੇ ਸਾਹਮਣੇ ਸੀ, ਪਰ ਯਾਤਰੀਆਂ ਨੂੰ ਰੇਲ 'ਤੇ ਨਹੀਂ ਚੜ੍ਹਨ ਦਿੱਤਾ ਗਿਆ। ਭਾਰਤ ਸਰਕਾਰ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਅਸੀਂ ਆਪਣੇ ਦੇਸ਼ਵਾਸੀਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ।300 ਯਾਤਰੀਆਂ ਦੀ ਗਿਣਤੀ ਵਾਲਾ ਸਿੱਖ ਜਥਾ ਸਵੇਰੇ 8 ਵਜੇ ਅਟਾਰੀ ਸਰਹੱਦ ਪਹੁੰਚ ਗਿਆ ਸੀ।ਕਾਫੀ ਉਡੀਕ ਕਰਨ ਦੇ ਬਾਵਜੂਦ ਜਥੇ ਨੂੰ ਰੇਲ ਗੱਡੀ ਚੜ੍ਹਨ ਦੀ ਆਗਿਆ ਨਹੀਂ ਦਿੱਤੀ ਗਈ, ਕਿਉਂਕਿ ਭਾਰਤ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਪਾਕਿਸਤਾਨੋਂ ਆਈ ਰੇਲ ਗੱਡੀ ਸਰਹੱਦ ਪਾਰ ਕਰਕੇ ਅਟਾਰੀ ਰੇਲਵੇ ਸਟੇਸ਼ਨ 'ਤੇ ਨਹੀਂ ਪਹੁੰਚ ਸਕਦੀ।
ਭਾਰਤ ਸਰਕਾਰ ਨੇ ਕੁਝ ਦਿਨ ਪਹਿਲਾਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਐੱਸ ਜੀ ਪੀ ਸੀ ਰਾਹੀਂ ਭੇਜੇ ਯਾਤਰੀਆਂ ਦੇ ਵੀਜ਼ੇ ਰੱਦ ਕਰਦਿਆਂ ਕਿਹਾ ਸੀ ਕਿ ਕਮੇਟੀ ਸਿੱਖ ਯਾਤਰੀਆਂ ਨੂੰ ਆਪਣੀ ਜ਼ਿੰਮੇਵਾਰੀ 'ਤੇ ਪਾਕਿਸਤਾਨ ਜਾਣ ਲਈ ਕਹਿ ਸਕਦੀ ਹੈ, ਪਰ ਕੇਂਦਰ ਇਸ ਦੀ ਜ਼ਿੰਮੇਵਾਰੀ ਨਹੀਂ ਲਵੇਗੀ।ਕੇਂਦਰ ਦੀ ਹਦਾਇਤ ਤੋਂ ਬਾਅਦ ਕਮੇਟੀ ਨੇ ਜੱਥਾ ਭੇਜਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਇੱਕ ਸਿੱਖ ਸੰਸਥਾ ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਨਿੱਜੀ ਤੌਰ 'ਤੇ ਚਾਹਵਾਨ 300 ਸਿੱਖ ਯਾਤਰੀਆਂ ਦੇ ਪਾਕਿਸਤਾਨ ਜਾਣ ਦੇ ਪ੍ਰਬੰਧ ਕੀਤੇ ਗਏ। ਇਨ੍ਹਾਂ ਯਾਤਰੀਆਂ ਨੂੰ 10 ਦਿਨ ਦਾ ਪਾਕਿਸਤਾਨ ਵੀਜ਼ਾ ਮਿਲਿਆ ਸੀ। ਇਸ ਤਹਿਤ ਸੰਗਤ ਨੇ ਰਵਾਨਾ ਹੋ ਕੇ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਉਪਰੰਤ ਲਾਹੌਰ ਤੇ ਨਨਕਾਣਾ ਸਾਹਿਬ ਦੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨੇ ਸੀ।7 ਜੁਲਾਈ ਨੂੰ ਜਥੇ ਨੇ ਵਾਪਸ ਭਾਰਤ ਪਰਤਣਾ ਸੀ।
ਇਸ ਤੋਂ ਪਹਿਲਾਂ 8 ਜੂਨ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ ਮਨਾਉਣ ਲਈ ਵੀ 80 ਯਾਤਰੀਆਂ ਨੂੰ ਛੱਡ ਕੇ ਬਾਕੀ ਸੰਗਤ ਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ ਗਿਆ ਸੀ। ਧਾਰਮਿਕ ਯਾਤਰਾਵਾਂ 'ਤੇ ਪੈ ਰਿਹਾ ਅਸਰ ਭਾਰਤ-ਪਾਕਿਸਤਾਨ ਦੇ ਨਾਜ਼ੁਕ ਹੋ ਰਹੇ ਸੰਬੰਧਾਂ ਦਾ ਵੱਡਾ ਸਬੂਤ ਹੈ, ਕਿਉਂਕਿ ਧਾਰਮਿਕ ਯਾਤਰਾ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਕੜੀ ਦਾ ਕੰਮ ਕਰਦੀ ਹੈ।