ਪੈਨ ਲਈ ਜ਼ਰੂਰੀ ਹੋ ਜਾਵੇਗਾ ਆਧਾਰ ਕਾਰਡ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜੇ ਤੁਸੀਂ ਹਾਲੇ ਤੱਕ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨੰਬਰ ਨਾਲ ਨਹੀਂ ਜੋੜਿਆ ਤਾਂ ਜਲਦੀ ਇਹ ਕੰਮ ਕਰ ਲਓ, ਕਿਉਂਕਿ ਸਰਕਾਰ ਨੇ ਇਹ ਜ਼ਰੂਰੀ ਕਰ ਦਿੱਤਾ ਹੈ ਅਤੇ ਇਹ ਨਿਯਮ 1 ਜੁਲਾਈ ਤੋਂ ਲਾਗੂ ਹੋ ਜਾਵੇਗਾ। ਇਨਕਮ ਟੈਕਸ ਦੇ ਨਿਯਮਾਂ 'ਚ ਬਦਲਾਅ ਨੂੰ ਲੈ ਕੇ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਹੁਣ ਇੱਕ ਜੁਲਾਈ ਤੋਂ ਨਵਾਂ ਪੈਨ ਨੰਬਰ ਪ੍ਰਾਪਤ ਕਰਨ ਲਈ 12 ਅੰਕ ਦਾ ਆਧਾਰ ਨੰਬਰ ਦੇਣਾ ਜ਼ਰੂਰੀ ਹੋਵੇਗਾ। ਵਿੱਤ ਮੰਤਰੀ ਅਰੁਣ ਜੇਤਲੀ ਨੇ 2017-18 ਲਈ ਵਿੱਤ ਬਿੱਲ ਦੇ ਪ੍ਰਸਤਾਵ 'ਚ ਸੋਧ ਕਰਦੇ ਹੋਏ ਇਨਕਮ ਰਿਟਰਨਜ਼ ਫਾਈਲ ਕਰਨ ਵਾਲਿਆਂ ਲਈ ਆਧਾਰ ਨੂੰ ਜ਼ਰੂਰੀ ਬਣਾਇਆ ਸੀ। ਇਸ ਦੇ ਇਲਾਵਾ ਪੈਨ ਨੂੰ ਆਧਾਰ ਨਾਲ ਜੋੜਨਾ ਵੀ ਜ਼ਰੂਰੀ ਕੀਤਾ ਗਿਆ ਸੀ, ਜਿਸ ਨਾਲ ਪੈਨ ਕਾਰਡ ਦੇ ਇਸਤੇਮਾਲ ਜ਼ਰੀਏ ਟੌਕਨ ਚੋਰੀ ਨੂੰ ਰੋਕਿਆ ਜਾ ਸਕੇ। ਮਾਲ ਵਿਭਾਗ ਨੇ ਕਿਹਾ ਹੈ ਕਿ ਹਰੇਕ ਵਿਅਕਤੀ, ਜਿਸ ਨੂੰ ਇੱਕ ਜੁਲਾਈ ਤੋਂ 2017 ਤੱਕ ਪੈਨ ਨੰਬਰ ਉਪਲੱਬਧ ਕਰਾ ਦਿੱਤਾ ਗਿਆ ਹੈ, ਉਸ ਨੂੰ ਇਨਕਮ ਟੈਕਸ ਦੀ ਧਾਰਾ 139-ਏ ਏ ਦੀ ਸਬ ਸੈਕਸ਼ਨ-2 ਦੇ ਪ੍ਰਬੰਧ ਤਹਿਤ ਆਧਾਰ ਨੰਬਰ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਦੇਣੀ ਹੋਵੇਗੀ। ਮਾਲ ਵਿਭਾਗ ਨੇ ਆਈ ਟੀ ਐਕਟ ਦੀ ਧਾਰਾ 114 'ਚ ਸੁਧਾਰ ਕਰਦੇ ਹੋਏ ਕਿਹਾ ਕਿ ਇਸ ਨਿਯਮ ਨੂੰ ਇੱਕ ਜੁਲਾਈ 2017 ਤੋਂ ਲਾਗੂ ਕਰ ਦਿੱਤਾ ਜਾਵੇਗਾ। ਇੱਕ ਅਨੁਮਾਨ ਮੁਤਾਬਕ ਕਰੀਬ 2.67 ਕਰੋੜ ਕਰਦਾਤਾ ਪੈਨ ਨਾਲ ਆਧਾਰ ਨੂੰ ਲਿੰਕ ਕਰ ਚੁੱਕੇ ਹਨ। ਦੇਸ਼ 'ਚ ਕੁੱਲ 111 ਕਰੋੜ ਲੋਕਾਂ ਕੋਲ ਆਧਾਰ ਹੈ, ਜਦ ਕਿ ਮਾਤਰ 25 ਕਰੋੜ ਲੋਕਾਂ ਕੋਲ ਹੀ ਪੈਨ ਕਾਰਡ ਹੈ। ਹਾਲ 'ਚ ਸੁਪਰੀਮ ਕੋਰਟ ਵੱਲੋਂ ਆਈ ਟੀ ਐਕਟ ਦੇ ਪ੍ਰਬੰਧਾਂ ਨੂੰ ਠੀਕ ਠਹਿਰਾਇਆ ਗਿਆ ਸੀ, ਹਾਲਾਂਕਿ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਦੁਆਰਾ ਫੈਸਲਾ ਸੁਣਾਏ ਜਾਣ ਤੱਕ ਇਸ 'ਤੇ ਰੋਕ ਲਗਾ ਦਿੱਤਾ ਗਈ ਸੀ, ਪਰ ਹੁਣ ਜੇ ਆਧਾਰ ਅਤੇ ਪੈਨ ਕਾਰਡ ਦਾ ਲਿੰਕ ਨਾ ਕੀਤਾ ਗਿਆ ਤਾਂ ਪੈਨ ਕਾਰਡ ਰਿਜ਼ੈਕਟ ਕੀਤਾ ਜਾ ਸਕਦਾ ਹੈ। ਅਜਿਹੀ ਸਥਿਤੀ 'ਚ ਮੌਜੂਦਾ ਵਿੱਤੀ ਸਾਲ 'ਚ ਉਹ ਆਪਣਾ ਇਨਕਮ ਟੈਕਸ ਰਿਟਰਨ ਨਹੀਂ ਭਰ ਸਕਦੇ, ਕਿਉਂਕਿ ਟੈਕਸ ਰਿਟਰਨ ਭਰਨ ਲਈ ਆਧਾਰ ਅਤੇ ਪੈਨ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਮੌਜੂਦਾ ਸਮੇਂ 'ਚ ਦੇਸ਼ 'ਚ 24.36 ਕਰੋੜ ਤੋਂ ਵਧੇਰੇ ਪੈਨ ਕਾਰਡ ਹਨ ਅਤੇ 113 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਆਧਾਰ ਕਾਰਡ ਬਣਾਇਆ ਜਾ ਚੱੁੱਕਾ ਹੈ। ਇਹਨਾਂ 'ਚੋਂ ਮਹਿਜ਼ 2.87 ਕਰੋੜ ਲੋਕਾਂ ਨੇ 2012-13 ਦੌਰਾਨ ਟੈਕਸ ਰਿਟਰਨ ਜਮ੍ਹਾ ਕੀਤਾ ਸੀ। ਇਹਨਾਂ 2.87 ਕਰੋੜ ਲੋਕਾਂ 'ਚੋਂ 1.62 ਕਰੋੜ ਲੋਕਾਂ ਨੇ ਟੈਕਸ ਰਿਟਰਨ ਦਾਖਲ ਤਾਂ ਕੀਤਾ, ਪਰ ਟੈਕਸ 'ਚ ਇੱਕ ਵੀ ਰੁਪਏ ਦਾ ਭੁਗਤਾਨ ਨਹੀਂ ਕੀਤਾ। ਅਜਿਹਾ ਇਸ ਲਈ ਕਿ ਵੱਡੀ ਗਿਣਤੀ 'ਚ ਲੋਕ ਟੈਕਸ ਚੋਰੀ ਕਰ ਲੈਂਦੇ ਹਨ ਜਾਂ ਟੈਕਸ ਦੇਣ ਤੋਂ ਬਚ ਜਾਂਦੇ ਹਨ। ਲਿਹਾਜ਼ਾ ਦੇਸ਼ 'ਚ ਟੈਕਸ ਕੁਲੈਕਸ਼ਨ ਵਧਾਉਣ ਲਈ ਇਨਕਮ ਟੈਕਸ ਵਿਭਾਗ ਨੇ ਰਿਟਰਨ ਦਾਖਲ ਕਰਨ ਲਈ ਆਧਾਰ ਨਾਲ ਲਿੰਕ ਨੂੰ ਜ਼ਰੂਰੀ ਕਰ ਦਿੱਤਾ ਹੈ। ਇਸ ਲਿੰਕ ਬਾਅਦ ਟੈਕਸ ਚੋਰੀ ਨੂੰ ਰੋਕਣਾ ਅਸਾਨ ਹੋ ਜਾਵੇਗਾ।